ਵਿਸਾਖੀ ਮੇਲੇ ਮੌਕੇ ਵੱਖ-ਵੱਖ ਪਾਰਟੀਆਂ ਵੱਲੋਂ ਸਿਆਸੀ ਕਾਨਫਰੰਸਾਂ
ਤਲਵੰਡੀ ਸਾਬੋ 13 ਅਪਰੈਲ
ਸਿੱਖ ਕੌਮ ਦੇ ਚੌਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਚੱਲ ਰਹੇ ਵਿਸਾਖੀ ਮੇਲੇ ਦੇ ਅੱਜ ਤੀਜੇ ਦਿਨ ਸ਼੍ਰੋਮਣੀ ਅਕਾਲੀ ਦਲ (ਬ), ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਅਕਾਲੀ ਦਲ ਵਾਰਿਸ ਪੰਜਾਬ ਦੇ, ਸਮਾਜ ਸੇਵੀ ਲੱਖਾ ਸਧਾਣਾ ਅਤੇ ਬਸਪਾ ਵੱਲੋਂ ਸਿਆਸੀ ਕਾਨਫਰੰਸਾਂ ਕੀਤੀ ਗਈਆਂ ਜਿਨ੍ਹਾਂ ਪਾਰਟੀ ਪ੍ਰਧਾਨਾਂ ਅਤੇ ਹੋਰ ਸੀਨੀਅਰ ਆਗੂਆਂ ਨੇ ਸੰਬੋਧਨ ਕੀਤਾ। ਕਾਨਫਰੰਸਾਂ ’ਚ ਜਿੱਥੇ ਪੰਜਾਬ ਦੇ ਮੁੱਦਿਆਂ ਦੀ ਗੱਲ ਕੀਤੀ ਗਈ ਉੱਥੇ ਪਾਰਟੀਆਂ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦਾ ਵੀ ਬਿਗਲ ਵਜਾਇਆ।
ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਦੀ ਕਾਨਫਰੰਸ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਪੰਥਕ ਮਸਲਿਆਂ, ਸਿੱਖ ਕੌਮ ਦੀ ਭਵਿੱਖ ਨੀਤੀ ਅਤੇ ਪੰਜਾਬ ਦੀ ਮੌਜੂਦਾ ਸਥਿਤੀ ’ਤੇ ਗੱਲ ਕੀਤੀ। ਕਾਨਫਰੰਸ ਨੂੰ ਫਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ, ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ, ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ, ਜਸਕਰਨ ਸਿੰਘ ਕਾਹਨ ਸਿੰਘ ਵਾਲਾ ਤੇ ਇਮਾਨ ਸਿੰਘ ਖਾਰਾ ਆਦਿ ਬੁਲਾਰਿਆਂ ਨੇ ਸੰਬੋਧਨ ਕੀਤਾ।
ਬੁਲਾਰਿਆਂ ਨੇ ਕਿਹਾ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਨੇ ਪੰਜਾਬ ’ਚ ਭਰੋਸੇਯੋਗ ਪ੍ਰਸ਼ਾਸਨ ਦੀ ਲੋੜ, ਕਿਸਾਨ, ਮਜ਼ਦੂਰ, ਵਪਾਰੀ ਵਰਗ ਅਤੇ ਨੌਜਵਾਨਾਂ ਦੀ ਹੱਕੀ ਲੜਾਈ ਨੂੰ ਤਰਜੀਹ ਦੇਣ ਦਾ ਮੁੱਖ ਏਜੰਡਾ ਰੱਖਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਕਥਿਤ ਸਰਕਾਰੀ ਧੱਕੇਸ਼ਾਹੀ, ਪੰਜਾਬ ਤੇ ਸਿੱਖ ਵਿਰੋਧੀ ਫ਼ੈਸਲੇ, ਬਾਹਰਲਿਆਂ ਨੂੰ ਨੌਕਰੀਆਂ ਦੇਣੀਆਂ ਤੇ ਸੂਬੇ ਦੇ ਨੌਜਵਾਨਾਂ ਦੀ ਬੇਰੁਜ਼ਗਾਰੀ ਗੰਭੀਰ ਮੁੱਦੇ ਹਨ। ਉਨ੍ਹਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਸਣੇ ਜੇਲ੍ਹਾਂ ’ਚ ਬੰਦ ਬੇਗੁਨਾਹ ਸਿੱਖ ਨੌਜਵਾਨਾਂ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸਿੱਖ ਨੌਜਵਾਨਾਂ ਦੀਆਂ ਗੈਰਕਾਨੂੰਨੀ ਗ੍ਰਿਫ਼ਤਾਰੀਆਂ ਸਿੱਖ ਪੰਥ ਦੀ ਆਜ਼ਾਦੀ ਤੇ ਹੱਕਾਂ ’ਤੇ ਹਮਲਾ ਹਨ। ਬੁਲਾਰਿਆਂ ਨੇ ਇਹ ਵੀ ਕਿਹਾ ਕਿ ਸਿੱਖ ਪੰਥ ਦੇ ਅਧਿਕਾਰਾਂ ’ਤੇ ਹੋ ਰਹੇ ਹਮਲਿਆਂ ਨੂੰ ਰੋਕਣ ਲਈ ਵਿਸ਼ੇਸ਼ ਨੀਤੀ ਬਣਾਉਣ ਦੀ ਲੋੜ ਹੈ। ਬੁਲਾਰਿਆਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ’ਚ ਪਾਰਦਰਸ਼ਤਾ ਲਿਆਉਣ ਦੀ ਲੋੜ ਅਤੇ ਸੂਬੇ ’ਚ ਬੇਰੁਜ਼ਗਾਰੀ ਨੂੰ ਠੱਲ੍ਹਣ ਲਈ ਠੋਸ ਨੀਤੀ ਬਣਾਉਣ ’ਤੇ ਜ਼ੋਰ ਦਿੱਤਾ। ਆਗੂਆਂ ਨੇ ਹੋਰ ਰੋਜ਼ ਨੌਜਵਾਨਾਂ ਦੇ ਕਥਿਤ ਝੂਠੇ ਪੁਲੀਸ ਮੁਕਾਬਲੇ ਬਣਾਉਣ ਦੀ ਨਿਖੇਧੀ ਕੀਤੀ।
‘ਆਪ’ ਸਰਕਾਰ ਨੇ ਦਲਿਤ ਭਲਾਈ ਸਕੀਮਾਂ ਕੀਤੀਆਂ ਬੰਦ: ਕਰੀਮਪੁਰੀ
ਵਿਸਾਖੀ ਜੋੜ ਮੇਲੇ ਮੌਕੇ ਬਸਪਾ ਦੀ ਸਿਆਸੀ ਕਾਨਫਰੰਸ ਵਿੱਚ ਬਸਪਾ ਦੇ ਸੂਬਾਈ ਪ੍ਰਧਾਨ ਨੇ ਲੋਕਾਂ ਤੋਂ ਮੰਗਿਆ ਇੱਕ ਮੌਕਾ
ਤਲਵੰਡੀ ਸਾਬੋ: ਇੱਥੇ ਅੱਜ ਵਿਸਾਖੀ ਮੇਲੇ ਮੌਕੇ ਬਹੁਜਨ ਸਮਾਜ ਪਾਰਟੀ ਨੇ ਸਿਆਸੀ ਕਾਨਫਰੰਸ ਕਰਦਿਆਂ ਰਾਜ ਦੀ ਪ੍ਰਾਪਤੀ ਲਈ ਬਹੁਜਨ ਸਮਾਜ ਨੂੰ ਇੱਕ ਹੋਣ ਦੀ ਅਪੀਲ ਕੀਤੀ। ਕਾਨਫਰੰਸ ਨੂੰ ਸਬੋਧਨ ਕਰਦਿਆਂ ਬਸਪਾ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਪੰਜਾਬ ਵਿੱਚ ਬਦਲਾਅ ਦੇ ਨਾਂ ’ਤੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੇ ਕਾਰਜਕਾਲ ਦੌਰਾਨ ਦਲਿਤਾਂ ਅਤੇ ਪਛੜੇ ਵਰਗਾਂ ਦੇ ਲੋਕਾਂ ਲਈ ਹਾਲਾਤ ਹੋਰ ਵੀ ਮਾੜੇ ਬਣ ਗਏ ਹਨ। ਇਸ ਸਰਕਾਰ ਨੇ ਜਿੱਥੇ ਦਲਿਤ ਭਲਾਈ ਸਕੀਮਾਂ ਤਕਰੀਬਨ ਬੰਦ ਹੀ ਕਰ ਦਿੱਤੀਆਂ ਹਨ, ਉੱਥੇ ਪੰਜਾਬ ਦੇ ਕਿਸਾਨੀ ਸੰਘਰਸ਼ ਨੂੰ ਸੱਟ ਮਾਰ ਕੇ ਇਹ ਦੱਸ ਦਿੱਤਾ ਹੈ ਕਿ ਉਨ੍ਹਾਂ ਦਾ ਪੰਜਾਬ ਜਾਂ ਪੰਜਾਬੀਆਂ ਦੇ ਸਰੋਕਾਰਾਂ ਨਾਲ ਕੋਈ ਵਾਹ ਵਾਸਤਾ ਨਹੀਂ। ਬਸਪਾ ਦੇ ਸੂਬਾਈ ਪ੍ਰਧਾਨ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤਾਂ ਦੀ ਇਸ ਸਰਕਾਰ ਵਿੱਚ ਲਗਾਤਾਰ ਬੇਅਦਬੀ ਹੋ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਹੁਣ ਲੋਕ 2027 ਵਿੱਚ ਬਸਪਾ ਨੂੰ ਇੱਕ ਮੌਕਾ ਦੇਣ। ਇਸ ਮੌਕੇ ਬਸਪਾ ਇੰਚਾਰਜ ਕੁਲਦੀਪ ਸਿੰਘ ਸਰਦੂਲਗੜ੍ਹ, ਸੂਬਾ ਜ਼ੋਨ ਇੰਚਾਰਜ ਮਾ. ਜਗਦੀਪ ਸਿੰਘ ਗੋਗੀ, ਲਖਵੀਰ ਸਿੰਘ ਨਿੱਕਾ, ਮੀਨਾ ਰਾਣੀ, ਸ਼ੀਲਾ ਰਾਣੀ, ਐਡਵੋਕੇਟ ਨਿਰਮਲ ਸਿੰਘ, ਐਡਵੋਕੇਟ ਰਾਜਿੰਦਰ ਰਾਜੂ, ਮਹਿੰਦਰ ਭੱਟੀ, ਰਾਜਿੰਦਰ ਸਿੰਘ ਭੀਖੀ, ਜੋਗਿੰਦਰ ਸਿੰਘ, ਜ਼ਿਲ੍ਹਾ ਪ੍ਰਧਾਨ ਬਾਬੂ ਸਿੰਘ ਮੌਜੂਦ ਸਨ।