ਅਖਾੜਾ ਮੋਰਚਾ: ਪੁਲੀਸ ਦੇ ਜਬਰ ਮਗਰੋਂ ਮੁੜ ਜੁੜਿਆ ਲੋਕਾਂ ਦਾ ਇਕੱਠ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 27 ਅਪਰੈਲ
ਇੱਥੋਂ ਨੇੜਲੇ ਪਿੰਡ ਅਖਾੜਾ ਵਿੱਚ ਗੈਸ ਫੈਕਟਰੀ ਵਿਰੋਧੀ ਪੱਕਾ ਮੋਰਚਾ ਖਦੇੜਨ ਲਈ ਪੁਲੀਸ ਵੱਲੋਂ ਕੱਲ੍ਹ ਢਾਹੇ ਜਬਰ ਤੋਂ ਬਾਅਦ ਅੱਜ ਮੁੜ ਲੋਕਾਂ ਦਾ ਇਕੱਠ ਜੁੜਿਆ। ਬੀਕੇਯੂ ਏਕਤਾ (ਡਕੌਂਦਾ) ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਅੱਜ ਪੀੜਤਾਂ ਅਤੇ ਪਿੰਡ ਵਾਸੀਆਂ ਦੀ ਸਾਰ ਲੈਣ ਲਈ ਪੁੱਜੇ। ਇਸ ਮੌਕੇ ਇਕੱਤਰਤਾ ਵਿੱਚ ਸੰਘਰਸ਼ ਦੀ 30 ਅਪਰੈਲ ਨੂੰ ਆ ਰਹੀ ਵਰ੍ਹੇਗੰਢ ਮੌਕੇ ਜਬਰ ਵਿਰੋਧੀ ਵਿਸ਼ਾਲ ਕਾਨਫਰੰਸ ਦਾ ਐਲਾਨ ਕੀਤਾ ਗਿਆ।
ਇਸ ਦੌਰਾਨ ਮਨਜੀਤ ਸਿੰਘ ਧਨੇਰ ਨੇ ਅਖਾੜਾ ਵਾਸੀਆਂ ਦੇ ਸਿਦਕ ਅਤੇ ਸਬਰ ਦੀ ਸ਼ਲਾਘਾ ਕੀਤੀ। ਉਨ੍ਹਾਂ ਲੋਕਾਂ ਉੱਪਰ ਪੁਲੀਸ ਵੱਲੋਂ ਢਾਹੇ ਜਬਰ ਦੀ ਨਿਖੇਧੀ ਕੀਤੀ। ਲੁਧਿਆਣਾ, ਬਰਨਾਲਾ ਅਤੇ ਮੋਗਾ ਜ਼ਿਲ੍ਹਿਆਂ ਵਿੱਚੋਂ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਕਿਸਾਨ ਆਗੂਆਂ ਤੇ ਵਰਕਰਾਂ ਸਣੇ ਪਿੰਡ ਦੀਆਂ ਛੇ ਬੀਬੀਆਂ ਨੂੰ ਜਥੇਬੰਦਕ ਸੰਘਰਸ਼ ਦੇ ਜ਼ੋਰ ’ਤੇ ਰਿਹਾਅ ਕਰਵਾਉਣ ਅਤੇ ਸੰਘਰਸ਼ ਮੋਰਚਾ ਜਾਰੀ ਰੱਖਣ ਨੂੰ ਪਿੰਡ ਵਾਸੀਆਂ ਦੀ ਜਿੱਤ ਕਰਾਰ ਦਿੱਤਾ ਗਿਆ। ਮੀਟਿੰਗ ਵਿੱਚ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਕਿ ਜਿਸ ਢੰਗ ਨਾਲ ਪੰਜ ਜ਼ਿਲ੍ਹਿਆਂ ਦੀ ਪੁਲੀਸ ਵੱਲੋਂ ਹਜ਼ਾਰਾਂ ਦੀ ਗਿਣਤੀ ਵਿੱਚ ਆ ਕੇ ਸੰਘਰਸ਼ ਮੋਰਚੇ ਦਾ ਸ਼ੈੱਡ ਢਾਹਿਆ ਗਿਆ, ਸਾਮਾਨ ਦੀ ਭੰਨਤੋੜ ਤੇ ਖੁਰਦ-ਬੁਰਦ ਕੀਤਾ, ਲਾਠੀਚਾਰਜ ਕੀਤਾ ਗਿਆ, ਉਸ ਦਾ ਭਗਵੰਤ ਮਾਨ ਸਰਕਾਰ ਨੂੰ ਸਿਆਸੀ ਖ਼ਮਿਆਜ਼ਾ ਭੁਗਤਣਾ ਪਵੇਗਾ।
ਸ੍ਰੀ ਧਨੇਰ ਨੇ ਕਿਹਾ ਕਿ ਇਕ ਪਾਸੇ ਪਿੰਡ ਦਾ ਬੱਚਾ-ਬੱਚਾ ਇੱਕ ਸਾਲ ਤੋਂ ਗੈਸ ਫੈਕਟਰੀ ਬੰਦ ਕਰਾਉਣ ਲਈ ਡਟਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਹਜ਼ਾਰਾਂ ਲੋਕਾਂ ਦੀ ਗੱਲ ਸੁਣਨ ਦੀ ਥਾਂ ਇੱਕ ਵਿਅਕਤੀ ਨੂੰ ਪਹਿਲ ਦੇ ਕੇ ਲੋਕ ਵਿਰੋਧੀ ਹੋਣ ਦਾ ਸਬੂਤ ਦੇ ਰਹੀ ਹੈ। ਸੰਵਿਧਾਨ ਮੁਤਾਬਕ ਗਰਾਮ ਪੰਚਾਇਤ ਲੋਕਤੰਤਰ ਦੀ ਮੁੱਢਲੀ ਪਾਰਲੀਮੈਂਟ ਹੈ ਤੇ ਪੰਚਾਇਤ ਮਤਾ ਪਾ ਕੇ ਇਸ ਫੈਕਟਰੀ ਨੂੰ ਇੱਥੋਂ ਹਟਾਉਣ ਦੀ ਮੰਗ ਕਰ ਰਹੀ ਹੈ ਪਰ ਉਸ ਨੂੰ ਪਹਿਲ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਾਈ ਕੋਰਟ ਵਿੱਚ ਲੋਕਾਂ ਦੇ ਪੱਖ ਨੂੰ ਮਜ਼ਬੂਤੀ ਨਾਲ ਰੱਖਣ ਦੀ ਥਾਂ ਫੈਕਟਰੀ ਮਾਲਕ ਦੇ ਪੱਖ ’ਚ ਭੁਗਤ ਰਹੀ ਹੈ। ਮੀਟਿੰਗ ਵਿੱਚ ਸੰਘਰਸ਼ ਮੋਰਚੇ ਨੂੰ ਪੂਰੇ ਜ਼ੋਰ ਨਾਲ ਜਾਰੀ ਰੱਖਣ ਤੇ ਜਿੱਤ ਤੱਕ ਲਿਜਾਣ ਦਾ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ।
ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਨੇ ਦੱਸਿਆ ਕਿ ਭਲਕੇ ਪੁਲੀਸ ਜਬਰ ਖ਼ਿਲਾਫ਼ ਡੀਸੀ ਨੂੰ ਮੰਗ ਪੱਤਰ ਦਿੱਤਾ ਜਾਵੇਗਾ। ਇਸ ਦੌਰਾਨ ਕੰਵਲਜੀਤ ਖੰਨਾ, ਇੰਦਰਜੀਤ ਸਿੰਘ ਧਾਲੀਵਾਲ, ਤਰਸੇਮ ਸਿੰਘ ਬੱਸੂਵਾਲ, ਗੁਰਤੇਜ ਸਿੰਘ ਤੇਜੀ, ਸੁਖਜੀਤ ਸਿੰਘ, ਜਸਵੀਰ ਸਿੰਘ ਸਰਪੰਚ ਅਤੇ ਕਮੇਟੀ ਮੈਂਬਰ ਹਾਜ਼ਰ ਸਨ।