ਵਿਦਰੋਹੀ ਸੁਰ ਵਾਲਾ ਸ਼ਾਇਰ ਡਾ. ਜਗਤਾਰ
ਪ੍ਰਿਤਪਾਲ ਸਿੰਘ ਮਹਿਰੋਕ
ਡਾ. ਜਗਤਾਰ ਪੰਜਾਬੀ ਦਾ ਪ੍ਰਮੁੱਖ ਕਵੀ ਹੈ ਜਿਸ ਨੇ ਗੁਣਾਤਮਿਕ ਤੇ ਗਿਣਾਤਮਿਕ ਦੋਵੇਂ ਪੱਖਾਂ ਤੋਂ ਭਰਪੂਰ ਰਚਨ ਕੀਤੀ ਹੈ। ਪ੍ਰੌਢ ਤੇ ਉਸਤਾਦ ਕਵੀ ਹੋਣ ਦਾ ਰੁਤਬਾ ਪ੍ਰਾਪਤ ਕਰਨ ਵਾਲਾ ਡਾ. ਜਗਤਾਰ ਗਹਿਰ ਗੰਭੀਰ ਚਿੰਤਕ, ਖੋਜੀ, ਅਨੁਵਾਦਕ, ਸੰਪਾਦਕ ਅਤੇ ਸਾਹਿਤ ਤੇ ਕਲਾ ਦੇ ਆਲੋਚਕ ਵਜੋਂ ਵੀ ਜਾਣਿਆ ਜਾਂਦਾ ਹੈ। ਪਾਕਿਸਤਾਨ ਦੇ ਪੰਜਾਬੀ ਸਾਹਿਤ ਬਾਰੇ ਭਰਪੂਰ ਖੋਜ ਕਰਨ ਦੇ ਨਾਲ ਨਾਲ ਉੱਥੋਂ ਦੇ ਆਪਣੇ ਕੁਝ ਮਨਪਸੰਦ ਸਾਹਿਤ ਦੇ ਗੁਰਮੁਖੀ ਵਿੱਚ ਲਿਪੀਆਂਤਰ ਅਤੇ ਸੰਪਾਦਨ ਦੇ ਕਾਰਜ ਨੂੰ ਵੀ ਡਾ.ਜਗਤਾਰ ਨੇ ਬਾਖ਼ੂਬੀ ਅੰਜਾਮ ਦਿੱਤਾ ਹੈ। ਲਹਿੰਦੇ ਪੰਜਾਬ ਵਿੱਚ ਰਚੇ ਜਾ ਰਹੇ ਪੰਜਾਬੀ ਸਾਹਿਤ ’ਤੇ ਖੋਜ ਕਾਰਜ ਨਾਲ ਵੀ ਉਹ ਬਹੁਤ ਨੇੜਿਉਂ ਹੋ ਕੇ ਵਾਬਸਤਾ ਰਿਹਾ। ਪੰਜਾਬ ਦੇ ਕਿਲ੍ਹਿਆਂ, ਸਿੱਕਿਆਂ, ਕੰਧ ਚਿੱਤਰਾਂ, ਲੋਕਧਾਰਾ ਤੇ ਪਸ਼ੂ-ਪੰਛੀਆਂ ਦੇ ਸੰਸਾਰ ਦਾ ਵੀ ਉਸ ਨੇ ਦੀਰਘ ਅਧਿਐਨ ਕੀਤਾ। ਫੋਟੋਗ੍ਰਾਫੀ ਦੇ ਮਹਿੰਗੇ ਸ਼ੌਕ ਨੂੰ ਵੀ ਉਹ ਬਾਦਸਤੂਰ ਪਾਲਦਾ ਰਿਹਾ। ਦੇਸ਼ ਵਿਦੇਸ਼ ਵਿੱਚ ਘੁੰਮਣ ਤੋਂ ਇਲਾਵਾ ਉੱਥੋਂ ਦੇ ਸਮਾਜਿਕ, ਆਰਥਿਕ, ਸੱਭਿਆਚਾਰਕ, ਭੂਗੋਲਿਕ ਤੇ ਹੋਰ ਸਰੋਕਾਰਾਂ ਦਾ ਅਧਿਐਨ ਵੀ ਉਸ ਨੇ ਕੀਤਾ। ਅਜਿਹੇ ਬਹੁਪੱਖੀ ਅਧਿਐਨ ਕਰਨ ਦੇ ਸ਼ੌਕ ਨੂੰ ਉਸ ਨੇ ਜਨੂੰਨ ਦੀ ਹੱਦ ਤੱਕ ਨਿਭਾਇਆ। ਦੂਰ ਦੁਰੇਡੇ ਦੀਆਂ ਆਪਣੀ ਦਿਲਚਸਪੀ ਦੀਆਂ ਥਾਵਾਂ ਨੂੰ ਵੇਖਣ ਦੇ ਸ਼ੌਕ ਨੂੰ ਕਈ ਵਾਰ ਸਿਹਤ ਖਰਾਬ ਹੋਣ ਦੇ ਬਾਵਜੂਦ ਉਹ ਪੂਰਿਆਂ ਕਰ ਲੈਂਦਾ ਰਿਹਾ।
ਡਾ. ਜਗਤਾਰ ਨੇ ਪਹਿਲਾਂ ਸਕੂਲ ’ਚ ਨੌਕਰੀ ਕੀਤੀ ਪਰ ਟਿਕ ਕੇ ਨਾ ਬੈਠਣ ਤੇ ਹਮੇਸ਼ਾ ਕੁਝ ਨਵਾਂ ਕਰਦੇ ਰਹਿਣ ਦੀ ਰੁਚੀ ਨੇ ਉਸ ਨੂੰ ਖੋਜ ਕਾਰਜ ਲਈ ਪੰਜਾਬ ਯੂਨੀਵਰਸਿਟੀ ਤੋਰ ਦਿੱਤਾ। ਉੱਥੇ ਪੀਐੱਚ.ਡੀ. ਲਈ ਖੋਜ ਕਾਰਜ ਆਰੰਭ ਕੀਤਾ। 1976 ਈ. ਵਿੱਚ ਬਤੌਰ ਲੈਕਚਰਰ ਉਸ ਦੀ ਨਿਯੁਕਤੀ ਸਰਕਾਰੀ ਕਾਲਜ ਹੁਸ਼ਿਆਰਪੁਰ ਵਿਖੇ ਹੋ ਗਈ। ਇੱਥੇ ਐੱਮ.ਏ. ਪੰਜਾਬੀ ਦੀਆਂ ਜਮਾਤਾਂ ਨੂੰ ਪੜ੍ਹਾਉਣ ਦੇ ਨਾਲ ਨਾਲ ਉਹ ਆਪਣੀ ਸਿਰਜਣਾਤਮਿਕਤਾ ਅਤੇ ਖੋਜ ਕਾਰਜ ਨਾਲ ਵੀ ਜੁੜਿਆ ਰਿਹਾ। ਸਰਕਾਰੀ ਕਾਲਜ ਹੁਸ਼ਿਆਰਪੁਰ ਤੋਂ ਸੇਵਾ ਨਵਿਰਤੀ ਪਿੱਛੋਂ ਵੀ ਉਹ ਅਧਿਐਨ ਅਧਿਆਪਨ, ਖੋਜ ਕਾਰਜ, ਅਨੁਵਾਦ/ਸੰਪਾਦਨ ਕਾਰਜ ਨਾਲ ਜੁੜੇ ਰਹਿਣ, ਸੈਮੀਨਾਰਾਂ ਵਿੱਚ ਭਾਗ ਲੈਣ ਤੇ ਸੈਮੀਨਾਰਾਂ ਦਾ ਆਯੋਜਨ ਆਦਿ ਕਰਨ ਵਿੱਚ ਵੀ ਰੁੱਝਿਆ ਰਿਹਾ। ਸਾਹਿਤ ਤੇ ਕਲਾ ਦੇ ਵਿਕਾਸ ਅਤੇ ਵਿਸਥਾਰ ਦੇ ਮੰਤਵ ਹਿਤ ਤ੍ਰੈਮਾਸਿਕ ਰਸਾਲੇ ‘ਕਲਾ ਸਿਰਜਕ’ ਦੇ ਸੰਪਾਦਨ ਕਾਰਜ ਨੂੰ ਵੀ ਉਸ ਨੇ ਬਾਖ਼ੂਬੀ ਨਿਭਾਇਆ। ਅਜਿਹੇ ਰੁਝੇਵੇਂ ਉਸ ਨੂੰ ਸਕੂਨ ਦਿੰਦੇ ਸਨ।
ਡਾ. ਜਗਤਾਰ ਅੱਧੀ ਸਦੀ ਤੋਂ ਵੱਧ ਸਮੇਂ ਤੱਕ ਕਾਵਿ ਸਾਧਨਾ ਨਾਲ ਜੁੜਿਆ ਰਿਹਾ। ਦੁੱਧ ਪੱਥਰੀ, ਛਾਂਗਿਆ ਰੁੱਖ, ਅਧੂਰਾ ਆਦਮੀ, ਤਲਖ਼ੀਆਂ ਰੰਗੀਨੀਆਂ, ਰੁੱਤਾਂ ਰਾਂਗਲੀਆਂ, ਸ਼ੀਸ਼ੇ ਦਾ ਜੰਗਲ, ਜਜ਼ੀਰਿਆਂ ਵਿੱਚ ਘਿਰਿਆ ਸਮੁੰਦਰ, ਲਹੂ ਦੇ ਨਕਸ਼, ਚਨੁਕਰੀ ਸ਼ਾਮ, ਜੁਗਨੂੰ ਦੀਵਾ ਤੇ ਦਰਿਆ, ਅੱਖਾਂ ਵਾਲੀਆਂ ਪੈੜਾਂ, ਮੇਰੇ ਅੰਦਰ ਇੱਕ ਸਮੁੰਦਰ, ਹਰ ਮੋੜ ’ਤੇ ਸਲੀਬਾਂ, ਮੋਮ ਦੇ ਲੋਕ, ਪ੍ਰਵੇਸ਼ ਦੁਆਰ, ਅਣਮੁੱਕ ਸਫ਼ਰ ਆਦਿ ਕਾਵਿ ਪੁਸਤਕਾਂ ਦੀ ਰਚਨਾ ਕਰਕੇ ਪੰਜਾਬੀ ਕਾਵਿ ਸਾਹਿਤ ਵਿੱਚ ਉਸ ਨੇ ਸ਼ਾਨਾਮੱਤਾ ਵਾਧਾ ਕੀਤਾ ਹੈ। ਸਲੀਮ ਖਾਂ ਗਿੰਮੀ ਅਤੇ ਅਫ਼ਜ਼ਲ ਅਹਿਸਨ ਰੰਧਾਵਾ ਦੇ ਨਾਵਲਾਂ ਕ੍ਰਮਵਾਰ ‘ਸਾਂਝ’ ਅਤੇ ‘ਦੁਆਬਾ’, ਇਸਹਾਕ ਮੁਹੰਮਦ ਦੇ ਡਰਾਮੇ ‘ਕੁਕਨੂਸ’ ਅਤੇ ਮਜ਼ਹਰ-ਉਲ-ਇਸਲਾਮ ਦੇ ਕਹਾਣੀ ਸੰਗ੍ਰਹਿ ‘ਹਰਾ ਸਮੁੰਦਰ’ ਦਾ ਲਿਪੀਆਂਤਰ ਵੀ ਉਸ ਨੇ ਕੀਤਾ। ਫ਼ੈਜ਼ ਅਹਿਮਦ ਫ਼ੈਜ਼ ਦੀ ਚੋਣਵੀਂ ਕਵਿਤਾ ‘ਰਾਤ ਦੀ ਰਾਤ’ ਅਤੇ ਅਬਦੁੱਲਾ ਹੁਸੈਨ ਦੇ ਨਾਵਲ ‘ਰਾਤ’ ਦਾ ਅਨੁਵਾਦ ਕਰਨ ਤੋਂ ਇਲਾਵਾ ‘ਦੁੱਖ ਦਰਿਆਓਂ ਪਾਰ ਦੇ’, ‘ਆਖਿਆ ਫਰੀਦ ਨੇ’, ‘ਸੂਫੀ ਕਾਵਿ ਤੇ ਉਸਦਾ ਪਿਛੋਕੜ’ ਅਤੇ ‘ਹੀਰ ਦਮੋਦਰ’ ਦਾ ਸੰਪਾਦਨ ਵੀ ਉਸ ਨੇ ਕੀਤਾ।
ਡਾ. ਜਗਤਾਰ ਦੀ ਲੰਮੀ ਕਾਵਿ ਯਾਤਰਾ ਰੁਮਾਂਸਵਾਦੀ, ਪ੍ਰਯੋਗਵਾਦੀ, ਜੁਝਾਰਵਾਦੀ, ਪ੍ਰਗਤੀਵਾਦੀ ਅਤੇ ਅਸਲੋਂ ਨਵੀਂ ਕਵਿਤਾ ਦੀਆਂ ਸਮੇਂ ਸਮੇਂ ਚਲਦੀਆਂ ਰਹੀਆਂ ਲਹਿਰਾਂ ਵਿਚਦੀ ਗੁਜ਼ਰਦੀ ਰਹੀ। ‘ਲਹੂ ਦੇ ਨਕਸ਼’ ਉਸ ਦੀ ਆਪਣੇ ਦੌਰ ਦੀ ਪ੍ਰਤੀਨਿਧ ਤੇ ਚਰਚਿਤ ਕਾਵਿ ਪੁਸਤਕ ਹੈ, ਜਿਸ ਵਿੱਚ ਵਿਦਰੋਹੀ ਸੁਰ ਵਾਲੀਆਂ ਕਵਿਤਾਵਾਂ ਦੀ ਗਿਣਤੀ ਵਧੇਰੇ ਹੈ। ਡਾ. ਜਗਤਾਰ ਸਮੇਂ ਦੀ ਨਬਜ਼ ਨੂੰ ਪਛਾਣਦਾ ਹੈ। ਧਰਤੀ ’ਤੇ ਵਗਦੀਆਂ ਮੁਆਫ਼ਿਕ ਤੇ ਗ਼ੈਰ-ਮੁਆਫ਼ਿਕ ਹਵਾਵਾਂ ਦੇ ਰੁਖ਼ ਦੀ ਫਿਤਰਤ ਨੂੰ ਉਹ ਸਮਝਦਾ ਹੈ।
ਡਾ. ਜਗਤਾਰ ਦੇ ਕਾਵਿ ਜਗਤ ਦਾ ਇੱਕ ਉੱਘੜਵਾਂ ਲੱਛਣ ਹੈ: ਸਥਿਤੀਆਂ, ਮਨੁੱਖੀ ਮਨ, ਜੀਵਨ, ਸਮਾਜ ਆਦਿ ਦਾ ਵਿਰੂਪਣ ਕਰਕੇ ਕਵਿਤਾ ਵਿੱਚ ਵਿਚਾਰਾਤਮਿਕ ਤੇ ਰੂਪਾਤਮਿਕ ਨਵੀਨਤਾ ਤੇ ਵੰਨ-ਸੁਵੰਨਤਾ ਪੈਦਾ ਕਰਨੀ। ਉਹ ਦਿਸਦੇ ਜੀਵਨ/ਸਮਾਜ ਦੇ ਵਸਤੂਗਤ ਯਥਾਰਥ ਨਾਲੋਂ ਆਤਮਮੁਖੀ ਅਨੁਭਵ ਦੇ ਸੱਚ ਨੂੰ ਕਲਾਤਮਿਕਤਾ ਨਾਲ ਪੇਸ਼ ਕਰਦਾ ਹੈ। ਆਪਣੀ ਕਾਵਿ ਸਮੱਗਰੀ ਨੂੰ ਨਵੇਂ ਮੁਹਾਵਰੇ ਤੇ ਨਵੇਂ ਢੰਗ ਨਾਲ ਵਰਤਣ-ਵਿਉਂਤਣ ਲਈ ਉਹ ਆਪਣੀ ਕਵਿ ਕਲਾ ਨੂੰ ਖ਼ੂਬਸੂਰਤ ਮੋੜ ਦਿੰਦਾ ਹੈ। ਇਹ ਗੁਣ ਉਸ ਦੀ ਕਾਵਿ ਰਚਨਾ ਦੀ ਵਿਲੱਖਣ ਪ੍ਰਾਪਤੀ ਵਾਲਾ ਪਹਿਲੂ ਬਣਦਾ ਹੈ।
ਡਾ. ਜਗਤਾਰ ਦੀ ਕਾਵਿ ਰਚਨਾ ਮਨੁੱਖੀ ਹੋਂਦ ਦੇ ਅਰਥਾਂ ਦੀ ਤਲਾਸ਼ ਕਰਦੀ ਪ੍ਰਤੀਤ ਹੁੰਦੀ ਹੈ। ਜ਼ਿੰਦਗੀ ਦੇ ਗੁੰਮ ਗੁਆਚ ਗਏ ਯਥਾਰਥ ਦੀ ਭਾਲ ਕਰਨ ਦੇ ਯਤਨ ਵਿੱਚ ਹੈ। ਉਸ ਦੀ ਕਵਿਤਾ ਮਨੁੱਖ ਦੇ ਖਿੰਡ ਪੁੰਡ ਗਏ ਅਸਲੇ ਤੇ ਅਸਤਿਤਵ ਨੂੰ ਲੱਭ ਰਹੀ ਹੈ। ਕਠੋਰ ਯਥਾਰਥ ਦੀਆਂ ਪੇਚੀਦਗੀਆਂ ਦੇ ਬੋਝ ਹੇਠ ਸਿਸਕਦੀ ਜ਼ਿੰਦਗੀ ਅਜੋਕੇ ਮਨੁੱਖ ਦੀ ਚੇਤਨਾ, ਇਕੱਲਤਾ ਤੇ ਭਟਕਣ ਅੰਦਰੋ-ਅੰਦਰ ਟਕਰਾਉਂਦੀ ਤੇ ਅੰਤਰੀਵ ਤਣਾਅ ਦੀਆਂ ਸਥਿਤੀਆਂ ਨੂੰ ਪ੍ਰਚੰਡ ਸੁਰ ਪ੍ਰਦਾਨ ਕਰਦੀ ਹੈ।
ਰੁੱਤਾਂ ਰਾਂਗਲੀਆਂ, ਦੁੱਧ ਪੱਥਰੀ ਆਦਿ ਤੋਂ ਕਾਵਿ ਸਫ਼ਰ ਸ਼ੁਰੂ ਕਰਦੀ ਡਾ. ਜਗਤਾਰ ਦੀ ਕਾਵਿ ਰਚਨਾ ‘ਮੋਮ ਦੇ ਲੋਕ’ ਤੇ ‘ਅਣਮੁੱਕ ਸਫ਼ਰ’ ਤੱਕ ਪਹੁੰਚਦਿਆਂ ਪੜਾਅਵਾਰ ਵਿਕਾਸ ਕਰਦੀ ਨਜ਼ਰ ਆਉਂਦੀ ਹੈ। ਪਰੰਪਰਾ ਨੂੰ ਨਾਲ ਲੈ ਕੇ ਨਵੀਨਤਾ ਤੇ ਆਧੁਨਿਕਤਾ ਨੂੰ ਅਪਨਾਉਣ ਤੱਕ ਜਗਤਾਰ ਕਾਵਿ ਦੀ ਵਿਲੱਖਣਤਾ ਦਾ ਸਫ਼ਰ ਜਾਰੀ ਰਹਿੰਦਾ ਹੈ। ‘ਸ਼ੀਸ਼ੇ ਦਾ ਜੰਗਲ’ ਅਤੇ ‘ਜੁਗਨੂੰ ਦੀਵਾ ਤੇ ਦਰਿਆ’ ਵਿਚਲੀਆਂ ਗ਼ਜ਼ਲਾਂ ਦੇ ਸ਼ਿਅਰਾਂ ਵਿਚਲੀ ਪੁਖ਼ਤਗੀ ਵਿਸ਼ੇਸ਼ ਤੌਰ ’ਤੇ ਜ਼ਿਕਰਯੋਗ ਹੈ। ‘ਜਜ਼ੀਰਿਆਂ ਵਿੱਚ ਘਿਰਿਆ ਸਮੁੰਦਰ’ ਵਿੱਚ ਸਮਕਾਲੀ ਹਾਲਾਤ ਬਾਰੇ ਕਮਾਲ ਦੀਆਂ ਗ਼ਜ਼ਲਾਂ ਸ਼ਾਮਲ
ਹਨ। ਜਗਤਾਰ ਦੀ ਸ਼ਾਇਰੀ ਵਿੱਚ ਮਾਨਵਤਾ ਦੇ ਦਰਦ ਸੰਜੋਏ ਹਨ।
ਬੁਲੰਦ ਕਾਵਿ ਰਚਨਾ ਦਾ ਸਿਰਜਕ ਡਾ. ਜਗਤਾਰ ਨਿਰੰਤਰ ਲਿਖਦਾ ਆਇਆ ਹੈ ਤੇ ਉਸ ਦੀ ਸ਼ਾਇਰੀ ਨੇ ਪਾਠਕ ਨੂੰ ਹਮੇਸ਼ਾ ਪ੍ਰਭਾਵਿਤ ਕੀਤਾ ਹੈ। ‘ਚਨੁਕਰੀ ਸ਼ਾਮ’ (1990) ਆਪਣੇ ਦੌਰ ਦੀ ਅਹਿਮ ਤੇ ਵਿਲੱਖਣ ਪ੍ਰਾਪਤੀ ਹੈ। ਪੰਜਾਬ ਤ੍ਰਾਸਦੀ ਬਾਰੇ ਲਿਖੀ ਉਸ ਦੀ ਕਵਿਤਾ ਆਪਣੀ ਨਿਵੇਕਲੀ ਪਛਾਣ ਬਣਾਉਂਦੀ ਹੈ। ਪੰਜਾਬ ਦੀ ਮਿੱਟੀ ਦੇ ਦਰਦ ਨੂੰ ਮਹਿਸੂਸ ਕਰਦਿਆਂ ਜਗਤਾਰ ਲਿਖਦਾ ਹੈ:
ਕਤਲ ਹੋਏ ਲੋਕ ਸਾਰੇੇ/ ਰੇਲ ਦੀ ਪਟੜੀ ’ਤੇ ਲਾਵਾਰਸ ਪਏ ਨੇ/ ਪਰ ਉਨ੍ਹਾਂ ਦੇ ਚਿਹਰਿਆਂ ’ਤੇ ਇੱਕ ਇਬਾਰਤ ਚੀਕਦੀ ਹੈ/ ‘ਖੇਤ-ਮੈਦਾਨਾਂ ’ਚ ਉੱਗੇ ਬਿਰਛ ਨਾਲੋਂ/ ਹਰ ਜਜ਼ੀਰਾ/ ਹਰ ਸਮੇਂ, ਖਤਰੇ ’ਚ ਹੈ।/ ਤੇ ਤੁਸੀਂ ਚੁੱਪ ਦੇ ਜਜ਼ੀਰੇ ਬਣ ਕੇ ਸਾਰੇ/ ਮਰਨ ਤੋਂ ਪਹਿਲਾਂ ਹੀ/ ਲਾਸ਼ਾਂ ਬਣ ਗਏ ਹੋ।’
ਜਗਤਾਰ ਨੇ ਜ਼ਿੰਦਗੀ ਦੇ ਅਨੇਕ ਸਦਮੇ ਸਹਾਰੇ ਹਨ, ਸਮੇਂ ਦੇ ਸੇਕ ਸਹੇ ਹਨ, ਹਨੇਰਿਆਂ ਦੇ ਰੂ-ਬ-ਰੂ ਹੋਇਆ ਹੈ। ਫਿਰ ਵੀ ਉਹ ਜੁਗਨੂੰ ਵਾਂਗ ਹਨੇਰਿਆਂ ਨੂੰ ਚੀਰਦਾ ਆਇਆ ਹੈ, ਠੰਢ ਵਰਤਾਉਂਦਾ ਆਇਆ ਹੈ, ਦੀਵੇ ਵਾਂਗ ਖ਼ੁਦ ਬਲ਼ ਬਲ਼ ਕੇ ਉਹ ਦੁਨੀਆ ਦੇ ਰਾਹ ਰੁਸ਼ਨਾਉਂਦਾ ਆਇਆ ਹੈ।
ਜਗਤਾਰ ਬਹੁਤ ਵਾਰੀ ਇਹ ਗੱਲ ਕਰਦਾ ਹੁੰਦਾ ਸੀ ਕਿ ਉਸ ਨੇ ਇੱਕ ਮਹਾਂ ਕਾਵਿ ‘ਰਾਣੀ ਪਦਮਨੀ’ ਲਿਖਣ ਲਈ ਮਨ ਬਣਾ ਰੱਖਿਆ ਹੈ। ਮੰਤਵ ਹਿਤ ਰਾਣੀ ਪਦਮਨੀ ਬਾਰੇ ਬਹੁਤ ਕੁਝ ਪੜ੍ਹਨ ਤੋਂ ਇਲਾਵਾ ਉਸ ਬਾਰੇ ਵੱਧ ਤੋਂ ਵੱਧ ਜਾਣਕਾਰੀ ਹਾਸਲ ਕਰਨ ਵਾਸਤੇ ਜਗਤਾਰ ਰਾਜਸਥਾਨ ਦੇ ਕਈ ਚੱਕਰ ਲਗਾ ਆਇਆ ਸੀ। ਤਜਵੀਜ਼ਸ਼ੁਦਾ ਮਹਾਂਕਾਵਿ ਦੀ ਰਚਨਾ ਕਰਨ ਅਤੇ ਉਸ ਦੀ ਆਧਾਰਭੂਮੀ ਤਿਆਰ ਕਰਨ ਵਾਸਤੇ ਉਸ ਨੇ ਵਿਭਿੰਨ ਸਰੋਤਾਂ ਤੋਂ ਕਾਵਿ ਨਾਇਕਾ ਦੇ ਜੀਵਨ ਬਿਉਰੇ ਇਕੱਠੇ ਕਰਨ, ਸਮੇਂ ਸਥਾਨ ਦੀਆਂ ਸਮਾਜਿਕ, ਰਾਜਨੀਤਕ, ਧਾਰਮਿਕ, ਸੱਭਿਆਚਾਰਕ, ਭੂਗੋਲਿਕ ਆਦਿ ਸਥਿਤੀਆਂ ਦਾ ਚੋਖਾ ਅਧਿਐਨ ਕੀਤਾ ਸੀ। ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਉਸ ਦਾ ਇਹ ਪ੍ਰੋਜੈਕਟ ਸਿਰੇ ਨਾ ਚੜ੍ਹ ਸਕਿਆ।
ਡਾ. ਜਗਤਾਰ ਕਿਸੇ ਵਾਦ ਜਾਂ ਵਿਚਾਰਧਾਰਾ ਦੇ ਚੌਖਟੇ ਵਿੱਚ ਨਹੀਂ ਬੱਝਦਾ। ਉਸ ਦੀ ਸ਼ਾਇਰੀ ਮਨੁੱਖ ਦੇ ਸੁਚੇਤ/ਅਚੇਤ ਪਹਿਲੂਆਂ ਨੂੰ ਆਪਣੇ ਆਕਾਰ ਵਿੱਚ ਢਾਲਦੀ ਤੇ ਸਮੇਟਦੀ ਹੈ। ਉਸ ਦੇ ਕਾਵਿ ਮੁਹਾਵਰੇ ਦਾ ਬਹੁਤਾ ਹਿੱਸਾ ਨਿੱਜੀ/ਮੌਲਿਕ ਹੈ। ਜਗਤਾਰ-ਕਾਵਿ ਵਿੱਚੋਂ ਬਹੁਤ ਥਾਈਂ ਉਸ ਦੀ ਵਿਦਰੋਹੀ ਚੇਤਨਾ ਦੀ ਟੋਹ ਮਹਿਸੂਸ ਕੀਤੀ ਜਾ ਸਕਦੀ ਹੈ। ਉਹ ਪੰਜਾਬੀ ਕਾਵਿ ਦਾ ਸ਼੍ਰੋਮਣੀ ਹਸਤਾਖਰ ਤਾਂ ਹੈ ਹੀ, ਪੰਜਾਬੀ ਗ਼ਜ਼ਲ ਦਾ ਮਾਣ ਵੀ ਹੈ:
ਹਰ ਪੈਰ ’ਤੇ ਸਲੀਬਾਂ, ਹਰ ਮੋੜ ’ਤੇ ਹਨੇਰਾ/ ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਦੇਖ ਜੇਰਾ।/ ਕਿੰਨੀ ਕੁ ਦੇਰ ਮਿੱਟੀ ਖ਼ਾਮੋਸ਼ ਰਹਿ ਸਕੇਗੀ/ ਕਿੰਨਾ ਕੁ ਚਿਰ ਰਹੇਗਾ ਖ਼ਾਮੋਸ਼ ਖ਼ੂਨ ਮੇਰਾ।/ ਪੱਥਰ ’ਤੇ ਨਕਸ਼ ਹਾਂ ਮੈਂ, ਮੈਂ ਰੇਤ ’ਤੇ ਨਹੀਂ ਹਾਂ/ ਜਿੰਨਾ ਕਿਸੇ ਮਿਟਾਇਆ, ਹੁੰਦਾ ਗਿਆ ਡੂੰਘੇਰਾ।/ ਪੈਰਾਂ ’ਚ ਬੇੜੀਆਂ ਨੇ, ਨਚਦੇ ਨੇ ਲੋਕ ਫਿਰ ਵੀ,/ ਕਿਉਂ ਵੇਖ ਵੇਖ ਉਡਦੈ, ਚਿਹਰੇ ਦਾ ਰੰਗ ਤੇਰਾ।
ਡਾ. ਜਗਤਾਰ ਦੀ ਅੰਦਰਲੀ ਤਾਕਤ, ਨਿਹਚੇ, ਜੁਝਾਰੂ ਚੇਤਨਾ ਤੇ ਸਵੈ-ਵਿਸ਼ਵਾਸ ਨੇ ਉਸ ਦੀ ਕਾਵਿ ਰਚਨਾ ਨੂੰ ਲੜਨ ਦੀ ਅਥਾਹ ਸਮਰੱਥਾ ਪ੍ਰਦਾਨ ਕੀਤੀ ਹੈ। ਆਪਣੇ ਹੱਕਾਂ ਲਈ ਜੂਝਣ ਤੇ ਲੜਨ ਦਾ ਜਜ਼ਬਾ ਮਨੁੱਖ ਨੂੰ ਟਿਕ ਕੇ ਨਹੀਂ ਬੈਠਣ ਦਿੰਦਾ। ਜੂਝ ਕੇ ਅਤੇ ਸੰਘਰਸ਼ ਕਰਕੇ ਹੀ ਕਿਸੇ ਤਬਦੀਲੀ ਦੀ ਤਵੱਕੋ ਕੀਤੀ ਜਾ ਸਕਦੀ ਹੈ। ਇਸੇ ਕਰਕੇ ਕਵੀ ਸੰਘਰਸ਼ਸ਼ੀਲ ਹੋਣ ਵਿੱਚ ਵਿਸ਼ਵਾਸ ਰੱਖਦਾ ਹੈ। ਸੰਘਰਸ਼ ਹੀ ਜੀਵਨ ਨੂੰ ਗਤੀ ਪ੍ਰਦਾਨ ਕਰਦਾ ਹੈ। ਉਸ ਦੀ ਕਾਵਿ ਰਚਨਾ ਮਾਨਵੀ ਹਿੱਤਾਂ ਪ੍ਰਤੀ ਸੁਹਿਰਦ ਤੇ ਵਫ਼ਾਦਾਰ ਹੈ। ਇਹ ਸੁਹਿਰਦਤਾ ਹੀ ਡਾ. ਜਗਤਾਰ ਨੂੰ ਵਿਦਰੋਹ ਮੂਲਕ ਚੇਤਨਾ ਦੀ ਧਾਰਨੀ ਕਵਿਤਾ ਦਾ ਰਚਨਾਕਾਰ ਬਣਾਉਂਦੀ ਹੈ।
ਸੰਪਰਕ: 98885-10185