ਵਿਜੀਲੈਂਸ ਵੱਲੋਂ ਆਰਟੀਓ ਦਫਤਰ ਦਾ ਮੁਲਾਜ਼ਮ ਤੇ ਏਜੰਟ ਗ੍ਰਿਫ਼ਤਾਰ
ਐੱਨਪੀ ਧਵਨ
ਪਠਾਨਕੋਟ, 8 ਅਪਰੈਲ
ਵਿਜੀਲੈਂਸ ਬਿਓਰੋ ਵੱਲੋਂ ਲੰਘੇ ਦਿਨ ਆਰਟੀਓ ਦਫਤਰ ਪਠਾਨਕੋਟ ਵਿੱਚ ਛਾਪਾ ਮਾਰ ਕੇ ਕੁੱਲ 7 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਸੀ ਜਿਨ੍ਹਾਂ ਵਿੱਚ 4 ਆਰਟੀਓ ਦਫਤਰ ਦੇ ਮੁਲਾਜ਼ਮ ਅਤੇ 3 ਏਜੰਟ ਸਨ। ਵਿਜੀਲੈਂਸ ਨੇ ਪੂਰਾ ਦਿਨ ਪੁੱਛ-ਪੜਤਾਲ ਕਰਨ ਤੋਂ ਬਾਅਦ ਏਜੰਟ ਤੇ ਆਰਟੀਓ ਦਫਤਰ ਦੇ ਮੁਲਾਜ਼ਮ ਉਪਰ ਕੇਸ ਦਰਜ ਕੀਤਾ ਹੈ ਜਦ ਕਿ ਬਾਕੀਆਂ ਨੂੰ ਰਿਹਾਅ ਕਰ ਦਿੱਤਾ। ਅੱਜ ਦੋਵਾਂ ਮਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਜਦ ਕਿ ਵਿਜੀਲੈਂਸ ਦੀ ਜਾਂਚ ਅਜੇ ਵੀ ਜਾਰੀ ਹੈ।
ਵਿਜੀਲੈਂਸ ਵਿਭਾਗ ਦੀ ਟੀਮ ਨੇ ਜੋ ਆਰਟੀਓ ਦਫਤਰ ਤੋਂ ਰਿਕਾਰਡ ਜ਼ਬਤ ਕੀਤਾ ਸੀ, ਉਸ ਵਿੱਚ ਮੁਲਜ਼ਮ ਲੋਕੇਸ਼ ਸ਼ਰਮਾ ਦੀ ਡਾਇਰੀ ਵੀ ਕਬਜ਼ੇ ਵਿੱਚ ਲਈ ਗਈ ਹੈ। ਇਸ ਦੇ ਬਾਅਦ ਏਜੰਟ ਸ਼ਸ਼ੀ ਕੁਮਾਰ ਨੂੰ ਜਦ ਫੜਿਆ ਗਿਆ ਤਾਂ ਉਸ ਤੋਂ ਵੀ ਡਾਇਰੀ ਬਰਾਮਦ ਹੋਈ। ਵਿਜੀਲੈਂਸ ਨੇ ਦੋਹਾਂ ਡਾਇਰੀਆਂ ਨੂੰ ਜਦ ਚੈੱਕ ਕੀਤਾ ਤਾਂ ਉਸ ਵਿੱਚੋਂ ਰਿਸ਼ਵਤ ਲੈਣ ਦੀਆਂ ਇੱਕੋ ਜਿਹੀਆਂ ਐਂਟਰੀਆਂ ਸਾਹਮਣੇ ਆਈਆਂ। ਮੁਲਜ਼ਮ ਡੇਟਾ ਐਂਟਰੀ ਆਪਰੇਟਰ ਲੋਕੇਸ਼ ਸ਼ਰਮਾ ਦੀ ਡਾਇਰੀ ਵਿੱਚ 2 ਪੁਰਸ਼ ਮੁਲਾਜ਼ਮ ਸਮੇਤ ਮਹਿਲਾ ਮੁਲਾਜ਼ਮ ਹਿੱਸੇਦਾਰ ਦਾ ਨਾਂ ਵੀ ਲਿਖਿਆ ਸੀ। ਮਹਿਲਾ ਨੂੰ ਛੱਡ ਵਿਜੀਲੈਂਸ ਨੇ ਬਾਕੀ ਸਾਰਿਆਂ ਨੂੰ ਹਿਰਾਸਤ ਵਿੱਚ ਲਿਆ ਹੈ। ਬਾਹਰੀ ਏਜੰਟ ਸ਼ਸ਼ੀ ਸ਼ਰਮਾ ਦੀ ਡਾਇਰੀ ਵਿੱਚ ਵੀ ਇਹੀ ਹਿਸਾਬ ਲਿਖਿਆ ਸੀ ਕਿ ਕਿਸ ਨੂੰ ਕਿੰਨੇ ਪੈਸੇ ਦਿੱਤੇ। ਲੋਕੇਸ਼ ਪਿਛਲੇ ਕਰੀਬ 10 ਸਾਲਾਂ ਤੋਂ ਆਰਟੀਓ ਦਫਤਰ ਵਿੱਚ ਕੰਮ ਕਰਦਾ ਆ ਰਿਹਾ ਸੀ।