ਵਾਢੀ ਕਰਨ ਗਏ ਭੈਣ-ਭਰਾ ਬਿਆਸ ਦਰਿਆ ਵਿੱਚ ਡੁੱਬੇ
ਜਸਬੀਰ ਸਿੰਘ ਚਾਨਾ
ਕਪੂਰਥਲਾ, 12 ਮਈ
ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦੇ ਪਿੰਡ ਆਹਲੀ ਕਲਾਂ ਵਿੱਚ ਵਾਢੀ ਕਰਨ ਗਏ ਖੇਤ ਮਜ਼ਦੂਰ ਭੈਣ-ਭਰਾ ਬਿਆਸ ਦਰਿਆ ’ਚ ਡੁੱਬ ਗਏ। ਉਹ ਹੋਰਨਾਂ ਪਰਿਵਾਰਕ ਮੈਂਬਰਾਂ ਨਾਲ ਦਰਿਆ ਬਿਆਸ ਦੇ ਕੰਢੇ ਖੇਤਾਂ ’ਚ ਕੰਮ ਕਰ ਰਹੇ ਸਨ। ਘਰ ਪਰਤਣ ਸਮੇਂ ਪਾਣੀ ਪੀਣ ਲਈ ਦਰਿਆ ਕਿਨਾਰੇ ਪੁੱਜੇ ਤਾਂ ਅਚਾਨਕ ਪੈਰ ਤਿਲਕਣ ਕਾਰਨ ਇੱਕ ਦੂਜੇ ਨੂੰ ਬਚਾਉਂਦਿਆਂ ਦੋਵੇਂ ਭੈਣ ਭਰਾ ਡੁੱਬ ਗਏ।
ਭਰਾ ਦੀ ਲਾਸ਼ ਬਰਾਮਦ ਹੋ ਗਈ ਹੈ। ਲਾਸ਼ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ ਹੈ। ਮ੍ਰਿਤਕ ਦੀ ਪਛਾਣ ਪੱਪੂ (35) ਪੁੱਤਰ ਜੋਗਿੰਦਰ ਪਾਲ ਵਾਸੀ ਸੁਲਤਾਨਪੁਰ ਰੂਰਲ ਵਜੋਂ ਹੋਈ ਹੈ, ਜਦ ਕਿ ਉਸ ਦੀ ਭੈਣ ਆਸ਼ੂ ਦੀ ਭਾਲ ਜਾਰੀ ਹੈ।
ਪਰਿਵਾਰਕ ਮੈਂਬਰਾਂ ਅਨੁਸਾਰ ਹਰ ਸਾਲ ਪਿੰਡ ਤੋਂ ਬਹੁਤ ਸਾਰੇ ਖੇਤ ਮਜ਼ਦੂਰ ਵਾਢੀ ਸਮੇਂ ਇੱਥੇ ਮਜ਼ਦੂਰੀ ਕਰਨ ਲਈ ਆਉਂਦੇ ਹਨ। ਇਸੇ ਤਹਿਤ ਪੱਪੂ ਤੇ ਆਸ਼ੂ ਵੀ ਪਿੰਡ ਆਹਲੀ ਕਲਾਂ ਦਰਿਆ ਬਿਆਸ ਦੇ ਕੰਢੇ ਵਾਢੀ ਲਈ ਆਏ ਸਨ। ਉਹ ਕੰਮ ਖਤਮ ਕਰਕੇ ਬਿਆਸ ਦੇ ਕੰਢੇ ਪਹੁੰਚੇ ਤਾਂ ਇਸ ਦੌਰਾਨ ਦੋਹਾਂ ’ਚੋਂ ਭੈਣ ਦਾ ਪੈਰ ਤਿਲਕਣ ਮਗਰੋਂ ਉਹ ਡੂੰਘੇ ਪਾਣੀ ਦੀ ਲਪੇਟ ’ਚ ਆ ਗਈ। ਉਸ ਨੂੰ ਬਚਾਉਣ ਲਈ ਭਰਾ ਨੇ ਪਾਣੀ ਵਿੱਚ ਛਾਲ ਮਾਰ ਦਿੱਤੀ। ਦੋਵੇਂ ਇੱਕ-ਦੂਜੇ ਨੂੰ ਬਚਾਉਂਦਿਆਂ ਡੂੰਘੇ ਪਾਣੀ ’ਚ ਡੁੱਬ ਗਏ। ਮ੍ਰਿਤਕ ਪੱਪੂ ਵਿਆਹਿਆ ਹੋਇਆ ਸੀ ਜਦੋਂਕਿ ਉਸ ਦੀ ਭੈਣ ਅਜੇ ਕੁਆਰੀ ਸੀ।