ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ: ਕ੍ਰਿਸ਼ਨ ਬੇਦੀ
ਮਹਾਂਵੀਰ ਮਿੱਤਲ
ਜੀਂਦ, 31 ਮਾਰਚ
ਸਿੱਖਿਆ ਭਾਰਤੀ ਮਾਡਲ ਸਕੂਲ ਉਝਾਨਾ ਵਿੱਚ 10ਵਾਂ ਸਾਲਾਨਾ ਉਤਸਵ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਵਿੱਚ ਪ੍ਰਦੇਸ਼ ਦੇ ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰੀ ਕ੍ਰਿਸ਼ਨ ਬੇਦੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਕੈਬਨਿਟ ਮੰਤਰੀ ਕ੍ਰਿਸ਼ਨ ਬੇਦੀ ਨੇ ਕਿਹਾ ਕਿ ਗ੍ਰਾਮੀਣ ਇਲਾਕੇ ਵਿੱਚ ਸਿੱਖਿਆ ਭਾਰਤੀ ਅਜਿਹਾ ਸਕੂਲ ਹੈ, ਜੋ ਕਿ ਸਿੱਖਿਆ ਦੇ ਨਾਲ-ਨਾਲ ਸੰਸਕਾਰ ਵੀ ਦੇ ਰਿਹਾ ਹੈ। ਇਸ ਨਾਲ ਬੱਚਿਆਂ ਦੀ ਕਲਾ ਅਤੇ ਯੋਗਤਾ ਵਿੱਚ ਨਿਖਾਰ ਆ ਰਿਹਾ ਹੈ।
ਉਨ੍ਹਾਂ ਕਿਹਾ ਕਿ ਨਰਵਾਣਾ ਇਲਾਕੇ ਨੂੰ ਸਿੱਖਿਆ, ਖੇਡ ਅਤੇ ਹੋਰ ਗਤੀਵਿਧੀਆਂ ਵਿੱਚ ਅੱਗੇ ਲਿਆਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਨਰਵਾਣਾ ਵੀ ਹਰਿਆਣਾ ਦੇ ਨਕਸ਼ੇ ਉੱਤੇ ਨਜ਼ਰ ਆਵੇ, ਇਸ ਦੇ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਜਿਹੜੀਆਂ ਉਮੀਦਾਂ ਨਾਲ ਲੋਕਾਂ ਨੇ ਉਨ੍ਹਾਂ ਨੂੰ ਜਿਤਾਇਆ ਹੈ, ਉਹ ਅਪਣੇ ਕੀਤੇ ਵਾਅਦਿਆਂ ’ਤੇ ਖਰੇ ਉਤਰਨਗੇ।
ਸ੍ਰੀ ਬੇਦੀ ਦੇ ਸਕੂਲ ਵਿੱਚ ਪਹੁੰਚਣ ’ਤੇ ਸਕੂਲ ਦੇ ਨਿਰਦੇਸ਼ਕ ਵਰਿੰਦਰ ਬਿਢਾਨ, ਚੇਅਰਮੈਨ ਪ੍ਰਵੀਨ ਕੁਮਾਰ ਤੇ ਪ੍ਰਿੰਸੀਪਲ ਨਵੀਨ ਸ਼ਰਮਾ ਨੇ ਫੁੱਲਾਂ ਦੇ ਬੁੱਕੇ ਭੇਟ ਕਰਕੇ ਸਵਾਗਤ ਕੀਤਾ। ਇਸ ਮੌਕੇ ’ਤੇ ਕਨਵੀਨਰ ਰਾਮ ਕੁਮਾਰ, ਜਿਤਿੰਦਰ ਬਿਢਾਨ, ਅਮਨਦੀਪ, ਸੁਨੀਲ ਕੁਮਾਰ, ਕ੍ਰਿਸ਼ਨ, ਛੱਜੂ ਰਾਮ, ਗੁਰਬਚਨ ਅਤੇ ਸਰਪੰਚ ਉਝਾਣਾ ਸੁਨੀਲ ਕੁਮਾਰ ਨੇ ਵੀ ਕੈਬਨਿਟ ਮੰਤਰੀ ਦਾ ਸਵਾਗਤ ਕੀਤਾ। ਪ੍ਰਿੰਸੀਪਲ ਨਵੀਨ ਸ਼ਰਮਾ ਨੇ ਸਕੂਲ ਦੀ ਸਾਲਾਨਾ ਰਿਪੋਰਟ ਪੜ੍ਹੀ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਕੈਬਨਿਟ ਮੰਤਰੀ ਕ੍ਰਿਸ਼ਨ ਬੇਦੀ ਨੂੰ ਪ੍ਰਬੰਧਕ ਸਮਿਤੀ ਵੱਲੋਂ ਯਾਦ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।