ਲੈਫਟੀਨੈਂਟ ਨਰਵਾਲ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ
ਚੰਡੀਗੜ੍ਹ/ਕੋਚੀ, 23 ਅਪਰੈਲ
ਪਹਿਲਗਾਮ ਦਹਿਸ਼ਤੀ ਹਮਲੇ ਵਿੱਚ ਮਾਰੇ ਗਏ ਭਾਰਤੀ ਜਲ ਸੈਨਾ ਦੇ ਲੈਫਟੀਨੈਂਟ ਵਿਨੈ ਨਰਵਾਲ (26) ਨੂੰ ਅੱਜ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਨਰਵਾਲ ਦੀਆਂ ਅੰਤਿਮ ਰਸਮਾਂ ਦੌਰਾਨ ਹਰ ਵਿਅਕਤੀ ਦੀਆਂ ਅੱਖਾਂ ਵਿੱਚ ਹੰਝੂ ਸਨ। ਵਿਨੈ ਅਤੇ ਹਿਮਾਂਸ਼ੀ ਦਾ 16 ਅਪਰੈਲ ਨੂੰ ਹੋਇਆ ਸੀ ਅਤੇ ਦੋਵੇਂ ਹਨੀਮੂਨ ਲਈ ਜੰਮੂ-ਕਸ਼ਮੀਰ ਦੇ ਪਹਿਲਗਾਮ ਗਏ ਸਨ। ਬੀਤੇ ਦਿਨ ਦਹਿਸ਼ਤਗਰਦਾਂ ਨੇ ਹਿਮਾਂਸ਼ੀ ਦੇ ਸਾਹਮਣੇ ਨਰਵਾਲ ਦੀ ਹੱਤਿਆ ਕਰ ਦਿੱਤੀ ਗਈ। ਪੀਐੱਚਡੀ ਕਰ ਰਹੀ ਗੁਰੂਗ੍ਰਾਮ ਦੀ ਹਿਮਾਂਸ਼ੀ ਨੇ ਕਿਹਾ, ‘ਭਗਵਾਨ ਉਸ ਦੀ (ਵਿਨੈ ਨਰਵਾਲ) ਆਤਮਾ ਨੂੰ ਸ਼ਾਂਤੀ ਦੇਵੇ। ਸਾਨੂੰ ਉਸ ’ਤੇ ਹਰ ਤਰ੍ਹਾਂ ਨਾਲ ਮਾਣ ਹੋਣਾ ਚਾਹੀਦਾ ਹੈ ਅਤੇ ਅਸੀਂ ਉਸ ਨੂੰ ਹਰ ਤਰ੍ਹਾਂ ਨਾਲ ਮਾਣ ਦਿਵਾਵਾਂਗੇ।’
ਨਰਵਾਲ ਦੀ ਮ੍ਰਿਤਕ ਦੇਹ ਅੱਜ ਦੁਪਹਿਰ ਕਸ਼ਮੀਰ ਤੋਂ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਲਿਆਂਦੀ ਗਈ, ਜਿੱਥੋਂ ਉਸ ਨੂੰ ਹਰਿਆਣਾ ਦੇ ਕਰਨਾਲ ਵਿੱਚ ਲਿਆਂਦਾ ਗਿਆ। ਇਸ ਦੌਰਾਨ ਲੋਕਾਂ ਨੇ ਪਾਕਿਸਤਾਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਮਗਰੋਂ ਸਰਕਾਰੀ ਸਨਮਾਨਾਂ ਨਾਲ ਉਸ ਦਾ ਸਸਕਾਰ ਕਰ ਦਿੱਤਾ ਗਿਆ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੀ ਇਸ ਮੌਕੇ ਮੌਜੂਦ ਸਨ। ਇਸ ਦੌਰਾਨ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਵੀ ਹਵਾਈ ਅੱਡੇ ’ਤੇ ਨਰਵਾਲ (26) ਨੂੰ ਸ਼ਰਧਾਂਜਲੀ ਦਿੱਤੀ। ਸੈਣੀ ਨੇ ਅੱਜ ਸਵੇਰੇ ਨਰਵਾਲ ਦੇ ਦਾਦਾ ਨੂੰ ਵੀਡੀਓ ਕਾਲ ਕੀਤੀ। ਜਲ ਸੈਨਾ ਦੇ ਇੱਕ ਅਧਿਕਾਰੀ ਨੇ ਕਿਹਾ, ‘ਲੈਫਟੀਨੈਂਟ ਨਰਵਾਲ ਹਮੇਸ਼ਾ ਖੁਸ਼ ਰਹਿੰਦਾ ਸੀ ਅਤੇ ਆਪਣੇ ਫਰਜ਼ਾਂ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਸੀ।’ ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਜਲ ਸੈਨਾ ਉਸ ਦੇ (ਨਰਵਾਲ) ਪਰਿਵਾਰ ਨਾਲ ਹੈ। -ਪੀਟੀਆਈ
ਹਮਲਾਵਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ: ਸੈਣੀ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਸੈਲਾਨੀਆਂ ’ਤੇ ਹੋਏ ਹਮਲੇ ਲਈ ਜ਼ਿੰਮੇਵਾਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ, ‘ਅਸੀਂ ਸੈਲਾਨੀਆਂ ’ਤੇ ਹੋਏ ਕਾਇਰਾਨਾ ਅਤੇ ਯੋਜਨਾਬੱਧ ਹਮਲੇ ਦੀ ਸਖ਼ਤ ਨਿੰਦਾ ਕਰਦੇ ਹਾਂ। ਜਿਨ੍ਹਾਂ ਨੇ ਇਹ ਕਾਰਵਾਈ ਕੀਤੀ ਹੈ, ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।’