ਲਿਬਰੇਸ਼ਨ ਦੀ ਮਾਨਸਾ ਤਹਿਸੀਲ ਦਾ ਦੂਸਰਾ ਇਜਲਾਸ ਸਮਾਪਤ
ਜੋਗਿੰਦਰ ਸਿੰਘ ਮਾਨ
ਮਾਨਸਾ, 21 ਮਾਰਚ
ਸੀਪੀਆਈ (ਐੱਮਐੱਲ) ਲਿਬਰੇਸ਼ਨ ਦੀ ਤਹਿਸੀਲ ਮਾਨਸਾ (ਦਿਹਾਤੀ) ਦਾ ਦੂਸਰਾ ਇਜਲਾਸ ਅੱਜ ਕਰਵਾਇਆ ਗਿਆ। ਇਹ ਇਜਲਾਸ 23 ਮਾਰਚ ਦੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਤਾ ਗਿਆ। ਇਹ ਇਜਲਾਸ ਕਾਮਰੇਡ ਨਿਰਭੈ ਸਿੰਘ ਬੁਰਜ ਹਰੀ, ਹਾਕਮ ਸਿੰਘ ਖਿਆਲਾ, ਬਲਵਿੰਦਰ ਸਿੰਘ ਭੁਪਾਲ, ਅੰਗਰੇਜ਼ ਸਿੰਘ ਨੰਗਲ ਖੁਰਦ ਅਤੇ ਸੁਖਵਿੰਦਰ ਸਿੰਘ ਫਰਵਾਹੀ ਦੀ ਪ੍ਰਧਾਨਗੀ ਹੇਠ ਹੋਇਆ। ਇਜਲਾਸ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਲਿਬਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਰਾਜਵਿੰਦਰ ਰਾਣਾ ਨੇ ਪੰਜਾਬ ਸਰਕਾਰ ਵੱਲੋਂ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਲਈ ਚੰਡੀਗੜ੍ਹ ਬੁਲਾਏ ਕਿਸਾਨ ਆਗੂਆਂ ਨੂੰ ਵਾਪਸੀ ’ਤੇ ਗ੍ਰਿਫ਼ਤਾਰ ਕਰਨ ਅਤੇ ਕਿਸਾਨ ਮੋਰਚਿਆਂ ਖ਼ਿਲਾਫ਼ ਵੱਡਾ ਪੁਲੀਸ ਐਕਸ਼ਨ ਕਰਕੇ ਉਥੇ ਹਾਜ਼ਰ ਕਿਸਾਨਾਂ ਨੂੰ ਫੜਨ ਅਤੇ ਉਨ੍ਹਾਂ ਦੇ ਸਾਜ਼ੋ-ਸਾਮਾਨ ਨੂੰ ਬੁਲਡੋਜ਼ਰਾਂ ਨਾਲ ਨਸ਼ਟ ਕਰਨ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਮੰਗ ਕੀਤੀ ਕਿ ਗ੍ਰਿਫ਼ਤਾਰ ਕਿਸਾਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਕਾਮਰੇਡ ਰਾਣਾ ਨੇ ਕਿਹਾ ਕਿ ਭਗਵੰਤ ਮਾਨ ਨੇ ਉਦਯੋਗਪਤੀਆਂ ਤੇ ਵੱਡੇ ਵਪਾਰੀਆਂ ਨੂੰ ਖੁਸ਼ ਕਰਨ ਲਈ ਕਿਸਾਨ ਸੰਘਰਸ਼ ’ਤੇ ਜੋ ਹਮਲਾ ਵਿੱਢਿਆ ਹੈ, ਇਹ ਆਮ ਆਦਮੀ ਪਾਰਟੀ ਨੂੰ ਬਹੁਤ ਮਹਿੰਗਾ ਪਵੇਗਾ। ਇਸੇ ਦੌਰਾਨ 15 ਮੈਂਬਰੀ ਤਹਿਸੀਲ ਦਿਹਾਤੀ ਕਮੇਟੀ ਦੀ ਚੋਣ ਕੀਤੀ ਗਈ, ਜਿਸ ਦੇ ਸਕੱਤਰ ਕਾਮਰੇਡ ਨਿਰਭੈ ਸਿੰਘ ਬੁਰਜ ਹਰੀ ਅਤੇ ਖਜ਼ਾਨਚੀ ਕਾਮਰੇਡ ਬਲਵਿੰਦਰ ਸਿੰਘ ਭੁਪਾਲ ਨੂੰ ਚੁਣਿਆ ਗਿਆ ਅਤੇ ਬਾਕੀ ਅਹੁਦੇਦਾਰ ਚੁਣਨ ਦੇ ਉਨ੍ਹਾਂ ਨੂੰ ਅਧਿਕਾਰ ਦਿੱਤੇ ਗਏ। ਇਸ ਮੌਕੇ ਗੁਰਸੇਵਕ ਮਾਨਬੀਬੜੀਆਂ, ਨਛੱਤਰ ਖੀਵਾ, ਸੁਰਿੰਦਰ ਪਾਲ ਸ਼ਰਮਾ, ਬਲਵਿੰਦਰ ਕੌਰ ਖਾਰਾ, ਅਜੈਬ ਸਿੰਘ ਭੈਣੀਬਾਘਾ, ਕਾਮਰੇਡ ਦਿਨੇਸ਼ ਭੀਖੀ, ਦਲਜੀਤ ਕੌਰ, ਅੰਗਰੇਜ਼ ਸਿੰਘ ਨੰਗਲ, ਸੰਤੋਖ ਸਿੰਘ ਬੁਰਜ ਰਾਠੀ, ਗੁਰਜੰਟ ਸਿੰਘ ਉੱਭਾ, ਰਣਜੀਤ ਸਿੰਘ ਤਾਮਕੋਟ, ਜਗਤਾਰ ਸਿੰਘ ਸਹਾਰਨਾ ਨੇ ਵੀ ਸੰਬੋਧਨ ਕੀਤਾ।