ਰੇਲ ਅੱਗੇ ਛਾਲ ਮਾਰ ਕੇ ਆਤਮ ਹੱਤਿਆ
ਨਵੀਂ ਦਿੱਲੀ, 5 ਅਪਰੈਲ
ਇੱਥੇ ਝੰਡੇਵਾਲਾ ਸਥਿਤ ਆਮਦਨ ਕਰ ਵਿਭਾਗ ਦੇ 23 ਸਾਲਾ ਕਰਮਚਾਰੀ ਨੇ ਇੱਕ ਮਾਮਲੇ ਵਿੱਚ ਕਥਿਤ ਤੌਰ ’ਤੇ ਗਲਤ ਢੰਗ ਨਾਲ ਫਸਾਉਣ ਮਗਰੋਂ ਨਵੀਂ ਦਿੱਲੀ ਦੇ ਰੇਲਵੇ ਸਟੇਸ਼ਨ ਕੋਲ ਰੇਲ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਪੁਲੀਸ ਸੂਤਰਾਂ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਪਤਾ ਲੱਗਿਆ ਕਿ ਵਿਜੈ ਵਰਮਾ ਨੇ ਆਤਮਹੱਤਿਆ ਕਰਨ ਤੋਂ ਪਹਿਲਾਂ ਪਹਿਲੀ ਅਪਰੈਲ ਨੂੰ ਆਪਣੇ ਪਰਿਵਾਰ ਨੂੰ ਆਡੀਓ ਸੰਦੇਸ਼ ਭੇਜੇ ਸਨ। ਇਸ ਵਿੱਚ ਕਿਹਾ ਗਿਆ ਸੀ ਕਿ ਉਹ ਆਪਣੇ ਦਫ਼ਤਰ ਵਿੱਚ ਇੱਕ ਮਾਮਲੇ ਵਿੱਚ ਗਲਤ ਢੰਗ ਨਾਲ ਫਸਾਏ ਜਾਣ ਕਾਰਨ ਪ੍ਰੇਸ਼ਾਨ ਹੈ। ਸੂਤਰਾਂ ਨੇ ਦੱਸਿਆ ਕਿ ਵਿਜੈ ਨੇ ਆਡੀਓ ਕਲਿਪ ਵਿੱਚ ਕਿਹਾ ਕਿ ਉਸ ਨੇ ਕੋਈ ਗਲਤੀ ਨਹੀਂ ਕੀਤੀ ਅਤੇ ਉਸ ਨੇ ਸਵਾਲ ਕੀਤਾ ਕਿ ਉਸ ਨੂੰ ਸਜ਼ਾ ਕਿਉਂ ਦਿੱਤੀ ਜਾ ਰਹੀ ਹੈ। ਪੁਲੀਸ ਅਧਿਕਾਰੀ (ਰੇਲਵੇ) ਕੇਪੀਐੱਸ ਮਲਹੋਤਰਾ ਨੇ ਦੱਸਿਆ ਕਿ ਮੱਧ ਪ੍ਰਦੇਸ਼ ਦੇ ਭਿੰਡ ਦਾ ਮੂਲ ਨਿਵਾਸੀ ਵਿਜੈ ਆਪਣੇ ਪਰਿਵਾਰ ਨਾਲ ਮਿੰਟੋ ਰੋਡ ਸਥਿਤ ‘ਸੀਜੀਆਰਸੀ ਕੰਪਲੈਕਸ ਸਟਾਫ਼ ਕੁਆਰਟਰ’ ਵਿੱਚ ਰਹਿੰਦਾ ਸੀ। ਉਨ੍ਹਾਂ ਦੱਸਿਆ ਕਿ ਅੱਜ ਦੁਪਹਿਰੇ ਨਵੀਂ ਦਿੱਲੀ ਦੇ ਰੇਲਵੇ ਸਟੇਸ਼ਨ ਪੁਲੀਸ ਨੂੰ ਇਸ ਸਬੰਧੀ ਸੂਚਨਾ ਮਿਲੀ।
ਇਸ ਵਿੱਚ ਦੱਸਿਆ ਗਿਆ ਕਿ ਸਿਗਨਲ ਨੰਬਰ 144 ਨੇੜੇ ਇੱਕ ਵਿਅਕਤੀ ਰੇਲ ਦੇ ਹੇਠਾਂ ਆ ਗਿਆ। ਮੌਕੇ ’ਤੇ ਪੁੱਜੀ ਪੁਲੀਸ ਟੀਮ ਨੇ ਮੋਬਾਈਲ ਫੋਨ ਦੀ ਮਦਦ ਮ੍ਰਿਤਕ ਦੀ ਪਛਾਣ ਕੀਤੀ। ਮਲਹੋਤਰਾ ਨੇ ਦੱਸਿਆ ਕਿ ਮੌਕੇ ’ਤੇ ਹਾਜ਼ਰ ਲੋਕਾਂ ਅਤੇ ਰੇਲ ਡਰਾਈਵਰ ਨੇ ਦੱਸਿਆ ਕਿ ਪਟੜੀ ਕੋਲ ਬੈਠਾ ਨੌਜਵਾਨ ਸਾਹਮਣੇ ਤੋਂ ਆ ਰਹੀ ਰੇਲ ਵੱਲ ਭੱਜਿਆ। ਲਾਸ਼ ਨੂੰ ਐੱਲਐੱਚਐੱਮਸੀ (ਲੇਡੀ ਹਾਡਿੰਗ ਮੈਡੀਕਲ ਕਾਲਜ) ਵਿੱਚ ਰੱਖਿਆ ਗਿਆ ਹੈ। ਪੁਲੀਸ ਕਾਰਵਾਈ ਵਿੱਚ ਜੁਟ ਗਈ ਹੈ। -ਪੀਟੀਆਈ