ਰੂਸ ਵੱਲੋਂ ਯੂਕਰੇਨ ਤੋਂ ਕੁਰਸਕ ਦਾ ਸਭ ਤੋਂ ਵੱਡਾ ਸ਼ਹਿਰ ਵਾਪਸ ਲੈਣ ਦਾ ਦਾਅਵਾ
ਮਾਸਕੋ, 13 ਮਾਰਚ
ਰੂਸੀ ਫੌਜਾਂ ਨੇ ਰੂਸ ਦੇ ਕੁਰਸਕ ਸਰਹੱਦੀ ਖੇਤਰ ਦੇ ਸਭ ਤੋਂ ਵੱਡੇ ਸ਼ਹਿਰ ਤੋਂ ਯੂਕਰੇਨੀ ਸੈਨਾ ਨੂੰ ਖਦੇੜ ਦਿੱਤਾ ਹੈ। ਰੂਸ ਦੇ ਰੱਖਿਆ ਮੰਤਰਾਲੇ ਦਾ ਦਾਅਵਾ ਹੈ ਕਿ ਉਸ ਨੇ ਸੁਦਜ਼ਾ ਸ਼ਹਿਰ ਨੂੰ ਮੁੜ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਇਸ ਤੋਂ ਕੁਝ ਘੰਟੇ ਪਹਿਲਾਂ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਫੌਜੀ ਵਰਦੀ ਵਿੱਚ ਕੁਰਸਕ ਸਥਿਤ ਫੌਜ ਦੇ ਹੈੱਡਕੁਆਰਟਰ ਵਿੱਚ ਆਪਣੇ ਕਮਾਂਡਰਾਂ ਨਾਲ ਮੁਲਾਕਾਤ ਕੀਤੀ ਪਰ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਯੂਕਰੇਨ ਦੇ ਅਧਿਕਾਰੀਆਂ ਨੇ ਦਾਅਵੇ ’ਤੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ। ਰੂਸੀ ਫੌਜ ਵੱਲੋਂ ਹਮਲਿਆਂ ਵਿੱਚ ਵਾਧਾ ਅਤੇ ਪੂਤਿਨ ਦਾ ਆਪਣੇ ਕਮਾਂਡਰਾਂ ਨਾਲ ਮਿਲਣਾ ਅਜਿਹੇ ਸਮੇਂ ਵਿੱਚ ਹੋਇਆ ਹੈ, ਜਦੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਜੰਗ ਨੂੰ ਕੂਟਨੀਤਕ ਤੌਰ ’ਤੇ ਖ਼ਤਮ ਕਰਨ ’ਤੇ ਜ਼ੋਰ ਦੇ ਰਹੇ ਹਨ। ਇਸੇ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਸ਼ਾਂਤੀ ਸਬੰਧੀ ਕੋਸ਼ਿਸ਼ਾਂ ਵਿੱਚ ਸ਼ਾਮਲ ਨਾ ਹੋਣ ’ਤੇ ਰੂਸ ਉੱਤੇ ਨਵੀਆਂ ਪਾਬੰਦੀਆਂ ਲਗਾਉਣ ਦੀ ਧਮਕੀ ਦਿੱਤੇ ਜਾਣ ਤੋਂ ਬਾਅਦ ਅੱਜ ਅਮਰੀਕੀ ਵਾਰਤਾਕਾਰ ਸਟੀਵ ਵਿਟਕੌਫ ਦੇ ਰੂਸ ਪੁੱਜਣ ਦਾ ਪਤਾ ਲੱਗਾ ਹੈ। ਰੂਸੀ ਖ਼ਬਰ ਏਜੰਸੀਆਂ ਨੇ ਅੱਜ ਕਿਹਾ ਕਿ ਵਿਟਕੌਫ ਦਾ ਜਹਾਜ਼ ਮਾਸਕੋ ਵਿੱਚ ਉਤਰ ਚੁੱਕਾ ਹੈ। ਕਰੈਮਲਿਨ ਦੇ ਤਰਜਮਾਨ ਦਮਿਤਰੀ ਪੈਸਕੋਵ ਨੇ ਅੱਜ ਕਿਹਾ ਕਿ ਅਮਰੀਕੀ ਵਾਰਤਾਕਾਰ ਰੂਸ ਪਹੁੰਚ ਰਹੇ ਹਨ ਪਰ ਜੰਗਬੰਦੀ ਦੀ ਤਜਵੀਜ਼ ਬਾਰੇ ਮਾਸਕੋ ਦੇ ਵਿਚਾਰ ’ਤੇ ਉਹ ਕੋਈ ਟਿੱਪਣੀ ਨਹੀਂ ਕਰਨਗੇ। ਉੱਧਰ, ਅਮਰੀਕਾ ਦੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਅਗਲੇ ਕੁਝ ਦਿਨਾਂ ਵਿੱਚ ਰੂਸ ਵੱਲੋਂ ਯੂਕਰੇਨ ’ਤੇ ਹਮਲੇ ਰੋਕ ਦਿੱਤੇ ਜਾਣਗੇ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ ਵਿਦੇਸ਼ ਨੀਤੀ ਸਲਾਹਕਾਰ ਯੂਰੀ ਉਸ਼ਾਕੋਵ ਨੇ ਟੀਵੀ ’ਤੇ ਪ੍ਰਸਾਰਿਤ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਅਮਰੀਕਾ ਵੱਲੋਂ ਪ੍ਰਸਤਾਵਿਤ ਅਸਥਾਈ ਜੰਗਬੰਦੀ ‘ਯੂਕਰੇਨੀ ਫੌਜ ਲਈ ਇਕ ਅਸਥਾਈ ਆਰਾਮ’ ਹੋਵੇਗਾ। ਉਨ੍ਹਾਂ ਕਿਹਾ ਕਿ ਰੂਸ ਇਕ ਲੰਬੇ ਸਮੇਂ ਦਾ ਹੱਲ ਚਾਹੁੰਦਾ ਹੈ ਜਿਸ ਵਿੱਚ ਮਾਸਕੋ ਦੇ ਹਿੱਤਾਂ ਤੇ ਚਿੰਤਾਵਾਂ ਨੂੰ ਧਿਆਨ ਵਿੱਚ ਰੱਖਿਆ ਜਾਵੇ।’’ ਉਨ੍ਹਾਂ ਇਹ ਬਿਆਨ ਵ੍ਹਾਈਟ ਹਾਊਸ ਦੇ ਕੌਮੀ ਸੁਰੱਖਿਆ ਸਲਾਹਕਾਰ ਮਾਈਕ ਵਾਲਟਜ਼ ਨਾਲ ਫੋਨ ’ਤੇ ਹੋਈ ਗੱਲਬਾਤ ਤੋਂ ਇਕ ਦਿਨ ਬਾਅਦ ਦਿੱਤਾ ਹੈ। ਇਸ ਤੋਂ ਪਹਿਲਾਂ ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੋਲੀਨ ਲੀਵਿਟ ਨੇ ਫੌਕਸ ਨਿਊਜ਼ ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ਕੌਮੀ ਸੁਰੱਖਿਆ ਸਲਾਹਕਾਰ ਮਾਈਕ ਵਾਲਟਜ਼ ਨੇ ਬੁੱਧਵਾਰ ਨੂੰ ਆਪਣੇ ਰੂਸੀ ਹਮਰੁਤਬਾ ਨਾਲ ਗੱਲਬਾਤ ਕੀਤੀ ਹੈ। ਉਨ੍ਹਾਂ ਨੇ ਇਸ ਗੱਲ ਦੀ ਪੁਸ਼ਟੀ ਵੀ ਕੀਤੀ ਸੀ ਕਿ ਟਰੰਪ ਦੇ ਵਿਸ਼ੇਸ਼ ਦੂਤ ਸਟੀਵ ਵਿਟਕੌਫ ਰੂਸੀ ਅਧਿਕਾਰੀਆਂ ਨਾਲ ਗੱਲਬਾਤ ਕਰਨ ਲਈ ਮਾਸਕੋ ਜਾ ਰਹੇ ਹਨ। ਇਸ ਦੌਰਾਨ ਜੇਕਰ ਸੰਭਵ ਹੋ ਸਕਿਆ ਤਾਂ ਉਹ ਪੂਤਿਨ ਨੂੰ ਵੀ ਮਿਲਣਗੇ। -ਏਪੀ