ਦੇਸ਼ ਜਦੋਂ ਵਪਾਰਕ ਜੰਗ ’ਚ ਕੁੱਦਣਗੇ ਤਾਂ ਸਭ ਕੁੱਝ ਗੁਆ ਦੇਣਗੇ: ਗੁਟੇਰੇਜ਼
ਸੰਯੁਕਤ ਰਾਸ਼ਟਰ, 13 ਮਾਰਚ
ਟਰੰਪ ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤੀਆਂ ਗਈਆਂ ਟੈਰਿਫ ਜੰਗਾਂ ਦੇ ਪਿਛੋਕੜ ਵਿੱਚ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਚਿਤਾਵਨੀ ਦਿੱਤੀ ਹੈ ਕਿ ਜਦੋਂ ਦੇਸ਼ ਵਪਾਰਕ ਜੰਗ ਵਿੱਚ ਕੁੱਦਣਗੇ ਤਾਂ ਸਭ ਕੁਝ ਗੁਆ ਦੇਣਗੇ। ਗੁਟੇਰੇਜ਼ ਨੇ ਬੁੱਧਵਾਰ ਨੂੰ ਇੱਥੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਅਸੀਂ ਇਕ ਆਲਮੀ ਅਰਥਚਾਰੇ ਵਿੱਚ ਰਹਿੰਦੇ ਹਾਂ। ਸਭ ਕੁਝ ਆਪਸ ਵਿੱਚ ਜੁੜਿਆ ਹੋਇਆ ਹੈ ਅਤੇ ਜ਼ਾਹਿਰ ਹੈ ਕਿ ਮੁਕਤ ਵਪਾਰ ਦੀ ਸਥਿਤੀ ਸਾਰੇ ਦੇਸ਼ਾਂ ਲਈ ਫਾਇਦੇਮੰਦ ਹੋਵੇਗੀ, ਜਦੋਂ ਅਸੀਂ ਵਪਾਰਕ ਜੰਗ ਵਿੱਚ ਕੁੱਦਾਂਗੇ ਤਾਂ ਮੇਰਾ ਮੰਨਣਾ ਹੈ ਕਿ ਸਭ ਕੁਝ ਗੁਆ ਦੇਵਾਂਗੇ।’’ ਉਹ ਵਧਦੀ ਆਲਮੀ ਵਪਾਰਕ ਜੰਗ ਬਾਰੇ ਇਕ ਸਵਾਲ ਦਾ ਜਵਾਬ ਦੇ ਰਹੇ ਸਨ।
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵ੍ਹਾਈਟ ਹਾਊਸ ਵਿੱਚ ਆਪਣੇ ਦੂਜੇ ਕਾਰਜਕਾਲ ਦੌਰਾਨ ਕਿਹਾ ਹੈ ਕਿ ਅਮਰੀਕਾ ਉਨ੍ਹਾਂ ਦੇਸ਼ਾਂ ’ਤੇ ਮੋੜਵੇਂ ਟੈਕਸ ਲਗਾਏਗਾ ਜਿਹੜੇ ਅਮਰੀਕੀ ਵਸਤਾਂ ’ਤੇ ਮੋਟੇ ਟੈਕਸ ਲਗਾਉਂਦੇ ਹਨ। ਟਰੰਪ ਦਾ ਕਹਿਣਾ ਹੈ, ‘‘ਅਮਰੀਕਾ ਸੈਂਕੜੇ ਅਰਬ ਡਾਲਰ ਦਾ ਟੈਕਸ ਲੈਣ ਜਾ ਰਿਹਾ ਹੈ ਅਤੇ ਅਸੀਂ ਐਨੇ ਅਮੀਰ ਹੋ ਜਾਵਾਂਗੇ ਕਿ ਤੁਹਾਨੂੰ ਪਤਾ ਹੀ ਨਹੀਂ ਲੱਗੇਗਾ ਕਿ ਐਨਾ ਸਾਰਾ ਪੈਸਾ ਕਿੱਥੇ ਖਰਚ ਕਰਨਾ ਹੈ।’’ -ਪੀਟੀਆਈ