ਯੂਨੀਵਰਸਿਟੀ ਕਾਮਿਆਂ ਵੱਲੋਂ ਪ੍ਰੀਖਿਆ ਸ਼ਾਖਾ ਦਾ ਕੰਮਕਾਜ ਠੱਪ ਕਰ ਕੇ ਨਾਅਰੇਬਾਜ਼ੀ
ਸਰਬਜੀਤ ਸਿੰਘ ਭੰਗੂ
ਪਟਿਆਲਾ, 25 ਮਾਰਚ
ਆਪਣੀਆਂ ਮੰਗਾਂ ਦੀ ਪੂਰਤੀ ਲਈ ਪੰਜਾਬੀ ਯੂਨੀਵਰਸਿਟੀ ਵਿੱਚ ਗੈਰ ਅਧਿਆਪਨ ਕਰਮਚਾਰੀਆਂ ਵੱਲੋਂ ਅੱਜ ਦੂਜੇ ਦਿਨ ਵੀ ਧਰਨਾ ਮਾਰ ਕੇ ਪ੍ਰੀਖਿਆ ਸ਼ਾਖਾ ਦਾ ਕੰਮਕਾਜ ਠੱਪ ਰੱਖਿਆ। ਇਸ ਦੌਰਾਨ ਭਾਵੇਂ ਕਿ ਦੇਰ ਸ਼ਾਮ ਯੂਨੀਵਰਸਿਟੀ ਦੇ ਅਧਿਕਾਰੀਆਂ ਅਤੇ ਮੁਲਾਜ਼ਮ ਆਗੂਆਂ ਦਰਮਿਆਨ ਗੱਲਬਾਤ ਵੀ ਹੋਈ, ਪਰ ਇਹ ਮੀਟਿੰਗਾ ਬੇਸਿੱਟਾ ਰਹੀ। ਉਧਰ ਕਰਮਚਾਰੀ ਆਗੂਆਂ ਦਾ ਕਹਿਣਾ ਹੈ ਕਿ ਪਿਛਲੇ ਦਿਨੀਂ ਹੋਈ ਸਿੰਡੀਕੇਟ ਦੀ ਮੀਟਿੰਗ ’ਚ ਕਰਮਚਾਰੀਆਂ ਦੇ ਏਜੰਡਿਆਂ ਨੂੰ ਲਾਗੂ ਨਾ ਕਰਕੇ ਜ਼ਿਆਦਤੀ ਕੀਤੀ ਗਈ ਹੈ।
ਅੱਜ ਦੇ ਧਰਨੇ ਦੌਰਾਨ ਕਰਮਚਾਰੀ ਆਗੂ ਰਾਜਿੰਦਰ ਸਿੰਘ ਬਾਗੜੀਆਂ, ਗੁਰਿੰਦਰਪਾਲ ਬੱਬੀ, ਗੁਰਜੀਤ ਗੋਪਾਲਪੁਰੀ, ਗਗਨ ਸ਼ਰਮਾ, ਅਮਰਜੀਤ ਕੌਰ ਤੇ ਤੇਜਿੰਦਰ ਸਿੰਘ ਸਮੇਤ ਹੋਰਨਾਂ ਨੇ ਵੀ ਸ਼ਿਰਕਤ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਜਿੰਨਾ ਚਿਰ ਕਰਮਚਾਰੀਆਂ ਦੀਆਂ ਮੰਗਾਂ ਦੀ ਪੂਰਤੀ ਨਹੀ ਹੁੰਦੀ, ਉਹ ਸੰਘਰਸ਼ ਜਾਰੀ ਰੱਖਣਗੇ।
ਰਾਜਿੰਦਰ ਸਿੰਘ ਬਾਗੜੀਆਂ ਦਾ ਕਹਿਣਾ ਸੀ ਕਿ ਮੁਲਾਜ਼ਮ ਤੇ ਭਰਾਤਰੀ ਜਥੇਬੰਦੀਆਂ ਦੀ ਪ੍ਰਸ਼ਾਸਨ ਨਾਲ ਲੰਮੀ ਚੱਲੀ ਗੱਲਬਾਤ ਦੌਰਾਨ ਕੋਈ ਸਹਿਮਤੀ ਨਾ ਬਣ ਸਕੀ ਕਿਉਂਕਿ ਕਰਮਚਾਰੀਆਂ ਦੇ ਮਸਲਿਆਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ। ਉਨ੍ਹਾ ਦਾ ਕਹਿਣਾ ਸੀ ਕਿ ਅਧਿਆਪਨ ਵਰਗ ਦੇ ਕੰਮ ਪਹਿਲ ਦੇ ਆਧਾਰ ’ਤੇ ਹੋ ਰਹੇ ਹਨ ਪਰ ਮੁਲਾਜ਼ਮਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਇਸ ਕਰਕੇ ਕਰਮਚਾਰੀਆਂ ਦੇ ਮਾਣ ਸਨਮਾਨ ਨੂੰ ਠੇਸ ਪਹੁੰਚਾਈ ਜਾ ਰਹੀ ਹੈ। ਅੱਜ ਦੇ ਧਰਨੇ ਨੂੰ ਅੱਗੇ ਵਧਾਉਣ ਲਈ ਸਹਿਮਤੀ ਪ੍ਰਗਟਾਈ ਗਈ ਅਤੇ ਕਰਮਚਾਰੀਆਂ ਨੂੰ ਸਮੇਂ ਸਿਰ ਧਰਨੇ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਧਰਨੇ ਦੌਰਾਨ ਪ੍ਰਦੀਪ ਮਹਿਤਾ, ਸੁਖਵਿੰਦਰ ਸੁੱਖੀ, ਦੇਵਕੀ, ਨਵਦੀਪ ਸਿੰਘ, ਗੁਰਪਿਆਰ ਸਿੰਘ, ਪ੍ਰਕਾਸ਼ ਧਾਲੀਵਾਲ, ਲੱਖੀ ਰਾਮ, ਕੰਵਲਜੀਤ ਸਿੰਘ, ਗੁਰਪ੍ਰੀਤ ਸਿੰਘ ਜੋਨੀ, ਪ੍ਰਭਜੋਤ ਸਿੰਘ, ਭੁਪਿੰਦਰ ਸਿੰਘ, ਸੁਰਿੰਦਰ ਕੌਰ,ਨੀਲਮ ਰਾਣੀ, ਜਗਤਾਰ ਸਿੰਘ ਆਦਿ ਵੱਡੀ ਗਿਣਤੀ ਵਿੱਚ ਕਰਮਚਾਰੀ ਮੌਜੂਦ ਰਹੇ।