ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਯੂਕਰੇਨ ਜੰਗ: ਅਮਰੀਕੀ ਭੂਮਿਕਾ ਸਵਾਲਾਂ ਦੇ ਘੇਰੇ ’ਚ

11:35 AM May 05, 2023 IST

ਨੀਰਜ ਸ੍ਰੀਵਾਸਤਵ

Advertisement

ਲੰਘੀ 7 ਅਪਰੈਲ ਨੂੰ ‘ਦਿ ਨਿਊ ਯਾਰਕ ਟਾਈਮਜ਼’ ਅਖ਼ਬਾਰ ਵਿਚ ਰਿਪੋਰਟ ਛਪੀ ਸੀ ਕਿ ਅਮਰੀਕੀ ਫ਼ੌਜ ਦੇ ਬਹੁਤ ਹੀ ਗੁਪਤ ਕਰੀਬ 100 ਦਸਤਾਵੇਜ਼ ਟਵਿਟਰ ਅਤੇ ਟੈਲੀਗ੍ਰਾਮ ਸਣੇ ਸੋਸ਼ਲ ਮੀਡੀਆ ਦੀਆਂ ਵੱਖ ਵੱਖ ਸਾਈਟਾਂ ‘ਤੇ ਜਾਰੀ ਹੋ ਗਏ ਹਨ। ਇਨ੍ਹਾਂ ਵਿਚ ਯੂਕਰੇਨ ਜੰਗ ਨਾਲ ਸੰਬੰਧਿਤ ਅਮਰੀਕਾ ਦੀ ਰਣਨੀਤੀ ਅਤੇ ਕਈ ਹੋਰ ਸੰਵੇਦਨਸ਼ੀਲ ਵੇਰਵੇ ਸ਼ਾਮਲ ਹਨ। ਅਮਰੀਕੀ ਮੀਡੀਆ ਵਿਚ ਇਸ ਨੂੰ 2013 ਵਿਚ ਹੋਏ ਐਡਵਰਡ ਸਨੋਡਰ ਕਾਂਡ ਤੋਂ ਲੈ ਕੇ ਹੁਣ ਤੱਕ ‘ਸੁਰੱਖਿਆ ਤੰਤਰ ਵਿਚ ਸਭ ਤੋਂ ਵੱਡੀ ਸੰਨ੍ਹ’ ਕਰਾਰ ਦਿੱਤਾ ਜਾ ਰਿਹਾ ਹੈ।

ਇਨ੍ਹਾਂ ਦਸਤਾਵੇਜ਼ਾਂ ਵਿਚ ਕਾਫ਼ੀ ਅਹਿਮ ਫ਼ੌਜੀ ਜਾਣਕਾਰੀ ਸ਼ਾਮਲ ਹੈ ਜਿਵੇਂ ਯੁੱਧ ਵਿਚ ਦੋਵੇਂ ਧਿਰਾਂ ਦਾ ਕਿੰਨਾ ਜਾਨੀ ਨੁਕਸਾਨ ਹੋਇਆ ਅਤੇ ਅਮਰੀਕਾ ਤੇ ਨਾਟੋ ਦੇ ਹੋਰ ਭਿਆਲ ਮੁਲਕਾਂ ਨੇ ਯੂਕਰੇਨ ਨੂੰ ਕਿੰਨੇ ਹਥਿਆਰ ਸਪਲਾਈ ਕੀਤੇ ਅਤੇ ਉਨ੍ਹਾਂ ਦੀ ਕਾਰਗੁਜ਼ਾਰੀ ਕਿਹੋ ਜਿਹੀ ਰਹੀ ਹੈ। ਇਨ੍ਹਾਂ ਖੁਲਾਸਿਆਂ ਨਾਲ ਰੂਸ ਖਿਲਾਫ਼ ਯੂਕਰੇਨ ਦੇ ਲੜਨ ਦੀ ਸਮੱਰਥਾ ‘ਤੇ ਮਾੜਾ ਅਸਰ ਪੈ ਸਕਦਾ ਹੈ। ਪੱਛਮੀ ਦੇਸ਼ਾਂ ਦੇ ਮੀਡੀਆ ਦੀਆਂ ਰਿਪੋਰਟਾਂ ਤੋਂ ਸੰਕੇਤ ਮਿਲਦਾ ਹੈ ਕਿ ਦਸਤਾਵੇਜ਼ਾਂ ਦੀਆਂ ਤਸਵੀਰਾਂ ਪਿਛਲੇ ਕਰੀਬ ਇਕ ਮਹੀਨੇ ਤੋਂ ਵੀਡੀਓ ਗੇਮਾਂ ਲਈ ਮਸ਼ਹੂਰ ਮੈਸੇਜਿੰਗ ਪਲੈਟਫਾਰਮ ਡਿਸਕੌਰਡ ‘ਤੇ ਵਾਇਰਲ ਕੀਤੀਆਂ ਜਾ ਰਹੀਆਂ ਸਨ। ਇਨ੍ਹਾਂ ਵਿਚੋਂ ਕੁਝ ਤਸਵੀਰਾਂ ‘ਟੌਪ ਸੀਕਰੇਟ’ ਅਤੇ ‘ਨੋਫੌਰੇਨ’ (ਵਿਦੇਸ਼ੀ ਲੋਕਾਂ ਦੇ ਦੇਖਣ ਲਈ ਨਹੀਂ) ਦਾ ਨਿਸ਼ਾਨ ਲੱਗਿਆ ਸੀ ਜਿਸ ਤੋਂ ਪਤਾ ਲੱਗਦਾ ਸੀ ਕਿ ਇਹ ਸੰਵੇਦੇਨਸ਼ੀਲ ਜਾਣਕਾਰੀ ਹੈ ਪਰ ਜਦੋਂ ਇਸ ਨੂੰ ਦਬਾਇਆ ਨਾ ਜਾ ਸਕਿਆ ਤਾਂ ਇਹ ਮੁੱਖਧਾਰਾ ਦੇ ਮੀਡੀਆ ਵਿਚ ਫੈਲ ਗਈ।

Advertisement

13 ਅਪਰੈਲ ਨੂੰ ਐਫਬੀਆਈ ਨੇ ਦਸਤਾਵੇਜ਼ ਜਾਰੀ ਕਰਨ ਦੇ ਦੋਸ਼ ਵਿਚ ਯੂਐਸ ਏਅਰ ਨੈਸ਼ਨਲ ਗਾਰਡ ਦੇ 21 ਸਾਲਾ ਮੈਂਬਰ ਨੂੰ ਗ੍ਰਿਫ਼ਤਾਰ ਕੀਤਾ। ਉਂਝ, ਕੁਝ ਟਿੱਪਣੀਕਾਰਾਂ ਨੇ ਇਸ ਗ੍ਰਿਫ਼ਤਾਰੀ ‘ਤੇ ਸਵਾਲ ਉਠਾਇਆ ਸੀ ਕਿ ਕਿਸੇ ਐਨੇ ਜੂਨੀਅਰ ਮੁਲਾਜ਼ਮ ਦੀ ਅਜਿਹੇ ਬੇਹੱਦ ਸੰਵੇਦਨਸ਼ੀਲ ਦਸਤਾਵੇਜ਼ ਤੱਕ ਪਹੁੰਚ ਕਿਵੇਂ ਹੋ ਸਕਦੀ ਹੈ। ਲੀਕ ਹੋਏ ਦਸਤਾਵੇਜ਼ਾਂ ‘ਤੇ ਪੈਂਟਾਗਨ ਅਤੇ ਹੋਰਨਾਂ ਅਮਰੀਕੀ ਏਜੰਸੀਆਂ ਦੀ ਮੋਹਰ ਲੱਗੀ ਹੋਈ ਹੈ ਜਿਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯੂਕਰੇਨ ਵਿਚ ਇਕ ਕਿਸਮ ਦੀ ਲੁਕਵੀਂ ਜੰਗ ਚੱਲ ਰਹੀ ਹੈ ਜਿਸ ਵਿਚ ਇਕ ਪਾਸੇ ਅਮਰੀਕਾ ਤੇ ਇਸ ਦੇ ਨਾਟੋ ਸੰਗੀ ਹਨ, ਦੂਜੇ ਪਾਸੇ ਰੂਸ ਹੈ। ਯੂਕਰੇਨ ਲਈ ਯੋਜਨਾਬੰਦੀ, ਹਥਿਆਰਾਂ ਦੀ ਸਪਲਾਈ ਅਤੇ ਸੰਯੁਕਤ ਰਾਸ਼ਟਰ ਵਿਚ ਸਿਆਸੀ ਛੱਤਰੀ ਪੱਛਮੀ ਦੇਸ਼ਾਂ ਨੇ ਮੁਹੱਈਆ ਕਰਵਾਈ। ਜੰਗ ਦੇ ਮੰਤਵਾਂ ਵਿਚ ਯੂਕਰੇਨ ਦਾ ਕ੍ਰਾਇਮੀਆ ਖੇਤਰ ‘ਤੇ ਮੁੜ ਕਬਜ਼ਾ ਕਰਨਾ ਅਤੇ ਵਲਾਦੀਮੀਰ ਪੂਤਿਨ ਨੂੰ ਰਾਸ਼ਟਰਪਤੀ ਦੇ ਅਹੁਦੇ ਤੋਂ ਹਟਾਉਣਾ ਸ਼ਾਮਲ ਹਨ।

‘ਲੀਕੇਜ’ ਨਾਲ ਯੂਕਰੇਨੀ ਫ਼ੌਜ ਦੇ ‘ਸਪ੍ਰਿੰਗ (ਬਹਾਰ ਰੁੱਤ) ਹਮਲੇ’ ਉਪਰ ਵੀ ਸਵਾਲੀਆ ਚਿੰਨ੍ਹ ਲੱਗ ਗਿਆ ਹੈ ਜਿਸ ਤਹਿਤ ਆਪਣੇ ਇਲਾਕੇ ਰੂਸੀ ਕਬਜ਼ੇ ਤੋਂ ਮੁਕਤ ਕਰਵਾਏ ਜਾਣੇ ਸਨ। ਇਸ ਵੇਲੇ ਯੂਕਰੇਨ ਦਾ ਕਰੀਬ 20 ਫ਼ੀਸਦ ਖੇਤਰ ਰੂਸ ਦੇ ਕਬਜ਼ੇ ਹੇਠ ਹੈ। ਸਮਝਿਆ ਜਾ ਰਿਹਾ ਹੈ ਕਿ ਇਹ ਘਟਨਾ ਨਾਟੋ ਵਿਚ ਪਈਆਂ ਤ੍ਰੇੜਾਂ ਦਾ ਸੰਕੇਤ ਹੈ ਜਿਸ ਕਰ ਕੇ ਇਹ ਦਸਤਾਵੇਜ਼ ਲੀਕ ਹੋਏ ਹਨ ਅਤੇ ਇੰਝ ਅਮਰੀਕਾ ਕਸੂਤੀ ਸਥਿਤੀ ਵਿਚ ਫਸਿਆ ਮਹਿਸੂਸ ਕਰ ਰਿਹਾ ਹੈ। ਕੁਝ ਅਮਰੀਕੀ ਅਧਿਕਾਰੀਆਂ ਨੇ ਭਾਵੇਂ ਦਸਤਾਵੇਜ਼ ਲੀਕ ਹੋਣ ਪਿੱਛੇ ਰੂਸ ਦਾ ਹੱਥ ਦੱਸਿਆ ਹੈ ਪਰ ਬਹੁਤ ਸਾਰੇ ਸਮੀਖਿਅਕਾਂ ਦਾ ਖਿਆਲ ਹੈ ਕਿ ਇਸ ਦਾ ਸਰੋਤ ਅਮਰੀਕਾ ਜਾਂ ਨਾਟੋ ਵਿਚੋਂ ਕੋਈ ਵੀ ਹੋ ਸਕਦਾ ਹੈ।

ਪਿਛਲੇ ਕੁਝ ਸਮੇਂ ਤੋਂ ਯੂਕਰੇਨ ਫ਼ੌਜ ਦੇ ਹਾਲਾਤ ਬਹੁਤ ਵਧੀਆ ਨਹੀਂ ਹਨ ਜਿਸ ਉਪਰ ਰੂਸ ਫ਼ੌਜ ਅਤੇ ਭਾੜੇ ਦੀ ਮਿਲੀਸ਼ੀਆ ‘ਵੈਗਨਰ’ ਲਗਾਤਾਰ ਗੋਲੀਬਾਰੀ ਤੇ ਬੰਬਾਰੀ ਕਰ ਰਹੀਆਂ ਹਨ। ਰੂਸੀ ਦਸਤਿਆਂ ਨੇ ਬਖ਼ਮੁਤ ਸ਼ਹਿਰ ‘ਤੇ ਆਪਣੀ ਪਕੜ ਮਜ਼ਬੂਤ ਬਣਾ ਲਈ ਹੈ ਜਿਸ ਨੂੰ ਪੂਰਬੀ ਸੂਬੇ ਦੋਨੇਤਸਕ ‘ਤੇ ਕਾਬਿਜ਼ ਹੋਣ ਲਈ ਸਾਜ਼ੋ-ਸਾਮਾਨ, ਸਪਲਾਈ ਅਤੇ ਟ੍ਰਾਂਸਪੋਰਟ ਲਈ ਧੁਰਾ ਮੰਨਿਆ ਜਾਂਦਾ ਹੈ। ਰੂਸ ਪਿਛਲੇ ਕਈ ਮਹੀਨਿਆਂ ਤੋਂ ਇਸ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਹ ਰਿਪੋਰਟਾਂ ਵੀ ਹਨ ਕਿ ਰੂਸ ਨੇ ਇਸ ਖੇਤਰ ਵਿਚ ਆਪਣਾ ਅਤਿ ਆਧੁਨਿਕ ਟੈਂਕ ਟੀ-14 ਆਰਮੇਟਾ ਵੀ ਤਾਇਨਾਤ ਕੀਤਾ ਹੈ।

ਦੂਜੇ ਪਾਸੇ ਪਤਾ ਲੱਗਿਆ ਹੈ ਕਿ ਯੂਕਰੇਨੀ ਦਸਤਿਆਂ ਨੂੰ ਤੋਪਖਾਨੇ ਦੇ ਅਸਲ੍ਹੇ ਅਤੇ ਏਅਰ ਡਿਫੈਂਸ ਸਿਸਟਮ ਦੀ ਘਾਟ ਮਹਿਸੂਸ ਹੋ ਰਹੀ ਹੈ। ਇਸ ਕਰ ਕੇ ਸੁਣਨ ਵਿਚ ਆਇਆ ਹੈ ਕਿ ਰੂਸੀ ਹਵਾਈ ਸੈਨਾ ਨੇ ਕਾਫੀ ਆਸਾਨੀ ਨਾਲ ਯੂਕਰੇਨੀ ਟਿਕਾਣਿਆਂ ‘ਤੇ ਭਾਰੀ ਬੰਬਾਰੀ ਕੀਤੀ ਹੈ। ਇਹ ਮੁੱਖ ਤੌਰ ‘ਤੇ ਜ਼ਮੀਨੀ ਲੜਾਈ ਹੈ ਜਿਸ ਵਿਚ ਤੋਪਖਾਨੇ, ਟੈਂਕਾਂ ਅਤੇ ਫ਼ੌਜੀ ਦਸਤਿਆਂ ਦਾ ਅਹਿਮ ਕਿਰਦਾਰ ਹੈ; ਇਸ ਪੱਖ ਤੋਂ ਯੂਕਰੇਨ ਦੇ ਮੁਕਾਬਲੇ ਰੂਸੀ ਫ਼ੌਜ ਦਾ ਪੱਲੜਾ ਕਾਫ਼ੀ ਭਾਰੀ ਹੈ। ਸਪੇਨ ਦੇ ਅਖ਼ਬਾਰ ‘ਅਲ ਪਾਈਸ’ ਦੀ ਰਿਪੋਰਟ ਮੁਤਾਬਕ ਯੂਕਰੇਨ ਵਿਚ ਖੰਦਕਾਂ ਦੀ ਮੋਰਚਾਬੰਦੀ ਵਿਚ 75 ਫ਼ੀਸਦ ਜਾਨੀ ਨੁਕਸਾਨ ਤੋਪਖਾਨੇ ਕਰ ਕੇ ਹੋਇਆ ਹੈ ਜਿਸ ਵਿਚ ਰੂਸ ਨੂੰ 10:1 ਦਾ ਫ਼ਾਇਦਾ ਹੋਇਆ ਹੈ।

ਯੂਕਰੇਨ ਦੀ ਜੰਗੀ ਮਸ਼ੀਨ ਨੂੰ ਪੱਛਮੀ ਦੇਸ਼ ਮਾਲ ਮੁਹੱਈਆ ਕਰਵਾ ਰਹੇ ਸਨ ਪਰ ਹੁਣ ਉਨ੍ਹਾਂ ਦੇ ਆਪਣੇ ਅਸਲ੍ਹਾਖ਼ਾਨਿਆਂ ਵਿਚ ਕਮੀ ਆ ਗਈ ਹੈ। ਦੂਜੇ ਪਾਸੇ, ਰੂਸੀ ਫ਼ੌਜ ਨੂੰ ਇਸ ਤਰ੍ਹਾਂ ਦੀ ਘਾਟ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ। ਇਸ ਦੀ ਭਰਪਾਈ ਦੇ ਤੌਰ ‘ਤੇ ਅਮਰੀਕਾ, ਬਰਤਾਨੀਆ ਤੇ ਜਰਮਨੀ ਅਤੇ ਹੋਰਨਾਂ ਨਾਟੋ ਮੈਂਬਰ ਦੇਸ਼ ਹੋਰ ਘਾਤਕ ਹਥਿਆਰ ਜੰਗ ਦੇ ਮੈਦਾਨ ਵਿਚ ਉਤਾਰ ਰਹੇ ਹਨ। ਬਰਤਾਨੀਆ ਨੇ ਹਾਲ ਹੀ ਵਿਚ ਯੂਕਰੇਨ ਨੂੰ ਯੂਰੇਨੀਅਮ ਬੰਬ ਸਪਲਾਈ ਕਰਨ ਦਾ ਐਲਾਨ ਕੀਤਾ ਹੈ।

ਇਸ ਐਲਾਨ ਦੇ ਪ੍ਰਤੀਕਰਮ ਵਜੋਂ ਰੂਸੀ ਰਾਸ਼ਟਰਪਤੀ ਪੂਤਿਨ ਨੇ ਆਖਿਆ ਹੈ- “ਰੂਸ ਕੋਲ ਲੱਖਾਂ ਦੀ ਤਾਦਾਦ ਵਿਚ ਅਜਿਹੇ ਬੰਬ ਮੌਜੂਦ ਹਨ ਜੋ ਹਾਲੇ ਤੱਕ ਵਰਤੋਂ ਵਿਚ ਨਹੀਂ ਲਿਆਂਦੇ ਗਏ।” ਜੂਨ 2022 ਵਿਚ ਉਨ੍ਹਾਂ ਐਲਾਨ ਕੀਤਾ ਸੀ ਕਿ ਰੂਸ ਬੇਲਾਰੂਸ ਵਿਚ ਟੈਕਟੀਕਲ (ਸੂਖਮ) ਪਰਮਾਣੂ ਹਥਿਆਰ ਤਾਇਨਾਤ ਕਰੇਗਾ ਅਤੇ ਉਸ ਮੁਲਕ ਨੂੰ ਆਪਣੇ ਸੁਖੋਈ-25 ਲੜਾਕੂ ਜਹਾਜ਼ ਨੂੰ ਪਰਮਾਣੂ ਬੰਬ ਲਿਜਾਣ ਦੇ ਯੋਗ ਬਣਾਉਣ ਅਤੇ ਚਾਲਕ ਦਸਤਿਆਂ ਨੂੰ ਸਿਖਲਾਈ ਦੇਣ ਵਿਚ ਮਦਦ ਦੇਵੇਗਾ। ਉਨ੍ਹਾਂ ਇਹ ਵੀ ਕਿਹਾ ਸੀ ਕਿ ਰੂਸ ਬੇਲਾਰੂਸ ਨੂੰ 500 ਕਿਲੋਮੀਟਰ ਤੱਕ ਮਾਰ ਕਰਨ ਵਾਲੀ ਪਰਮਾਣੂ ਹਥਿਆਰ ਲਿਜਾਣ ਵਾਲੀ ਸਿਕੰਦਰ ਮਿਜ਼ਾਈਲਾਂ ਵੀ ਦੇਵੇਗਾ। ਦਸੰਬਰ 2022 ਵਿਚ ਰੂਸ ਨੇ ਐਲਾਨ ਕੀਤਾ ਸੀ ਕਿ 10 ਬੇਲਾਰੂਸੀ ਸੁਖੋਈ-25 ਜਹਾਜ਼ਾਂ ਨੂੰ ਪਰਮਾਣੂ ਸਮੱਰਥਾ ਯੁਕਤ ਬਣਾ ਦਿੱਤਾ ਗਿਆ ਹੈ ਅਤੇ ਅਪਰੈਲ ਵਿਚ ਦੋਵੇਂ ਦੇਸ਼ਾਂ ਨੇ ਐਲਾਨ ਕੀਤਾ ਕਿ ਬੇਲਾਰੂਸੀ ਪਾਇਲਟਾਂ ਨੇ ਪਰਮਾਣੂ ਮਿਸ਼ਨ ਲਈ ਆਪਣੀ ਸਿਖਲਾਈ ਪੂਰੀ ਕਰ ਲਈ ਹੈ।

ਫਿਨਲੈਂਡ ਦੇ ਨਾਟੋ ਵਿਚ ਸ਼ਾਮਲ ਹੋਣ ‘ਤੇ ਵੀ ਰੂਸ ਦਾ ਇਹੋ ਜਿਹਾ ਪ੍ਰਤੀਕਰਮ ਹੋ ਸਕਦਾ ਹੈ ਕਿਉਂਕਿ ਰੂਸ ਯੂਕਰੇਨ ਨਾਲ ਹੀ ਨਹੀਂ ਸਗੋਂ ਨਾਟੋ ਦੇ 31 ਮੈਂਬਰਾਂ ਖਿਲਾਫ਼ ਵੀ ਲੜ ਰਿਹਾ ਹੈ ਜਿਨ੍ਹਾਂ ਦੀ ਕੁੱਲ ਫ਼ੌਜ ਅਤੇ ਹਥਿਆਰਾਂ ਦੇ ਜ਼ਖੀਰੇ ਰੂਸੀ ਬਲਾਂ ਤੋਂ ਕਿਤੇ ਵੱਧ ਹਨ। ਸੰਭਵ ਹੈ ਕਿ ਨਾਟੋ ਦੇ ਮੁਕਾਬਲੇ ਆਪਣੀਆਂ ਕਮਜ਼ੋਰੀਆਂ ਦੀ ਭਰਪਾਈ ਲਈ ਹੀ ਰੂਸ ਨੇ ਆਪਣੀਆਂ ਪਰਮਾਣੂ ਸਰਗਰਮੀਆਂ ਵਿਚ ਇਜ਼ਾਫ਼ਾ ਕੀਤਾ ਹੋਵੇ।

ਇਸ ਤੋਂ ਨਾਟੋ ਦੀ ਮੈਂਬਰਸ਼ਿਪ ਦੇ ਨਵੇਂ ਚਾਹਵਾਨ ਮੁਲਕਾਂ ਸਾਹਮਣੇ ਇਹ ਦੁਬਿਧਾ ਪੈਦਾ ਹੋ ਗਈ ਹੈ ਕਿ ਨਾਟੋ ਦੀ ਛੱਤਰੀ ਮਿਲਣ ਨਾਲ ਉਨ੍ਹਾਂ ਦੀ ਸੁਰੱਖਿਆ ਵਧੇਗੀ ਜਾਂ ਘਟੇਗੀ? ਰੂਸ ਨੇ ਕਈ ਵਾਰ ਇਹ ਸੰਕੇਤ ਦਿੱਤਾ ਹੈ ਕਿ ਜੇ ਉਸ ਦੀ ਹੋਂਦ ਲਈ ਖ਼ਤਰਾ ਪੈਦਾ ਹੋਇਆ ਤਾਂ ਉਹ ਪਰਮਾਣੂ ਹਥਿਆਰਾਂ ਦਾ ਇਸਤੇਮਾਲ ਕਰ ਸਕਦਾ ਹੈ। ਟੈਕਟੀਕਲ ਤੋਂ ਸਟ੍ਰੈਟਜਿਕ ਪਰਮਾਣੂ ਹਥਿਆਰਾਂ ਤੱਕ ਦਾ ਫ਼ਾਸਲਾ ਬਹੁਤਾ ਲੰਮਾ ਨਹੀਂ ਹੈ।

ਇਸ ਕਿਸਮ ਦੀ ਜੰਗ ਦੁਨੀਆ ਨੂੰ ਤਬਾਹ ਕਰ ਦੇਵੇਗੀ। ਇਸ ਕਰ ਕੇ ਕੌਮਾਂਤਰੀ ਭਾਈਚਾਰੇ ਅੰਦਰ ਇਹ ਅਹਿਸਾਸ ਵਧ ਰਿਹਾ ਹੈ ਕਿ ਯੂਕਰੇਨ ਜੰਗ ਖਤਮ ਕਰਨ ਲਈ ਗੱਲਬਾਤ ਹੀ ਇਕਮਾਤਰ ਰਾਹ ਹੈ। ਇਹੀ ਨਹੀਂ, ਗੱਲਬਾਤ ਆਪਸੀ ਭਰੋਸੇ ਦੇ ਮਾਹੌਲ ਵਿਚ ਹੋਣੀ ਚਾਹੀਦੀ ਹੈ ਨਾ ਕਿ ਮੰਦਭਾਵਨਾ ਤਹਿਤ, ਭਾਵ ਸਾਬਕਾ ਜਰਮਨ ਚਾਂਸਲਰ ਐਂਗਲਾ ਮਾਰਕਲ ਮੁਤਾਬਕ ਨਾਕਾਮ ਹੋਏ ਮਿੰਸਕ-1 ਅਤੇ ਮਿੰਸਕ-2 ਸਮਝੌਤਿਆਂ ਵਾਂਗ। ਅਗਲੇ ਕੁਝ ਮਹੀਨੇ ਇਸ ਘਾਤਕ ਜੰਗ ਦਾ ਚਿਹਨ ਚੱਕਰ ਪੜ੍ਹਨ ਲਈ ਅਹਿਮ ਸਾਬਿਤ ਹੋਣਗੇ ਕਿ ਇਸ ਵਿਚੋਂ ਕਿਹੜੀ ਧਿਰ ਅੰਤਿਮ ਜੇਤੂ ਹੋ ਕੇ ਨਿਕਲ ਸਕੇਗੀ। ਸਭ ਤੋਂ ਵੱਡੀ ਹਾਰ ਯੂਕਰੇਨ ਦੀ ਹੋਵੇਗੀ ਜੋ ਰੂਸ ਅਤੇ ਯੂਰੋਪ ਦੀ ਖੋਹ-ਖਿੰਝ ਦਾ ਸ਼ਿਕਾਰ ਬਣ ਜਾਵੇਗਾ। ਇਸ ਗੱਲ ਦੇ ਆਸਾਰ ਬਹੁਤ ਘੱਟ ਹਨ ਕਿ ਰੂਸ ਵਲੋਂ ਜਿੱਤੇ ਹੋਏ ਇਲਾਕੇ ਯੂਕਰੇਨ ਨੂੰ ਸੌਂਪ ਦਿੱਤੇ ਜਾਣ। ਰੂਸ ਦਾ ਯੂਰੋਪ ਤੋਂ ਭਰੋਸਾ ਪੂਰੀ ਤਰ੍ਹਾਂ ਉਠ ਚੁੱਕਿਆ ਹੈ ਅਤੇ ਹੁਣ ਇਸ ਦੀ ਭਵਿੱਖੀ ਦਿਸ਼ਾ ਯੂਰੋਪ ਦੀ ਥਾਂ ਪੂਰਬ ਵੱਲ ਹੋਵੇਗੀ। ਬਿਨਾ ਸ਼ੱਕ, ਇਸ ਦਾ ਸਭ ਤੋਂ ਵੱਡਾ ਲਾਹਾ ਚੀਨ ਨੂੰ ਹੋਵੇਗਾ ਜਿਸ ਦੇ ਪਾਲ਼ੇ ਵਿਚ ਇਸ ਸਮੇਂ ਰੂਸ ਤੇ ਯੂਰੋਪ, ਦੋਵੇਂ ਖੜ੍ਹੇ ਦਿਖਾਏ ਦਿੰਦੇ ਹਨ।
*ਲੇਖਕ ਸਾਬਕਾ ਰਾਜਦੂਤ ਹੈ।

Advertisement