ਭਾਜਪਾ ਦੇ ਰਾਜਾ ਇਕਬਾਲ ਸਿੰਘ ਦਿੱਲੀ ਦੇ ਮੇਅਰ ਬਣੇ
ਨਵੀਂ ਦਿੱਲੀ, 25 ਅਪਰੈਲ
ਭਾਜਪਾ ਦੇ ਰਾਜਾ ਇਕਬਾਲ ਸਿੰਘ ਦਿੱਲੀ ਦੇ ਨਵੇਂ ਮੇਅਰ ਬਣ ਗਏ ਹਨ। ਭਾਜਪਾ ਦੋ ਸਾਲਾਂ ਮਗਰੋਂ ਮਿਉਂਸਿਪਲ ਕਾਰਪੋਰੇਸ਼ਨ ਆਫ ਦਿੱਲੀ (ਐੱਮਸੀਡੀ) ’ਤੇ ਕਾਬਜ਼ ਹੋਈ ਹੈ। ਇਕਬਾਲ ਸਿੰਘ ਨੇ ਕਾਂਗਰਸੀ ਉਮੀਦਵਾਰ ਮਨਦੀਪ ਸਿੰਘ ਨੂੰ 125 ਵੋਟਾਂ ਦੇ ਫ਼ਰਕ ਨਾਲ ਹਰਾਇਆ। ਜ਼ਿਕਰਯੋਗ ਹੈ ਕਿ ‘ਆਪ’ ਨੇ ਇਨ੍ਹਾਂ ਚੋਣਾਂ ਦਾ ਬਾਈਕਾਟ ਕੀਤਾ ਹੋਇਆ ਸੀ। ਕਾਂਗਰਸੀ ਉਮੀਦਵਾਰ ਅਰੀਬਾ ਖ਼ਾਨ ਵੱਲੋਂ ਅਬੁਲ ਫ਼ਜ਼ਲ ਐਨਕਲੇਵ, ਵਾਰਡ ਨੰਬਰ 188 ਤੋਂ ਨਾਮਜ਼ਦਗੀ ਵਾਪਸ ਲੈਣ ਕਰ ਕੇ ਭਾਜਪਾ ਦੇ ਜੈ ਭਗਵਾਨ ਯਾਦਵ ਦਾ ਡਿਪਟੀ ਮੇਅਰ ਬਣਨ ਦਾ ਰਾਹ ਪੱਧਰਾ ਹੋ ਗਿਆ ਸੀ।
ਰਾਜਾ ਇਕਬਾਲ ਦੀ ਜਿੱਤ ਮਗਰੋਂ ਭਾਜਪਾ ਕਾਰਕੁਨਾਂ ਨੇ ‘ਭਾਰਤ ਮਾਤਾ ਕੀ ਜੈ’ ਦੇ ਨਾਅਰੇ ਲਗਾਏ। ਮੇਅਰ ਦੇ ਅਹੁਦੇ ਲਈ ਪਈਆਂ ਕੁੱਲ 142 ਵੋਟਾਂ ਵਿੱਚੋਂ ਇੱਕ ਵੋਟ ਨੂੰ ਰੱਦ ਕਰ ਦਿੱਤਾ ਗਿਆ। ਇਨ੍ਹਾਂ ਵਿੱਚੋਂ ਇਕਬਾਲ ਨੂੰ 133 ਜਦੋਂਕਿ ਕਾਂਗਰਸ ਦੇ ਉਮੀਦਵਾਰ ਮਨਦੀਪ ਸਿੰਘ ਨੂੰ ਅੱਠ ਵੋਟਾਂ ਮਿਲੀਆਂ। ਇਸ ਦੌਰਾਨ ਭਾਜਪਾ ਦੇ ਸੰਸਦ ਮੈਂਬਰ ਮਨੋਜ ਤਿਵਾੜੀ ਗ਼ੈਰਹਾਜ਼ਰ ਰਹੇ। ‘ਆਪ’ ਨੇ ਸੋਮਵਾਰ ਨੂੰ ਚੋਣ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਸੀ। ਇਹ ਚੋਣ ਐੱਮਸੀਡੀ ਦੀ ਜਨਰਲ ਮੀਟਿੰਗ ਦੌਰਾਨ ਕੀਤੀ ਗਈ।
ਇਸ ਮਗਰੋਂ ਇਕਬਾਲ ਸਿੰਘ ਨੇ ਕਿਹਾ ਕਿ ਇੱਕ ਮਹੀਨੇ ਦੇ ਅੰਦਰ ਸਟੈਂਡਿੰਗ ਕਮੇਟੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਨਾ ਮਿਲ ਕੇ ਕੰਮ ਕੀਤਾ ਜਾਵੇਗਾ ਤਾਂ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਹੋਵੇਗੀ ਕਿ ਰਾਜਧਾਨੀ ਦੇ ਪਾਰਕਾਂ ਵਿੱਚ ਹਰਿਆਲੀ ’ਚ ਵਾਧਾ ਕੀਤਾ ਜਾਵੇ, ਭ੍ਰਿਸ਼ਟਾਚਾਰ ਅਤੇ ਪ੍ਰਦੂਸ਼ਣ ਨੂੰ ਖ਼ਤਮ ਕੀਤਾ ਜਾਵੇ। ਇਕਬਾਲ ਸਿੰਘ ਨੇ ਕਿਹਾ ਪਾਰਟੀ ਅਧਿਆਪਕਾਂ ਨੂੰ ਕਾਰਗੁਜ਼ਾਰੀ ’ਚ ਸੁਧਾਰ ਲਈ ਪ੍ਰੇਰਿਤ ਕਰੇਗੀ, ਵਿਦਿਆਰਥੀਆਂ ਦੀਆਂ ਵਰਦੀਆਂ ਲਈ ਫੰਡ ਮੁਹੱਈਆ ਕਰਵਾਏ ਜਾਣਗੇ ਅਤੇ ਸਕੂਲ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਵਿੱਚ ਵਿਸ਼ਵਾਸ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਐੱਮਸੀਡੀ ਰਾਹੀਂ ਸ਼ਹਿਰ ਵਾਸੀਆਂ ਦੀ ਸੇਵਾ ਕਰਨ ਸਣੇ ਆਪਣੇ ਵਾਅਦੇ ਪੂਰੇ ਕਰਨ ਲਈ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਬੀਐੱਮਪੀ ਅਧੀਨ ਠੇਕੇ ’ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਨਿਯਮਾਂ ਅਨੁਸਾਰ ਪੱਕਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਢਾਈ ਸਾਲਾਂ ਦੌਰਾਨ ਦਿੱਲੀ ਦੇ ਵਿਕਾਸ ਵਿੱਚ ਖੜ੍ਹੋਤ ਆਈ ਹੈ।
ਇਕਬਾਲ ਸਿੰਘ ਸਾਲ 2020 ਵਿੱਚ ਅਕਾਲੀ ਦਲ ਵੱਲੋਂ ਕੌਂਸਲਰ ਰਹਿ ਚੁੱਕੇ ਹਨ। -ਪੀਟੀਆਈ