ਯੁੱਧ ਨਸ਼ਿਆਂ ਵਿਰੁੱਧ: ਡੇਢ ਮਹੀਨੇ ’ਚ ਛੇ ਹਜ਼ਾਰ ਨਸ਼ਾ ਤਸਕਰ ਗ੍ਰਿਫ਼ਤਾਰ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 14 ਅਪਰੈਲ
‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪੰਜਾਬ ਪੁਲੀਸ ਵੱਲੋਂ ਪਿਛਲੇ 45 ਦਿਨਾਂ ਤੋਂ ਨਸ਼ਾਂ ਤਸਕਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਪੰਜਾਬ ਪੁਲੀਸ ਨੇ ਪਹਿਲੀ ਮਾਰਚ ਤੋਂ ਹੁਣ ਤੱਕ 5,974 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ 3,610 ਕੇਸ ਦਰਜ ਕੀਤੇ ਹਨ। ਇਸ ਤਰ੍ਹਾਂ ਪੁਲੀਸ ਵੱਲੋਂ ਰੋਜ਼ਾਨਾ 133 ਅਤੇ ਹਰ ਘੰਟੇ 5 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ। ਪੁਲੀਸ ਨੇ ਨਸ਼ਾ ਤਸਕਰਾਂ ਤੋਂ ਹੁਣ ਤੱਕ 243 ਕਿਲੋ ਹੈਰੋਇਨ, 109 ਕਿਲੋ ਅਫੀਮ, 75.5 ਕੁਇੰਟਲ ਭੁੱਕੀ, 6 ਕਿਲੋ ਚਰਸ, 63 ਕਿਲੋ ਗਾਂਜਾ, 1.2 ਕਿਲੋ ਕੋਕੀਨ, 9.50 ਲੱਖ ਨਸ਼ੇ ਦੀਆਂ ਗੋਲੀਆਂ ਅਤੇ 6.1 ਕਰੋੜ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਪੰਜਾਬ ਪੁਲੀਸ ਦੇ ਵਿਸ਼ੇਸ਼ ਡੀਜੀਪੀ ਕਾਨੂੰਨ ਤੇ ਵਿਵਸਥਾ ਅਰਪਿਤ ਸ਼ੁਕਲਾ ਨੇ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪੰਜਾਬ ਪੁਲੀਸ ਦੀ ਕਾਰਵਾਈ ਅੱਜ 45ਵੇਂ ਦਿਨ ਵੀ ਜਾਰੀ ਰਹੀ। ਅੱਜ ਪੁਲੀਸ ਨੇ 48 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ’ਚੋਂ 3.7 ਕਿਲੋ ਹੈਰੋਇਨ ਅਤੇ 6,04,200 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ 1100 ਤੋਂ ਵੱਧ ਪੁਲੀਸ ਕਰਮਚਾਰੀਆਂ ਦੀਆਂ 200 ਤੋਂ ਵੱਧ ਪੁਲੀਸ ਟੀਮਾਂ ਨੇ ਸੂਬੇ ਭਰ ਵਿੱਚ 382 ਥਾਵਾਂ ’ਤੇ ਛਾਪੇ ਮਾਰੇ, ਜਿਸ ਦੌਰਾਨ 420 ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਲੈ ਕੇ 48 ਨੂੰ ਗ੍ਰਿਫ਼ਤਾਰ ਕੀਤਾ ਗਿਆ।