ਯਾਤਰੀ ਗੱਡੀਆਂ ਨਾ ਰੁਕਣ ’ਤੇ ਕਿਸਾਨਾਂ ਨੇ ਸਟੇਸ਼ਨ ’ਤੇ ਲਾਇਆ ਧਰਨਾ
ਲਹਿਰਾਗਾਗਾ, 31 ਮਾਰਚ
ਇੱਥੋਂ ਨੇੜਲੇ ਰੇਲਵੇ ਸਟੇਸ਼ਨ ਗੁਰਨੇ ’ਤੇ ਬੀਕੇਯੂ ਏਕਤਾ ਉਗਰਾਹਾਂ ਦੇ ਵਰਕਰਾਂ ਨੇ ਜਾਖਲ ਜੰਕਸ਼ਨ ਤੋਂ ਰੇਲਵੇ ਸਟੇਸ਼ਨ ਤੋਂ ਚੱਲ ਕੇ ਯਾਤਰੂ ਗੱਡੀਆਂ ਗੁਰਨੇ ਖੋਖਰ, ਛਾਜਲੀ ਭਰੂਰ ਸਟੇਸ਼ਨਾਂ ’ਤੇ ਨਾ ਰੁਕਣ ਦੇ ਰੋਸ ਵਜੋਂ ਧਰਨਾ ਦਿੱਤਾ। ਧਰਨਾਕਾਰੀਆਂ ਨੇ ਰੇਲਵੇ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਬੀਕੇਯੂ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਬਹਾਦਰ ਸਿੰਘ ਭਟਾਲ, ਇਕਾਈ ਪ੍ਰਧਾਨ ਪ੍ਰੀਤਮ ਸਿੰਘ ਲਹਿਲ ਕਲਾਂ, ਰਾਮਚੰਦ ਸਿੰਘ ਚੋਟੀਆਂ, ਬਿੰਦਰ ਸਿੰਘ ਖੋਖਰ, ਸ਼ਿਵਰਾਜ ਗੁਰਨੇ, ਰਾਮਚੰਦ ਨੰਗਲਾ, ਨਿੱਕਾ ਸਿੰਘ ਸੰਗਤੀਵਾਲਾ ਅਤੇ ਕਿਸਾਨ ਬੀਬੀ ਜਸਵਿੰਦਰ ਕੌਰ ਖੋਖਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਗੁਰਨੇ ਕਲਾਂ ਸਟੇਸ਼ਨ ਨਾਲ ਪਿੰਡ ਗੁਰਨੇ ਕਲਾਂ, ਗੁਰਨੇ ਖੁਰਦ, ਚੋਟੀਆਂ, ਬਖੋਰਾ ਕਲਾਂ, ਬਖੋਰਾ ਖੁਰਦ, ਅਲੀਸ਼ੇਰ, ਕਾਲੀਆ ਦੇ ਲੋਕ ਜੁੜੇ ਹੋਏ ਹਨ ਪਰ ਸਵਾਰੀ ਗੱਡੀਆਂ ਨਾ ਰੁਕਣ ਕਾਰਨ ਇਨ੍ਹਾਂ ਪਿੰਡਾਂ ਦੀ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਸੰਗਰੂਰ ਵਾਲੇ ਪਾਸੇ ਤੋਂ ਜਾਖਲ ਜੰਕਸ਼ਨ ਜਾਣ ਵਾਲੀਆਂ ਗੱਡੀਆਂ ਗੋਬਿੰਦਗੜ੍ਹ ਖੋਖਰ ਸਟੇਸ਼ਨ ’ਤੇ ਨਹੀਂ ਰੁਕਦੀਆਂ। ਗੋਬਿੰਦਗੜ੍ਹ ਖੋਖਰ ਨਾਲ ਵੀ ਕਾਫੀ ਪਿੰਡਾਂ ਦੇ ਲੋਕ ਜੁੜੇ ਹੋਏ ਹਨ। ਆਗੂਆਂ ਨੇ ਦੱਸਿਆ ਕਿ ਸਵੇਰੇ 6:50 ਤੋਂ ਜਾਖਲ ਤੋਂ ਲੁਧਿਆਣਾ ਲਈ ਪੈਸੰਜਰ ਗੱਡੀ ਚਲਦੀ ਹੈ, ਉਹ ਪਿਛਲੇ ਗੱਡੀ ਪਿਛਲੇ ਦਿਨਾਂ ਤੋਂ ਬੰਦ ਪਈ ਹੈ, ਜਿਸ ਕਾਰਨ ਇਸ ਗੱਡੀ ’ਤੇ ਸੰਗਰੂਰ, ਮਲੇਰਕੋਟਲਾ, ਲੁਧਿਆਣਾ ਜਾਣ ਵਾਲੇ ਨੌਕਰੀ ਪੇਸ਼ਾ ਮੁਲਾਜ਼ਮ, ਪੇਸ਼ੀ ਵਾਲੇ ਅਤੇ ਡੀਐੱਮਸੀ ਲੁਧਿਆਣਾ ਜਾਣ ਵਾਲੇ ਵਿਅਕਤੀਆਂ ਨੂੰ ਭਾਰੀ ਔਖ ਹੈ। ਧਰਨਾਕਾਰੀਆਂ ਨੇ ਚਿਤਾਵਨੀ ਦਿਤੀ ਕਿ ਜੇਕਰ ਗੱਡੀਆਂ ਨਾ ਰੋਕੀਆਂ ਗਈਆਂ ਅਤੇ ਸਵੇਰ ਵਾਲੀ ਪੈਸੰਜਰ ਗੱਡੀ ਚਾਲੂ ਨਾ ਕੀਤੀ ਗਈ ਤਾਂ ਜਲਦੀ ਹੀ ਵੱਡਾ ਐਕਸ਼ਨ ਐਲਾਨਿਆ ਜਾਵੇਗਾ, ਜਿਸ ਲਈ ਰੇਲਵੇ ਵਿਭਾਗ ਜ਼ਿੰਮੇਵਾਰ ਹੋਵੇਗਾ। ਇਸ ਮੌਕੇ ਕਿਸਾਨ ਆਗੂ ਦਰਸ਼ਨ ਸਿੰਘ, ਗੁਰਨਾਮ ਸਿੰਘ, ਜਸ਼ਨ ਜੋਤ ਸਿੰਘ, ਮਲਕੀਤ ਕੌਰ, ਸੁਰਜੀਤ ਸਿੰਘ, ਦਰਸ਼ਨ ਸਿੰਘ, ਬਲਵਿੰਦਰ ਸਿੰਘ ਵੀ ਹਾਜ਼ਰ ਸਨ।
ਰੇਲਵੇ ਅਧਿਕਾਰੀ ਨੇ ਲਿਆ ਮੰਗ ਪੱਤਰ
ਇਸ ਦੌਰਾਨ ਰੇਲਵੇ ਅਧਿਕਾਰੀ ਸੋਮਿਆ ਗੁਪਤਾ ਸੰਗਰੂਰ ਨੇ ਮੌਕੇ ’ਤੇ ਪਹੁੰਚ ਕੇ ਕਿਸਾਨਾਂ ਕੋਲੋਂ ਮੰਗ ਪੱਤਰ ਪ੍ਰਾਪਤ ਕੀਤਾ ਗਿਆ ਅਤੇ ਭਰੋਸਾ ਦਿਵਾਇਆ ਕਿ ਉਹ ਮੰਗ ਪੱਤਰ ਨੂੰ ਉਚ ਅਧਿਕਾਰੀਆਂ ਨੂੰ ਭੇਜਣਗੇ। ਇਸ ਭਰੋਸੇ ਮਗਰੋਂ ਧਰਨਾ ਸਮਾਪਤ ਕਰ ਦਿੱਤਾ।