ਮੰਡੀਆਂ ਵਿੱਚ ਕਣਕ ਦੀ ਆਮਦ 20 ਤੋਂ ਬਾਅਦ ਹੋਣ ਦੇ ਆਸਾਰ
ਪੱਤਰ ਪ੍ਰੇਰਕ
ਅਜਨਾਲਾ, 3 ਅਪਰੈਲ
ਪੰਜਾਬ ਸਰਕਾਰ ਨੇ ਭਾਵੇਂ ਕਣਕ ਦੀ ਸਰਕਾਰੀ ਖਰੀਦ ਪਹਿਲੀ ਅਪਰੈਲ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਪਰ ਮੌਸਮ ਵਿਚਲੀ ਨਮੀ ਤੇ ਠੰਢਕ ਕਾਰਨ ਕਣਕ ਦੀ ਫਸਲ ਦੀ ਵਾਢੀ ਇਸ ਵਾਰ 20 ਅਪਰੈਲ ਤੋਂ ਬਾਅਦ ਹੀ ਹੋਣ ਦੀ ਸੰਭਾਵਨਾ ਹੈ। ਜੇਕਰ ਦੇਖਿਆ ਜਾਵੇ ਤਾਂ ਬੀਤੇ ਦਿਨਾਂ ਦੌਰਾਨ ਮੌਸਮ ਦੇ ਬਦਲੇ ਮਿਜਾਜ਼ ਕਾਰਨ ਜ਼ਿਆਦਾ ਗਰਮੀ ਨਹੀਂ ਪੈ ਰਹੀ ਜਿਸ ਕਾਰਨ ਕਣਕ ਦੀ ਵਾਢੀ ਵਿਸਾਖੀ ਵਾਲੇ ਦਿਨ ਪੈਣ ਦੀ ਬਜਾਏ ਹੋਰ ਪਛੜਨ ਦੇ ਆਸਾਰ ਹਨ। ਇੱਥੇ ਹੀ ਗੱਲ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਧਨਵੰਤ ਸਿੰਘ ਖਤਰਾਏ ਕਲਾ ਨੇ ਕਿਹਾ ਕਿ ਕਣਕ ਦੀ ਫਸਲ ਪੱਕਣ ਵਿੱਚ ਅਜੇ ਹੋਰ ਸਮਾਂ ਲੈਣ ਕਾਰਨ ਕਣਕ ਦੀ ਵਾਢੀ 20 ਅਪਰੈਲ ਤੋਂ ਬਾਅਦ ਸ਼ੁਰੂ ਹੀ ਹੋਣ ਦੀ ਸੰਭਾਵਨਾ ਹੈ।
ਇਸ ਸਬੰਧੀ ਆੜ੍ਹਤੀ ਯੂਨੀਅਨ ਦੇ ਆਗੂ ਮਨਜੀਤ ਸਿੰਘ ਬਾਠ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਨ ਦੇ ਕੀਤੇ ਪ੍ਰਬੰਧ ਸ਼ਲਾਘਾਯੋਗ ਹਨ ਪਰ ਸਰਕਾਰ ਵੱਲੋਂ ਦਾਣਾ ਮੰਡੀਆਂ ਤੋਂ ਵੱਖ-ਵੱਖ ਗੁਦਾਮਾਂ ਤੱਕ ਕਣਕ ਦੀ ਢੋਆ ਢੁਆਈ ਕਰਾਉਣ ਲਈ ਬਣਾਈ ਗਈ ਟੈਂਡਰ ਪ੍ਰਣਾਲੀ ਆੜ੍ਹਤੀਆਂ ਦੇ ਹਿੱਤ ਵਿੱਚ ਨਹੀਂ ਹੈ ਕਿਉਂਕਿ ਟਰਾਂਸਪੋਰਟਰਾਂ ਕੋਲ ਲੋੜੀਂਦੀ ਗਿਣਤੀ ਵਿੱਚ ਟਰੱਕਾਂ ਦੀ ਘਾਟ ਹੋਣ ਕਾਰਨ ਆੜ੍ਹਤੀ ਆਪਣੇ ਪੱਧਰ ’ਤੇ ਕਣਕ ਨੂੰ ਗਦਾਮ ਤੱਕ ਭੇਜਦਾ ਹੈ ਜਦ ਕਿ ਟੈਂਡਰ ਹੋਲਡਰ ਆੜ੍ਹਤੀਆਂ ਨੂੰ ਆਪਣੀ ਮਨਮਰਜ਼ੀ ਦੇ ਰੇਟ ਦਿੰਦਾ ਹੋਇਆ ਅਦਾਇਗੀ ਵੀ ਸਮੇਂ ਸਿਰ ਨਹੀਂ ਕਰਦਾ। ਇਸ ਲਈ ਸਰਕਾਰ ਨੂੰ ਢੋਆ ਢੁਆਈ ਦੇ ਟੈਂਡਰ ਵੀ ਆੜ੍ਹ ਤੀਆਂ ਨੂੰ ਦੇਣੇ ਚਾਹੀਦੇ ਹਨ। ਇੱਥੇ ਹੀ ਮੰਡੀ ਅਧਿਕਾਰੀ ਕਾਬਲ ਸਿੰਘ ਸੰਧੂ ਨੇ ਦੱਸਿਆ ਕਿ ਮਾਰਕੀਟ ਕਮੇਟੀ ਅਜਨਾਲਾ ਅਧੀਨ ਆਉਂਦੀਆਂ ਦਾਣਾ ਮੰਡੀਆਂ ਵਿੱਚ ਕਣਕ ਦੇ ਖਰੀਦ ਲਈ ਵੱਖ-ਵੱਖ ਖਰੀਦ ਏਜੰਸੀਆਂ ਨੂੰ ਮੰਡੀਆਂ ਅਲਾਟ ਕਰ ਦਿੱਤੀਆਂ ਗਈਆਂ ਹਨ ਜੋ ਕਣਕ ਦੀ ਖਰੀਦ ਕਰਕੇ ਕਿਸਾਨਾਂ ਨੂੰ 24 ਘੰਟੇ ਦੇ ਅੰਦਰ-ਅੰਦਰ ਬਣਦੀ ਅਦਾਇਗੀ ਕਰਨਗੀਆਂ।