ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੋਈਆਂ ਰੀਝਾਂ ਦੀ ਧੂਣੀ

04:03 AM Mar 30, 2025 IST
featuredImage featuredImage

ਤਰਸੇਮ ਸਿੰਘ ਭੰਗੂ
ਕਥਾ ਪ੍ਰਵਾਹ

Advertisement

ਸੇਵਾ ਮੁਕਤ ਬਜ਼ੁਰਗ ਹਰਵਿੰਦਰ ਸਿੰਘ ਭਾਂ-ਭਾਂ ਕਰਦੀ ਨਵੀਂ ਨਕੋਰ ਕੋਠੀ ਦੇ ਗੈਰਾਜ ਵਿੱਚ ਪਲਾਸਟਿਕ ਦੀ ਕੁਰਸੀ ’ਤੇ ਲੋਈ ਦੀ ਬੁੱਕਲ਼ ਮਾਰੀ ਬੈਠਾ ਬਾਲਟੇ ਵਿੱਚ ਬਾਲੀ ਅੱਗ ਸੇਕ ਰਿਹਾ ਸੀ। ਅੱਜ ਉਸ ਦੇ ਪੋਤਰੇ ਦਾ ਜਨਮ ਦਿਨ ਹੈ। ਹਮੇਸ਼ਾ ਵਾਂਗ ਕੁਝ ਦਿਨ ਪਹਿਲਾਂ ਵਿਦੇਸ਼ ਬੈਠੀ ਪਤਨੀ ਦੀ ਹਦਾਇਤ ਅਨੁਸਾਰ ਮੁਹੱਲੇ ਦੇ ਛੋਟੇ-ਵੱਡੇ ਬੱਚੇ ਕੇਕ ਕੱਟ ਕੇ ਖਾਣ ਤੋਂ ਬਾਅਦ ਆਪਣੇ ਘਰੀਂ ਜਾ ਚੁੱਕੇ ਹਨ। ਬੱਚਿਆਂ ਦੇ ਜਾਣ ਤੋਂ ਬਾਅਦ ਹੁਣ ਉਹ ਵਿਸਕੀ ਦੀਆਂ ਘੁੱਟਾਂ ਭਰਦਾ ਇਕੱਲਾ ਬੈਠਾ ਅੱਗ ਸੇਕਦਾ ਅਤੀਤ ਦੇ ਖਾਰੇ ਸਾਗਰ ਵਿੱਚ ਗੋਤੇ ਖਾਣ ਲੱਗਾ।
ਹਰਵਿੰਦਰ ਸਰਕਾਰੀ ਨੌਕਰੀ ’ਤੇ ਲੱਗਣ ਤੋਂ ਬਾਅਦ ਛੇਤੀ ਹੀ ਵਿਆਹਿਆ ਗਿਆ ਤੇ ਰੋਜ਼ਾਨਾ ਪਿੰਡੋਂ ਆਉਣ-ਜਾਣ ਦੇ ਝੰਜਟ ਕਰਕੇ ਨਵੀਂ ਵਿਆਹੀ ਪਤਨੀ ਦਲਬੀਰ ਨਾਲ ਸ਼ਹਿਰ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿਣ ਲੱਗਿਆ। ਪਹਿਲਾਂ ਤਾਂ ਹਰਵਿੰਦਰ ਦਾ ਸ਼ਹਿਰ ਰਹਿਣਾ ਮਾਂ-ਬਾਪ ਨੂੰ ਚੰਗਾ ਨਾ ਲੱਗਾ ਪਰ ਪੰਜਾਬ ਦੇ ਦਿਨੋ-ਦਿਨ ਵਿਗੜਦੇ ਹਾਲਾਤ ਵੇਖ ਕੇ ਪੁੱਤਰ ਦਾ ਲਿਆ ਫ਼ੈਸਲਾ ਠੀਕ ਲੱਗਣ ਲੱਗ ਪਿਆ।
ਹੋਸ਼ ਸੰਭਾਲਦਿਆਂ ਹੀ ਮਨੁੱਖ ਦੇ ਦਿਲ ਵਿੱਚ ਰੀਝਾਂ ਪੈਦਾ ਹੋਣ ਲੱਗਦੀਆਂ ਹਨ। ਕੁਝ ਪੂਰੀਆਂ ਹੋ ਜਾਂਦੀਆਂ ਹਨ ਤੇ ਕੁਝ ਮਰ ਮੁੱਕ ਹੀ ਜਾਂਦੀਆਂ ਨੇ।
ਹਰਵਿੰਦਰ ਦੇ ਪਿਤਾ ਜੀ ਰੂੜ ਸਿੰਘ ਕਦੇ-ਕਦੇ ਆਪਣੇ ਬਚਪਨ ਦੀਆਂ ਯਾਦਾਂ ਸਾਂਝੀਆਂ ਕਰਦੇ ਦੱਸਿਆ ਕਰਦੇ ਸਨ ਕਿ ਉਹ ਉਸ ਵੇਲੇ ਤੀਸਰੀ ਜਮਾਤ ਵਿੱਚ ਸੀ ਜਦੋਂ 1947 ਦੇ ਉਜਾੜੇ ਵੇਲੇ ਉੱਜੜ ਕੇ ਪਾਕਿਸਤਾਨੋਂ ਏਧਰ ਆਏ ਤੇ ਉਸ ਦੇ ਪਿਤਾ (ਹਰਵਿੰਦਰ ਦੇ ਦਾਦੇ) ਨੇ ਬਾਰਡਰ ਨੇੜੇ ਚੁਆਨੀ ਮੁੱਲ ਵਾਲੀ ਜ਼ਮੀਨ ਅਲਾਟ ਕਰਵਾ ਕੇ ਆਪਣੀ ਮਾਲਕੀ ਚਾਰ ਗੁਣਾ ਵੱਧ ਕਰ ਲਈ ਸੀ। ਰੂੜ ਸਿੰਘ ਏਧਰ ਆ ਕੇ ਸੱਤਵੀਂ ਤੋਂ ਅੱਗੇ ਨਾ ਪੜ੍ਹ ਸਕਿਆ। ਪਚਵਿੰਜਾ ਦੇ ਵੱਡੇ ਹੜ੍ਹ ਨੇ ਜ਼ਿਆਦਾ ਜ਼ਮੀਨ ਰਾਵੀ ਦਰਿਆ ਵਿੱਚ ਹੀ ਰਲਾ ਦਿੱਤੀ।
ਪਹਿਲੀ ਚੱਕਬੰਦੀ ਵਿੱਚ ਰੂੜ ਸਿੰਘ ਦਾ ਪਿਤਾ ਸਾਰੇ ਪਿੰਡ ਨਾਲੋਂ ਵੱਡੀ ਜ਼ਮੀਨ ਦਾ ਮਾਲਕ ਸੀ। ਬਹੁਤੀ ਜ਼ਮੀਨ ਦਰਿਆ ਵਿੱਚ ਆ ਕੇ ਵੀ ਉਸ ਦੀਆਂ ਕੁਝ ਪੈਲੀਆਂ ਹਲ਼ ਥੱਲੇ ਸਨ ਪਰ ਗੁਜ਼ਾਰਾ ਔਖਾ ਸੀ। ਸੋਹਣਾ ਜਵਾਨ ਨਿਕਲਿਆ ਰੂੜ ਸਿੰਘ ਪਿਤਾ ਨਾਲ ਸਲਾਹ ਕਰਕੇ ਫ਼ੌਜੀ ਬਣ ਗਿਆ। ਫ਼ੌਜੀ ਬਣਨ ਕਰਕੇ ਉਸ ਦਾ ਵਿਆਹ ਵੀ ਚੰਗੇ ਘਰ ਹੋ ਗਿਆ। ਸੰਨ 1971 ਦੀ ਜੰਗ ਤੋਂ ਬਾਅਦ ਜਲਦੀ ਹੀ ਰੂੜ ਸਿੰਘ ਪੈਨਸ਼ਨ ਆ ਗਿਆ। ਪਿਤਾ ਵੀ ਜ਼ਮੀਨ ਸੰਵਾਰਦਾ ਹੰਭ ਗਿਆ ਸੀ ਤੇ ਪੈਨਸ਼ਨ ਆ ਕੇ ਰੂੜ ਸਿੰਘ ਦੀ ਕਮਰ ਵੀ ਦੂਹਰੀ ਹੋ ਗਈ ਪਰ ਜ਼ਮੀਨ ਨੇ ਘਰ ਪੂਰਾ ਨਾ ਕੀਤਾ। ਆਪਣੀ ਬਹੁਤਾ ਪੜ੍ਹਨ ਦੀ ਅਧੂਰੀ ਰਹਿ ਗਈ ਰੀਝ ਰੂੜ ਸਿੰਘ ਨੇ ਆਪਣੇ ਇੱਕੋ-ਇੱਕ ਹੋਣਹਾਰ ਪੁੱਤਰ ਨੂੰ ਪੜ੍ਹਾ ਕੇ ਪੂਰੀ ਕਰ ਲਈ ਕਿਉਂਕਿ ਚੜ੍ਹੇ ਮਹੀਨੇ ਪੈਨਸ਼ਨ ਆਉਣ ਕਰਕੇ ਉਹ ਹੋਰਾਂ ਨਾਲੋਂ ਸੌਖਾ ਸੀ। ਪਹਿਲੇ ਦਰਜੇ ਵਿੱਚ ਦਸਵੀਂ ਪਾਸ ਹਰਵਿੰਦਰ ਨੂੰ ਬਾਰਡਰ ਏਰੀਏ ਦਾ ਹੋਣ ਕਰਕੇ ਪੁਲੀਸ ਵਿੱਚ ਨੌਕਰੀ ਵੀ ਪਹਿਲ ਦੇ ਆਧਾਰ ’ਤੇ ਜਲਦੀ ਹੀ ਮਿਲ ਗਈ। ਬੇਸ਼ੱਕ ਰੂੜ ਸਿੰਘ ਚੰਗੇ ਸਿਆੜਾਂ ਦਾ ਮਾਲਕ ਸੀ ਪਰ ਪੈਨਸ਼ਨ ਦੇ ਨਾਲ ਹਰਵਿੰਦਰ ਦੀ ਤਨਖ਼ਾਹ ਮਿਲ ਕੇ ਸਾਹ ਹੋਰ ਸੌਖਾ ਹੋ ਗਿਆ।
ਪੁਲੀਸ ਵਿੱਚ ਨੌਕਰੀ ਕਰਦਿਆਂ ਪੰਜਾਬ ਦਾ ਮਾਹੌਲ ਖਰਾਬ ਹੋਣ ਕਰਕੇ ਜਦੋਂ ਹਰਵਿੰਦਰ ਨੇ ਪਿਤਾ ਨੂੰ ਸ਼ਹਿਰ ਰਹਿਣ ਲਈ ਆਖਿਆ ਤਾਂ ਉਸ ਦਾ ਜੁਆਬ ਸੀ, ‘‘ਜੇ ਮੈਨੂੰ ਦੋ ਲੜਾਈਆਂ ’ਚ ਵਰ੍ਹਦੀਆਂ ਗੋਲੀਆਂ ਵਿੱਚ ਕੁਝ ਨਹੀਂ ਹੋਇਆ ਤਾਂ ਇੱਥੇ ਪਿੰਡ ਵਿੱਚ ਵੀ ਕੁਝ ਨਹੀਂ ਹੁੰਦਾ। ਨਾਲੇ ਡਰ-ਡਰ ਕੇ ਬੰਦੇ ਦਾ ਕਾਹਦਾ ਜੀਣ? ਤੂੰ ਸ਼ਹਿਰ ਜਾਂਦਾ ਰਹਿ, ਸਾਡਾ ਫ਼ਿਕਰ ਨਾ ਕਰ।’’
ਉਹ ਸਮਾਂ ਹੀ ਅਜਿਹਾ ਸੀ ਜਦੋਂ ਆਪਣੇ ਹੀ ਦੁਸ਼ਮਣ ਬਣ ਗਏ ਸਨ। ਮੂੰਹ ਲੁਕਾਈ ਬੁੱਕਲ਼ਾਂ ਮਾਰੀ ਮੋਢਿਆਂ ’ਤੇ ਟੰਗੀਆਂ ਅਸਾਲਟਾਂ ਵੇਖ ਹਰੇਕ ਦੀ ਜ਼ੁਬਾਨ ਤਾਲ਼ੂ ਨਾਲ ਲੱਗ ਜਾਂਦੀ। ਕਈ ਥਾਈਂ ਲੋਕਾਂ ਵੱਲੋਂ ਖਾੜਕੂਆਂ ਨੂੰ ਖੁਆਈ ਰੋਟੀ ਦਾ ਮੁੱਲ ਆਪਸੀ ਦੁਸ਼ਮਣੀਆਂ ਕੱਢ ਕੇ ਵੀ ਪੂਰਾ ਕੀਤਾ ਗਿਆ।
ਝੱਖੜ-ਤੂਫ਼ਾਨ ਆਉਣ ਤੋਂ ਬਾਅਦ ਸ਼ਾਂਤੀ ਹੋ ਜਾਣਾ ਕੁਦਰਤੀ ਵਰਤਾਰਾ ਹੈ। ਸਮਾਂ ਹਮੇਸ਼ਾ ਇਕਸਾਰ ਨਹੀਂ ਰਹਿੰਦਾ। ਪੰਜਾਬ ਵਿੱਚ ਦੋ ਦਹਾਕੇ ਬਲਦੀ ਅੱਗ ਧੂੰਏ ਵਿੱਚ ਬਦਲ ਕੇ ਹੌਲੀ-ਹੌਲੀ ਠੰਢੀ ਹੋ ਕੇ, ਸ਼ਾਂਤੀ ਪਰਤਣੀ ਸ਼ੁਰੂ ਹੋ ਗਈ। ਇਹ ਸਚਾਈ ਹੈ ਕਿ ਇੱਕ ਵਾਰ ਸ਼ਹਿਰ ਵਿੱਚ ਵਸੇਬਾ ਕਰਨ ਤੋਂ ਬਾਅਦ ਇੱਕ ਅੱਧੇ ਨੂੰ ਛੱਡ ਕੇ ਪਿੰਡ ਵਾਪਸੀ ਘੱਟ ਹੀ ਹੁੰਦੀ ਹੈ। ਅਤਿਵਾਦੀ ਕਾਰਵਾਈਆਂ ਅਤੇ ਬਾਰਡਰ ਨੇੜਲੇ ਰਾਵੀ ਦਰਿਆ ਵਿੱਚ ਬਰਸਾਤ ਦੇ ਦਿਨਾਂ ’ਚ ਹੜ੍ਹਾਂ ਦੇ ਮਾਰੇ ਬਹੁਤੇ ਪਿੰਡਾਂ ਵਾਲਿਆਂ ਨੇ ਸ਼ਹਿਰਾਂ ਦਾ ਰੁਖ਼ ਕਰ ਲਿਆ। ਇੱਕ ਲੋਕ ਸਿਆਣਪ ਵੀ ਸ਼ਹਿਰਾਂ ਨਾਲ ਜੁੜੀ ਹੋਈ ਹੈ, ‘‘ਸ਼ਹਿਰੀਂ ਵੱਸਣ ਦੇਵਤੇ ਵੱਡੇ ਪਿੰਡ ਮਨੁੱਖ, ਛੋਟੇ ਪਿੰਡੀਂ ਭੂਤਨੇ ਪੁੱਟ-ਪੁੱਟ ਸੁੱਟਦੇ ਰੁੱਖ।’’ ਸੋ ਹਰਵਿੰਦਰ ਵੀ ਨੌਕਰੀ ਦੌਰਾਨ ਹੀ ਸ਼ਹਿਰ ਵਿੱਚ ਘਰ ਬਣਾ ਕੇ ਪੱਕਾ ਸ਼ਹਿਰੀਆ ਬਣ ਗਿਆ। ਕਦੇ ਕਦਾਈਂ ਪ੍ਰਾਹੁਣਿਆਂ ਵਾਂਗ ਉਹ ਪਿੰਡ ਗੇੜਾ ਮਾਰਨ ਚਲਾ ਜਾਂਦਾ। ਰਣਜੀਤ ਸਾਗਰ ਡੈਮ ਬਣਨ ਤੋਂ ਬਾਅਦ ਰਾਵੀ ਦਰਿਆ ਵਿੱਚ ਆਉਂਦੇ ਹੜ੍ਹਾਂ ਨੂੰ ਪੱਕਾ ਬੰਨ੍ਹ ਵੱਜ ਗਿਆ ਤੇ ਉਹ ਵਹਿਣਾਂ ਵਿੱਚ ਵਗਣ ਕਰਕੇ ਸ਼ਾਂਤ ਹੋ ਗਿਆ। ਦਰਿਆ ਬੁਰਦਾ ਜ਼ਮੀਨ ਆਬਾਦ ਹੋ ਕੇ ਸੋਨਾ ਬਣ ਗਈ। ਹੁਣ ਖੇਤੀ ਹਲ਼ਾਂ ਦੀ ਨਹੀਂ, ਟਰੈਕਟਰਾਂ ਦੀ ਹੋ ਗਈ ਸੀ। ਗੰਨਾ ਮਿੱਲਾਂ ਨੂੰ ਭਰ-ਭਰ ਜਾਂਦੇ ਟਰੱਕਾਂ ਟਰਾਲੀਆਂ ਨੇ ਕਾਹੀ ਦੀਆਂ ਛੰਨਾਂ ਵਿੱਚ ਫਾਕੇ ਹੰਢਾਉਂਦੇ ਲੋਕਾਂ ਦੀਆਂ ਅਗਲੀਆਂ ਪਿਛਲੀਆਂ ਕਸਰਾਂ ਕੱਢ ਦਿੱਤੀਆਂ। ਨਵੀਂ ਪੀੜ੍ਹੀ ਲੈਂਟਰ ਪਾ ਕੇ ਬੁਲਟਾਂ ਅਤੇ ਜੀਪਾਂ ਵਿੱਚ ਘੁੰਮਣ ਲੱਗ ਪਈ।
ਜ਼ਮੀਨ ਠੇਕੇ ’ਤੇ ਦੇ ਕੇ ਬਜ਼ੁਰਗ ਮਾਤਾ ਪਿਤਾ ਨੂੰ ਹਰਵਿੰਦਰ ਸ਼ਹਿਰ ਹੀ ਲੈ ਆਇਆ। ਢਲਦੇ ਸਰੀਰਾਂ ਕਰਕੇ ਉਹ ਚਾਹ ਕੇ ਵੀ ਪਿੰਡ ਨਹੀਂ ਸੀ ਜਾ ਸਕਦੇ। ਕਾਲਜ ਪੜ੍ਹਦੇ ਪੋਤੇ-ਪੋਤੀ ਨੂੰ ਵੇਖ ਕੇ ਖ਼ੁਸ਼ ਹੋ ਜਾਂਦੇ। ਇਕ ਦਿਨ ਉਹ ਵੀ ਆਇਆ ਜਦੋਂ ਹਰਵਿੰਦਰ ਦੀ ਬੇਟੀ ਦਾਦਾ-ਦਾਦੀ ਅਤੇ ਮੰਮੀ-ਡੈਡੀ ਦੀਆਂ ਰੀਝਾਂ ਦਾ ਖ਼ਿ ਆਲ ਕੀਤੇ ਬਗੈਰ ਹੀ ਵਿਦੇਸ਼ ਵਿੱਚ ਪੱਕੇ ਮੁੰਡੇ ਨਾਲ ਫੇਸਬੁੱਕੀ ਮੁਹੱਬਤ ਕਰਕੇ ਬਿਨਾਂ ਸੁਹਾਗ ਦੇ ਗੀਤ ਗਵਾਇਆਂ ਹੀ ਬੇਗਾਨੇ ਘਰ ਚਲੀ ਗਈ। ‘ਧੀਆਂ ਧਨ ਬੇਗਾਨਾ’ ਦੇ ਅਰਥਾਂ ਨੇ ਹਰਵਿੰਦਰ ਦੀਆਂ ਰੀਝਾਂ ਮਧੋਲ ਕੇ ਰੱਖ ਦਿੱਤੀਆਂ। ਬੇਟੇ ਨੇ ਵੀ ਬਾਰਵ੍ਹੀਂ ਤੋਂ ਬਾਅਦ ਆਇਲਜ਼ ਵਿੱਚ ਦਾਖਲਾ ਲੈ ਕੇ ਆਪਣੀ ਮਨਸ਼ਾ ਜ਼ਾਹਰ ਕਰ ਦਿੱਤੀ। ਹਰਵਿੰਦਰ ਕਈ ਵਾਰ ਸੋਚਦਾ, ਨਵੀਂ ਪੀੜ੍ਹੀ ਕਿਧਰ ਨੂੰ ਤੁਰ ਪਈ ਹੈ! ਪਰ ਦਿਲ ’ਤੇ ਪੱਥਰ ਰੱਖਣ ਤੋਂ ਇਲਾਵਾ ਹੋਰ ਕੋਈ ਵੀ ਚਾਰਾ ਨਹੀਂ ਲੱਭਾ ਕਿਉਂਕਿ ਪਤਨੀ ਦਲਬੀਰ ਅੱਗੇ ਹਰਵਿੰਦਰ ਵੀ ਪਿਤਾ ਵਾਂਗ ਘੱਟ ਹੀ ਬੋਲਦਾ ਸੀ। ਪੁੱਤਰ ਨੂੰ ਕੈਨੇਡਾ ਦਾ ਜਹਾਜ਼ ਚੜ੍ਹਾਉਂਦਿਆਂ ਅੱਖਾਂ ਭਰਦੇ ਹੋਏ ਹਰਵਿੰਦਰ ਤਰਲੇ ਭਰੀ ਆਵਾਜ਼ ਵਿੱਚ ਬੋਲਿਆ, ‘‘ਹੁਣ ਓਧਰ ਈ ਨਾ ਕੋਈ ਲੱਭ ਲਵੀਂ, ਸਾਡੀਆਂ ਵੀ ਕੋਈ ਰੀਝਾਂ ਨੇ!’’
‘‘ਬੱਸ ਕਰੋ, ਗਲੇਡੂ ਸੁੱਟ ਕੇ ਕੁਲਹਿਣਪੁਣਾ ਨਾ ਕਰੋ। ਸੁੱਖ ਨਾਲ ਮੁੰਡੇ ਨੂੰ ਹੱਸ ਕੇ ਤੋਰੋ।’’ ਦਲਬੀਰ ਨੇ ਬਦਸ਼ਗਨੀ ਸਮਝ ਹਰਵਿੰਦਰ ਨੂੰ ਘੂਰਿਆ।
ਇਹ ਕੌੜਾ ਸੱਚ ਹੈ ਕਿ ਬਹੁਤੇ ਪੰਜਾਬੀ ਮੁੰਡੇ ਵਿਦੇਸ਼ ਵਿੱਚ ਪੈਸੇ ਕਮਾਉਣ ਹੀ ਜਾਂਦੇ ਹਨ, ਪੜ੍ਹਾਈ ਦਾ ਤਾਂ ਬਹਾਨਾ ਹੀ ਹੈ। ਵਿਦੇਸ਼ ਵਿੱਚ ਪੜ੍ਹੇ ਨੇਤਾਵਾਂ ਅਤੇ ਵੱਡੇ ਵਪਾਰੀਆਂ ਦੇ ਬੱਚੇ ਜ਼ਰੂਰ ਵਾਪਸ ਆ ਕੇ ਨੇਤਾਗਿਰੀ ਕਰਦੇ ਬਾਪ ਦੀ ਵਿਰਾਸਤ ਸੰਭਾਲਦੇ ਹਨ ਪਰ ਹੋਰ ਕੋਈ ਵਿਦੇਸ਼ ਵਿੱਚ ਪੜ੍ਹਿਆ ਵਾਪਸ ਆ ਕੇ ਸ਼ਾਇਦ ਹੀ ਕਿਸੇ ਚੰਗੇ ਰੁਤਬੇ ’ਤੇ ਲੱਗਾ ਹੋਵੇ।
ਹਰਵਿੰਦਰ ਦੇ ਬੇਟੇ ਦਿਲਜੋਤ ਨੂੰ ਦੋ ਸਾਲ ਦੀ ਪੜ੍ਹਾਈ ਤੋਂ ਬਾਅਦ ਜਲਦੀ ਹੀ ਵਰਕ ਪਰਮਿਟ ਵੀ ਮਿਲ ਗਿਆ ਤੇ ਡਾਲਰਾਂ ਦੀ ਬਰਸਾਤ ਹੋਣ ਲੱਗ ਪਈ। ਜਿੰਨਾ ਪੈਸਾ ਹਰਵਿੰਦਰ ਨੇ ਨੌਕਰੀ ਤੋਂ ਅਠਵਿੰਜਾ ਸਾਲਾਂ ਵਿੱਚ ਕਮਾਇਆ ਸੀ, ਦਿਲਜੋਤ ਨੇ ਕੁਝ ਹੀ ਸਾਲਾਂ ਵਿੱਚ ਜੋੜ ਲਿਆ। ਸ਼ਹਿਰ ਵਿੱਚ ਵੱਡਾ ਪਲਾਟ ਖਰੀਦ ਕੇ ਪਾਈ ਨਵੀਂ ਕੋਠੀ ਇਸ ਦਾ ਸਬੂਤ ਸੀ। ਇੱਕ ਪਾਸੇ ਦਿਲਜੋਤ ਪੀ.ਆਰ. ਹੋ ਗਿਆ ਤੇ ਦੂਜੇ ਪਾਸੇ ਪੰਜਾਬੀ ਮੂਲ ਦੀ ਐੱਨ.ਆਰ.ਆਈ. ਕੁੜੀ ਨਾਲ ਅੱਖਾਂ ਚਾਰ ਹੋ ਗਈਆਂ। ਦਿਲਜੋਤ ਨੇ ਪਿਤਾ ਦੀਆਂ ਰੀਝਾਂ ਦਾ ਖ਼ਿਆਲ ਰੱਖਦਿਆਂ ਵਿਆਹ ਪੰਜਾਬ ਜਾ ਕੇ ਹੀ ਕਰਨ ਦੀ ਸ਼ਰਤ ਰੱਖੀ ਜੋ ਕੁੜੀ ਦੇ ਮਾਪਿਆਂ ਨੇ ਮਨਜ਼ੂਰ ਕਰ ਲਈ। ਪੰਜ ਸਾਲ ਦੇ ਅਰਸੇ ਵਿੱਚ ਬਿਰਧ ਦਾਦੀ-ਦਾਦਾ ਮੱਥੇ ’ਤੇ ਹੱਥ ਰੱਖ-ਰੱਖ ਮੂਲ ਨਾਲੋਂ ਪਿਆਰੇ ਵਿਆਜ ਨੂੰ ਉਡੀਕਦੇ ਅਖੀਰ ਤਾਰੇ ਬਣ ਗਏ।
ਹਰਵਿੰਦਰ ਨੇ ਬੜੀਆਂ ਰੀਝਾਂ ਨਾਲ ਨਵੀਂ ਕੋਠੀ ਵਿੱਚ ਪੁੱਤਰ ਦਾ ਵਿਆਹ ਕਰਕੇ ਪੁੱਤ ਵੱਲੋਂ ਵਿਦੇਸ਼ ਵਿੱਚ ਕੀਤੀ ਕਮਾਈ ਦਾ ਸ਼ਰੀਕੇ ਵਿੱਚ ਖ਼ੂਬ ਵਿਖਾਵਾ ਕੀਤਾ। ਵਿਆਹ ਤੋਂ ਬਾਅਦ ਜਲਦੀ ਹੀ ਵਾਪਸ ਮੁੜਦੇ ਨੂੰਹ-ਪੁੱਤਰ ਦੋਵਾਂ ਜੀਆਂ ਨੂੰ ਪਾਸਪੋਰਟ ਬਣਨ ਮਗਰੋਂ ਜਲਦੀ ਹੀ ਆਪਣੇ ਕੋਲ ਸੱਦਣ ਲਈ ਕਹਿ ਗਏ ਸਨ।
ਦੋਵਾਂ ਜੀਆਂ ਦੇ ਪਾਸਪੋਰਟ ਬਣਨ ਤੋਂ ਸਾਲ ਬਾਅਦ ਹੀ ਦਿਲਜੋਤ ਵੱਲੋਂ ਭੇਜੇ ਦਸ ਸਾਲ ਦੇ ਵੀਜ਼ੇ ਅਤੇ ਟਿਕਟਾਂ ਨੇ ਖ਼ੁਸ਼ੀਆਂ ਦੂਣ ਸਵਾਈਆਂ ਕਰ ਦਿੱਤੀਆਂ। ਪੁੱਤਰ ਵੱਲੋਂ ਭੇਜੇ ਵੀਜ਼ੇ ਨਾਲ ਭੇਜੀਆਂ ਟਿਕਟਾਂ ’ਤੇ ਦੋਵੇਂ ਜੀਅ ਛੇ ਮਹੀਨੇ ਵਾਸਤੇ ਵਿਦੇਸ਼ ਚਲੇ ਗਏ। ਬੇਟੇ ਦਿਲਜੋਤ ਨੇ ਬੱਚਾ ਹੋਣ ਵਾਲੀ ਖ਼ੁਸ਼ੀ ਦੀ ਖਬਰ ਇਸ ਲਈ ਨਹੀਂ ਦੱਸੀ ਸੀ ਕਿ ਉਹ ਮੰਮੀ ਡੈਡੀ ਨੂੰ ਅਚਾਨਕ ਖ਼ੁਸ਼ੀ ਦੇ ਕੇ ਹੈਰਾਨ ਕਰਨਗੇ। ਵਿਦੇਸ਼ ਵਿੱਚ ਬੱਚੇ ਦੇ ਲਿੰਗ ਬਾਰੇ ਮਾਂ-ਬਾਪ ਨੂੰ ਪਹਿਲਾਂ ਹੀ ਜਾਣਕਾਰੀ ਦੇ ਦਿੱਤੀ ਜਾਂਦੀ ਹੈ। ਜਦੋਂ ਦਿਲਜੋਤ ਨੇ ਦੱਸਿਆ ਕਿ ‘‘ਤੁਸੀਂ ਜਨਵਰੀ ਦੇ ਪਹਿਲੇ ਹਫ਼ਤੇ ਪੋਤਰੇ ਦੇ ਦਾਦਾ-ਦਾਦੀ ਬਣ ਰਹੇ ਹੋ’’ ਤਾਂ ਦੋਵਾਂ ਜੀਆਂ ਤੋਂ ਖ਼ੁਸ਼ੀ ਸਾਂਭੀ ਨਾ ਜਾਵੇ। ਦਲਬੀਰ ਵਾਰ-ਵਾਰ ਨੂੰਹ ਦਾ ਮੱਥਾ ਚੁੰਮਦੀ ਸਦਕੇ ਜਾਂਦੀ।
ਹਰਵਿੰਦਰ ਨੂੰ ਖੇਤੀ ਦੀ ਸਾਂਭ ਸੰਭਾਲ ਕਰਕੇ ਦੋ ਮਹੀਨੇ ਰਹਿ ਕੇ ਹੀ ਵਾਪਸ ਮੁੜਨਾ ਪਿਆ। ਉਸ ਦੀ ਪਤਨੀ ਦਲਬੀਰ ਨੇ ਨੂੰਹ ਦੇ ਜਣੇਪੇ ਤੋਂ ਬਾਅਦ ਆਉਣਾ ਸੀ। ਉਦੋਂ ਉਹ ਪੋਤਰਾ ਵੇਖਣ ਦੀ ਰੀਝ ਨੂੰ ਦਬਾ ਕੇ ਕਿਵੇਂ ਜਹਾਜ਼ ਬੈਠਾ ਇਹ ਉਹੀ ਜਾਣਦਾ ਸੀ। ਜਨਵਰੀ ਦੇ ਪਹਿਲੇ ਹਫ਼ਤੇ ਜਨਮੇ ਪੋਤਰੇ ਦੀ ਖ਼ੁਸ਼ੀ ਭਰੀ ਖ਼ਬਰ ਦੇ ਨਾਲ ਹੀ ਪਤਨੀ ਵੱਲੋਂ ਹਦਾਇਤ ਹੋਈ, ‘‘ਘਰ ਭੁੱਗਾ ਬਾਲ ਕੇ ਆਂਢ-ਗੁਆਂਢ ਨੂੰ ਸੱਦ ਕੇ ਲੋਹੜੀ ਜ਼ਰੂਰ ਵੰਡੀਂ। ’ਕੱਲਾ ਈ ਨਾ ਪੀਵੀ ਜਾਈਂ, ਅਸੀਂ ਵੀਡੀਓ ਕਾਲ ਕਰਾਂਗੇ।’’
ਆਂਢ-ਗੁਆਂਢ ਦੇ ਆਉਣ ਤੋਂ ਬਾਅਦ ਹਰਵਿੰਦਰ ਨੇ ਭੁੱਗਾ ਬਾਲ ਕੇ ਵੀਡੀਓ ਕਾਲ ਕਰਕੇ ਵਧਾਈਆਂ ਦਾ ਆਦਾਨ-ਪ੍ਰਦਾਨ ਵੀ ਕਰਵਾਇਆ ਪਰ ਉਸ ਨੂੰ ਇੰਝ ਮਹਿਸੂਸ ਹੋਇਆ ਜਿਵੇਂ ਉਸ ਦੀ ਕੋਈ ਰੀਝ ਮਰ ਗਈ ਹੋਵੇ। ਕਿਉਂਕਿ ਗੁਆਂਢੀ ਘਰਾਂ ਦੇ ਕੁਝ ਜੀਅ ਉਸ ਦੇ ਸੱਦੇ ’ਤੇ ਵਿਦੇਸ਼ ਵਿੱਚ ਪੈਦਾ ਹੋਏ ਪੋਤਰੇ ਦੀ ਖ਼ੁਸ਼ੀ ਸਾਂਝੀ ਕਰਨ ਤੋਂ ਬਾਅਦ ਜਾ ਚੁੱਕੇ ਸਨ। ਗੁਆਂਢੀ ਮਿੱਤਰਾਂ ਨਾਲ ਪਿਆਲਾ ਵੀ ਸਾਂਝਾ ਕੀਤਾ ਗਿਆ ਸੀ। ਉਸ ਦੀ ਨੌਕਰੀ ਹੀ ਅਜਿਹੀ ਸੀ ਜਿੱਥੇ ਲੈੱਗ-ਪੈੱਗ ਤੋਂ ਕੋਈ ਹੀ ਬਚਿਆ ਰਹਿੰਦਾ ਹੈ। ਹਰਵਿੰਦਰ ਫਿਰ ਦੁਬਾਰਾ ਵਿਸਕੀ ਨਾਲ ਗਲਾਸ ਅੱਧਾ ਕਰ ਲਿਆਇਆ। ਹੌਲੀ-ਹੌਲੀ ਠੰਢੇ ਹੋ ਰਹੇ ਭੁੱਗੇ ਦੇ ਨੇੜੇ ਕੁਰਸੀ ’ਤੇ ਬੈਠੇ ਨੂੰ ਯਾਦ ਆਇਆ ਕਿ ਉਸ ਦੇ ਛੋਟੇ ਹੁੰਦਿਆਂ ਲੋਹੜੀ ਦੇ ਰੰਗ ਹੀ ਵੱਖਰੇ ਹੁੰਦੇ ਸਨ। ਹੁਣ ਤਾਂ ਸਾਰੇ ਤਿਉਹਾਰ ਮਨਾਉਣ ਦੇ ਢੰਗ ਤਰੀਕੇ ਆਧੁਨਿਕ ਤਰੱਕੀ ਨੇ ਬਦਲ ਦਿੱਤੇ ਹਨ। ਕਿੱਥੇ ਹੈ ਹੁੰਡੂ ਤੇ ਘੁੰਗਰੂ ਬੱਧੇ ਲੂਣ ਘੋਟਣੇ ਨਾਲ ਕੱਚਾ ਵਿਹੜਾ ਪੁੱਟਦੇ ਮੁੰਡੇ, ਗੀਗਾ ਜੰਮਣ ਦੇ ਗੀਤ ਹੁਣ ਕੋਈ ਕੁੜੀ ਨ੍ਹੀਂ ਗਾਉਂਦੀ ਕਿਉਂਕਿ ਕਿਸੇ ਨੂੰ ਯਾਦ ਹੀ ਨਹੀਂ। ਇਕੱਠੇ ਹੋ ਕੇ ਨਿੱਕੇ ਬੱਚੇ ਲੋਹੜੀ ਮੰਗਣ ਨਹੀਂ ਜਾਂਦੇ। ‘ਆਖੋ ਮੁੰਡਿਓ ਢੋਡਾ’ ਵਾਲਾ ਗੀਤ ਤਾਂ ਹੁਣ ਉਸ ਨੂੰ ਵੀ ਪੂਰਾ ਯਾਦ ਨਹੀਂ।
ਨੂੰਹ ਦੇ ਜਣੇਪੇ ਕਰਕੇ ਦਿਲਜੋਤ ਨੇ ਆਪਣੀ ਮਾਂ ਦਾ ਛੇ ਮਹੀਨੇ ਰਹਿਣ ਦਾ ਸਮਾਂ ਵੀਜ਼ੇ ’ਤੇ ਹੋਰ ਅੱਗੇ ਵਧਾ ਲਿਆ। ਸਾਲ ਬਾਅਦ ਦਲਬੀਰ ਕੌਰ ਵੀ ਪਰਤ ਆਈ। ਦੋਵੇਂ ਜੀਅ ਰੋਜ਼ ਵੀਡੀਓ ਕਾਲ ਕਰਕੇ ਪੋਤਰੇ ਦੀ ਸਿਹਤ ਬਾਰੇ ਜਾਣਕਾਰੀ ਲੈਂਦੇ।
ਤਿੰਨ ਕੁ ਮਹੀਨੇ ਬਾਅਦ ਹੀ ਦਿਲਜੋਤ ਨੇ ਮੰਮੀ ਨੂੰ ਦੁਬਾਰਾ ਬੁਲਾ ਲਿਆ। ਇਸ ਵਾਰ ਹਰਵਿੰਦਰ ਨਹੀਂ ਗਿਆ। ਦਿਲਜੋਤ ਨੇ ਦੱਸਿਆ ਸੀ, ‘‘ਬੱਚੇ ਕਰਕੇ ਸਾਡੇ ਦੋਵਾਂ ’ਚੋਂ ਇੱਕ ਨੂੰ ਘਰ ਰਹਿਣਾ ਪੈਂਦਾ ਹੈ। ਬੱਚੇ ਦੀ ਸਾਂਭ-ਸੰਭਾਲ ਵਾਸਤੇ ਕੋਈ ਨੌਕਰ ਰੱਖਣ ਦਾ ਮਤਲਬ ਹੈ ਇੱਕ ਜਣੇ ਦੀ ਤਨਖ਼ਾਹ ਦੇਣਾ, ਅਸੀਂ ਕੋਈ ਰਿਸਕ ਵੀ ਨਹੀਂ ਲੈਣਾ ਚਾਹੁੰਦੇ।’’ ਹਰਵਿੰਦਰ ਬਿਨਾਂ ਕੁਝ ਬੋਲੇ ਦਲਬੀਰ ਨੂੰ ਜਹਾਜ਼ੇ ਚੜ੍ਹਾਅ ਆਇਆ ਪਰ ਆਪਣੇ ਇਕੱਲੇਪਣ ਦਾ ਦਰਦ ਕਹਿ ਨਾ ਸਕਿਆ।
ਸਮਾਂ ਛੜੱਪੇ ਮਾਰਦਾ ਨਿਕਲ ਰਿਹਾ ਸੀ। ਛੇ ਸੱਤ ਸਾਲ ਕਦੋਂ ਨਿਕਲ ਗਏ ਪਤਾ ਹੀ ਨਾ ਲੱਗਾ। ਇਸ ਅਰਸੇ ਦੌਰਾਨ ਪੋਤਰੇ ਦੀ ਸਾਂਭ-ਸੰਭਾਲ ਵਾਸਤੇ ਦਲਬੀਰ ਦਾ ਆਉਣਾ-ਜਾਣਾ ਬਣਿਆ ਰਿਹਾ। ਦਿਲਜੋਤ ਨੇ ਮੰਮੀ ਡੈਡੀ ਨੂੰ ਪੱਕੇ ਸੱਦਣ ਵਾਸਤੇ ਫਾਈਲ ਲਾ ਛੱਡੀ ਸੀ ਪਰ ਪਤਾ ਨਹੀਂ ਕਿਉਂ ਹਰਵਿੰਦਰ ਨੂੰ ਵਿਦੇਸ਼ ਦਾ ਮੋਹ ਨਹੀਂ ਜਾਗਿਆ। ਆਪਣੇ ਪੈਲੀ ਬੰਨੇ ਫੇਰਾ ਮਾਰਦਿਆਂ ਉਸ ਨੂੰ ਇੰਝ ਮਹਿਸੂਸ ਹੁੰਦਾ ਜਿਵੇਂ ਉਹ ਆਪਣੇ ਦਾਦੇ ਅਤੇ ਮਾਤਾ-ਪਿਤਾ ਨੂੰ ਮਿਲ ਕੇ ਆਇਆ ਹੋਵੇ। ਸ਼ਰਾਬ ਤਾਂ ਉਹ ਪਹਿਲਾਂ ਵੀ ਪੀ ਲੈਂਦਾ ਸੀ, ਪਰ ਇਕੱਲਤਾ ਨੇ ਉਸ ਦੀ ਮਾਤਰਾ ਵਧਾ ਦਿੱਤੀ।
ਦਿਲਜੋਤ ਨੇ ਪਿਤਾ ਨੂੰ ਵੀ ਸੱਦ ਲਿਆ। ਪੰਜ ਸਾਲ ਦੇ ਹੋ ਚੁੱਕੇ ਪੋਤਰੇ ਨੂੰ ਪਹਿਲੀ ਵਾਰ ਸਾਖਸ਼ਾਤ ਤੱਕਣ ਲਈ ਹਰਵਿੰਦਰ ਦੀ ਰੀਝ ਤਰਲੋਮੱਛੀ ਹੋਣ ਲੱਗੀ। ਜ਼ਮੀਨ ਦਾ ਅਗਾਊਂ ਠੇਕਾ ਲੈ ਕੇ ਉਹ ਜਹਾਜ਼ੇ ਬੈਠ ਗਿਆ। ਜਾ ਤਾਂ ਉਹ ਉੱਡ ਕੇ ਹੀ ਰਿਹਾ ਸੀ ਪਰ ਉਸ ਨੂੰ ਹਵਾਈ ਜਹਾਜ਼ ਵੀ ਜੂੰ ਦੀ ਚਾਲੇ ਹੀ ਉੱਡਦਾ ਲੱਗ ਰਿਹਾ ਸੀ। ਹਵਾਈ ਅੱਡੇ ਤੋਂ ਬਾਹਰ ਨਿਕਲ ਕੇ ਦਿਲਜੋਤ ਨੂੰ ਘੁੱਟ ਕੇ ਗਲ਼ ਨਾਲ ਲਾਉਂਦੇ ਨੇ ਪੁੱਛਿਆ, ‘‘ਮੇਰਾ ਪੋਤਰਾ ਕਿੱਥੇ ਐ?’’
‘‘ਡੈਡ ਉਹਦੇ ਫਰੈਂਡ ਦਾ ਅੱਜ ਬਰਥ-ਡੇਅ ਸੀ। ਉਹ ਮਾਂ ਪੁੱਤ ਓਧਰ ਗਏ ਨੇ।’’ ਹਰਵਿੰਦਰ ਨੂੰ ਅੱਜ ਪਹਿਲੀ ਵਾਰ ਦਿਲਜੋਤ ਦੇ ਬੋਲਣ ਦਾ ਲਹਿਜਾ ਕੁਝ ਵੱਖਰਾ ਜਿਹਾ ਮਹਿਸੂਸ ਹੋਇਆ। ਪਤਾ ਨਹੀਂ ਇਹ ਦੇਰ ਬਾਅਦ ਮਿਲਣ ਕਰਕੇ ਸੀ ਜਾਂ ਠੀਕ ਹੀ ਦਿਲਜੋਤ ਬਦਲ ਗਿਆ ਸੀ। ਉਹ ਤਾਂ ਸੋਚਦਾ ਆ ਰਿਹਾ ਸੀ ਕਿ ਜਿਵੇਂ ਉਹ ਆਪਣੇ ਦਾਦਾ ਜੀ ਦੇ ਕੰਧਾੜੇ ਚੜ੍ਹਿਆ ਰਹਿੰਦਾ ਸੀ, ਉਸ ਦਾ ਪੋਤਰਾ ਵੀ ਦਾਦੇ ਨੂੰ ਉਡੀਕ ਰਿਹਾ ਹੋਵੇਗਾ।
ਇੱਕ ਦੋ ਵਾਰ ਹਰਵਿੰਦਰ ਪੋਤਰੇ ਨੂੰ ਪਾਰਕ ਵਿੱਚ ਲੈ ਕੇ ਗਿਆ ਪਰ ਪੋਤਰੇ ਨੂੰ ਦਾਦੇ ਵਿੱਚ ਕੋਈ ਖ਼ਾਸ ਦਿਲਚਸਪੀ ਨਹੀਂ ਸੀ। ਹਾਂ, ਨੂੰਹ ਦੀ ਦਲਬੀਰ ਨਾਲ ਚੰਗੀ ਸੁਰ ਰਲਦੀ ਸੀ। ਨੂੰਹ-ਪੁੱਤ ਕੰਮ ’ਤੇ ਬੇਫ਼ਿਕਰੀ ਨਾਲ ਜਾਂਦੇ। ਛੁੱਟੀ ਵਾਲੇ ਦਿਨ ਥੋੜ੍ਹਾ ਬਹੁਤ ਜ਼ੁਬਾਨ ਸਾਂਝੀ ਹੋ ਜਾਂਦੀ। ਦਿਨ ਦੀ ਸ਼ਿਫਟ ਵਿੱਚ ਕਦੇ-ਕਦੇ ਦੋਵੇਂ ਪਿਉ-ਪੁੱਤ ਸ਼ਾਮ ਨੂੰ ਪਿਆਲਾ ਸਾਂਝਾ ਕਰ ਲੈਂਦੇ ਪਰ ਹਰਵਿੰਦਰ ਦਾ ਦਿਲ ਨਹੀਂ ਲੱਗ ਰਿਹਾ ਸੀ। ਪਾਰਕ ਵਿੱਚ ਜਾਣਾ ਵੀ ਉਸ ਨੂੰ ਚੰਗਾ ਨਾ ਲੱਗਦਾ।
ਇੱਕ ਦਿਨ ਦਲਬੀਰ ਨੇ ਦੱਸਿਆ, ‘‘ਦਿਲਜੋਤ ਏਥੇ ਆਪਣਾ ਕਾਰੋਬਾਰ ਕਰਨ ਨੂੰ ਕਹਿ ਰਿਹਾ ਹੈ। ਉਹ ਆਖ ਰਿਹਾ ਸੀ, ਮੰਮੀ ਜੀ, ਤੁਹਾਡੀ ਨੂੰਹ ਦੇ ਪਰਿਵਾਰ ਦਾ ਆਪਣਾ ਕਾਰੋਬਾਰ ਹੈ ਉਨ੍ਹਾਂ ਨਾਲ ਹਿੱਸੇਦਾਰੀ ਪਾ ਕੇ ਕਾਰੋਬਾਰ ਸੌਖਾ ਹੀ ਵਧਾਇਆ ਜਾ ਸਕਦਾ ਹੈ। ਤੁਸੀਂ ਤੇ ਡੈਡ ਨੇ ਵੀ ਤਾਂ ਹੁਣ ਸਾਡੇ ਕੋਲ ਹੀ ਰਹਿਣਾ ਹੈ ਨਾ!’’
ਪਤਨੀ ਦੀ ਗੋਲ ਮੋਲ ਆਖੀ ਗੱਲ ਹਰਵਿੰਦਰ ਦੇ ਬਹੁਤੀ ਸਮਝ ਤਾਂ ਨਾ ਪਈ ਪਰ ਪੁਲਸੀਆ ਸੋਚ ਨੇ ਆਪਣੇ ਨਜ਼ਰੀਏ ਨਾਲ ਸੋਚਣਾ ਸ਼ੁਰੂ ਕਰ ਦਿੱਤਾ।
ਇੱਕ ਦਿਨ ਡਿਊਟੀ ਤੋਂ ਮੁੜੇ ਦਿਲਜੋਤ ਨੇ ਵਿਸਕੀ ਦੇ ਦੋ ਗਲਾਸਾਂ ਵਿੱਚ ਸੋਡਾ ਪਾਉਂਦੇ ਹੋਏ ਕਿਹਾ, ‘‘ਡੈਡ, ਆਪਾਂ ਪੰਜਾਬ ਤੋਂ ਆਪਣਾ ਸਾਰਾ ਕਾਰੋਬਾਰ ਏਥੇ ਸ਼ਿਫਟ ਕਰ ਲਈਏ ਤਾਂ ਪੰਜਾਬ ਵਿੱਚ ਮਿੱਟੀ ਨਾਲ ਮਿੱਟੀ ਹੋਣ ਦੀ ਲੋੜ ਨਹੀਂ, ਆਪਾਂ ਰੁਪਈਆਂ ਨੂੰ ਡਾਲਰਾਂ ਵਿੱਚ ਬਦਲ ਸਕਦੇ ਹਾਂ।’’
‘‘ਪੁੱਤਰ, ਸ਼ਾਇਦ ਤੈਨੂੰ ਪਤਾ ਨਹੀਂ, ਆਪਣਾ ਮੁਲਕ ਆਜ਼ਾਦ ਹੋਣ ਵੇਲੇ ਸਾਡਾ ਰੁਪਈਆ ਡਾਲਰ ਦੇ ਬਰਾਬਰ ਹੀ ਹੁੰਦਾ ਸੀ।’’
ਨਵੀਂ ਪੀੜ੍ਹੀ ਹਰਵਿੰਦਰ ਦੀ ਦਲੀਲ ਸਮਝਣ ਤੋਂ ਅਸਮਰੱਥ ਸੀ। ਫਿਰ ਵੀ ਉਹ ਦਿਲਜੋਤ ਦੇ ਦਿਲ ਦੀ ਸੁਣਨਾ ਚਾਹੁੰਦਾ ਸੀ।
‘‘ਡੈਡੀ ਜੀ, ਮੇਰੇ ਕਹਿਣ ਤੋਂ ਭਾਵ ਹੈ ਕਿ ਅਸੀਂ ਆਪਣੀ ਜ਼ਮੀਨ ਵੇਚ ਕੇ ਏਥੇ ਕਾਰੋਬਾਰ ਕਰਕੇ ਲੱਖਾਂ ਡਾਲਰ ਕਮਾ ਸਕਦੇ ਹਾਂ,’’ ਦਿਲਜੋਤ ਨੇ ਆਪਣਾ ਗਲਾਸ ਖਾਲੀ ਕਰਕੇ ਮੇਜ਼ ’ਤੇ ਰੱਖਦਿਆਂ ਕਿਹਾ, ‘‘ਸੀ ਯੂ ਟੂਮਾਰੋ ਮਾਰਨਿੰਗ ਡੈਡ।’’
ਹਰਵਿੰਦਰ ਸਭ ਕੁਝ ਸਮਝ ਗਿਆ ਪਰ ਉਸ ਨੇ ਕਾਹਲੀ ਨਾਲ ਕੁਝ ਵੀ ਕਹਿਣਾ ਮੁਨਾਸਿਬ ਨਹੀਂ ਸਮਝਿਆ।
ਨੂੰਹ ਪੁੱਤ ਦੇ ਡਿਊਟੀ ਜਾਣ ਤੋਂ ਬਾਅਦ ਹਰਵਿੰਦਰ ਨੇ ਦਲਬੀਰ ਨੂੰ ਕਿਹਾ, ‘‘ਦਿਲਜੋਤ ਨੂੰ ਕਹਿਣਾ ਕਿ ਸਾਡੀਆਂ ਟਿਕਟਾਂ ਕਰਵਾ ਦੇਵੇ, ਜੋ ਉਸ ਨੇ ਕਿਹਾ ਹੈ, ਪੰਜਾਬ ਜਾ ਕੇ ਉਸ ਦੀ ਕਹੀ ਗੱਲ ’ਤੇ ਵਿਚਾਰ ਕਰਦੇ ਹਾਂ।’’
ਠੀਕ ਹੀ ਕੁਝ ਦਿਨਾਂ ਬਾਅਦ ਹਰਵਿੰਦਰ ਤੇ ਦਲਬੀਰ ਦੋਵੇਂ ਜੀਅ ਪੰਜਾਬ ਆ ਗਏ।
ਕਈ ਦਿਨ ਹਰਵਿੰਦਰ ਆਪਣੇ ਦਾਦੇ ਨਾਲ ਆਪਣੇ ਪੁੱਤਰ ਦੀ ਤੁਲਨਾ ਕਰਦਾ ਰਿਹਾ। ਇੱਕ ਨੇ ਘੱਟ ਮੁੱਲ ਵਾਲੀ ਜ਼ਮੀਨ ਅਲਾਟ ਕਰਵਾ ਕੇ ਮਾਲਕੀ ਵਧਾਈ ਸੀ ਤੇ ਦੂਸਰਾ ਓਸੇ ਜ਼ਮੀਨ ਨੂੰ ਵੇਚਣ ਦੀ ਗੱਲ ਕਰ ਰਿਹਾ ਹੈ।
ਅੱਜ ਤੱਕ ਹਰਵਿੰਦਰ ਨੇ ਦਲਬੀਰ ਦੀ ਕਿਸੇ ਵੀ ਗੱਲ ਨੂੰ ਅਣਗੌਲਿਆ ਨਹੀਂ ਸੀ ਕੀਤਾ। ਇੱਕ ਦਿਨ ਮੂਡ ਜਿਹਾ ਬਣਾ ਕੇ ਪਤਨੀ ਨੂੰ ਬੋਲਿਆ, ‘‘ਵਿਦੇਸ਼ ਵਿੱਚ ਕਾਰੋਬਾਰ ਵਧਾਉਣ ਦੀ ਸਲਾਹ ਨੂੰਹ-ਪੁੱਤ ਦੀ ਹੈ ਜਾਂ ਤੇਰੀ ਵੀ ਹੈ?’’
‘‘ਵੇਖੋ ਜੀ, ਸਾਡਾ ਜੋ ਕੁਝ ਵੀ ਹੈ ਪੁੱਤਰ ਦਾ ਈ ਤਾਂ ਹੈ!’’
ਵਿੱਚੋਂ ਹੀ ਟੋਕ ਕੇ ਉਹ ਬੋਲਿਆ, ‘‘ਕੀ ਗੱਲ, ਧੀ ਪ੍ਰੀਤੀ ਸਾਡੀ ਕੁਝ ਨ੍ਹੀਂ ਲਗਦੀ?’’ ਹਰਵਿੰਦਰ ਦੇ ਤੇਵਰ ਅੱਜ ਕੁਝ ਵੱਖਰੇ ਹੀ ਸਨ ਜੋ ਦਲਬੀਰ ਦੀ ਸਮਝੋਂ ਬਾਹਰ ਸਨ, ‘‘ਸੌ ਹੱਥ ਰੱਸਾ ਸਿਰੇ ’ਤੇ ਗੰਢ, ਜ਼ਮੀਨ ਜੱਟ ਦੀ ਮਾਂ ਹੁੰਦੀ ਹੈ। ਮੈਂ ਆਪਣੀ ਮਾਂ ਜਿਊਂਦੇ ਜੀ ਵੇਚਣ ਵਾਲਾ ਨਹੀਂ, ਮੇਰੇ ਮਰਨ ਤੋਂ ਬਾਅਦ ਉਹਨੇ ਮਾਂ ਵੇਚਣੀ ਹੈ, ਉਹਦੀ ਮਰਜ਼ੀ, ਮੈਨੂੰ ਉਸ ਦੇ ਡਾਲਰਾਂ ਦੀ ਲੋੜ ਨਹੀਂ। ਤੂੰ ਓਥੇ ਰਹਿਣਾ ਜਾਂ ਏਥੇ, ਤੇਰੀ ਮਰਜ਼ੀ। ਬਾਹਰ ਦੇ ਕਾਨੂੰਨ ਅਨੁਸਾਰ ਤੇਰੇ ’ਤੇ ਕੋਈ ਦਬਾਅ ਨਹੀਂ।’’ ਆਖ ਹਰਵਿੰਦਰ ਵਿਸਕੀ ਦਾ ਭਰਿਆ ਗਲਾਸ ਖਾਲੀ ਕਰਕੇ ਕਮਰੇ ਵਿੱਚ ਚਲਾ ਗਿਆ।
ਹਰਵਿੰਦਰ ਨੇ ਵਰਤਮਾਨ ਵਿੱਚ ਪਰਤਦਿਆਂ ਭਰੀਆਂ ਅੱਖਾਂ ਘੁੱਟ ਕੇ ਜਦੋਂ ਖਾਲੀ ਕੀਤੀਆਂ ਤਾਂ ਮੋਟੇ-ਮੋਟੇ ਹੰਝੂ ਉਸ ਦੀ ਚਾਂਦੀ ਰੰਗੀ ਦਾੜ੍ਹੀ ਵਿੱਚ ਗਵਾਚ ਗਏ। ਉਸ ਨੂੰ ਇੰਝ ਲੱਗਿਆ ਜਿਵੇਂ ਉਹ ਮੋਈਆਂ ਰੀਝਾਂ ਦੀ ਧੂਣੀ ਸੇਕ ਰਿਹਾ ਹੋਵੇ। ਉਹ ਵਿਸਕੀ ਦਾ ਗਲਾਸ ਖਾਲੀ ਕਰਕੇ ਬਾਲਟੇ ਵਿੱਚ ਠੰਢੀ ਹੋ ਚੁੱਕੀ ਸਵਾਹ ਨੂੰ ਘੂਰਦਾ ਉੱਠ ਪਿਆ।
ਸੰਪਰਕ: 94656-56214

Advertisement
Advertisement