ਮੈਗਜ਼ੀਨ ‘ਰੂਹ ਪੰਜਾਬੀ’ ਦਾ ਤਾਜ਼ਾ ਅੰਕ ਰਿਲੀਜ਼
ਜਲੰਧਰ: ਅਦਾਰਾ ਰੂਹ ਪੰਜਾਬੀ ਦੀ ਮਾਸਿਕ ਮੀਟਿੰਗ ਬੇਗੋਵਾਲ ਵਿੱਚ ਸਟੇਟ ਐਵਾਰਡੀ ਨਾਟਕਕਾਰ ਪ੍ਰੋ. ਸਤਵਿੰਦਰ ਬੇਗੋਵਾਲੀਆ ਦੀ ਅਗਵਾਈ ਹੇਠ ਹੋਈ। ਸਭ ਤੋਂ ਪਹਿਲਾਂ ਸੰਸਥਾ ਵੱਲੋਂ ਪ੍ਰਕਾਸ਼ਿਤ ਹੁੰਦੇ ਤ੍ਰੈ-ਮਾਸਿਕ ਰੂਹ ਪੰਜਾਬੀ ਦਾ ਤਾਜ਼ਾ 35ਵਾਂ ਅੰਕ ਰਿਲੀਜ਼ ਕੀਤਾ ਗਿਆ। ਇਸ ਦੌਰਾਨ ਹਾਜ਼ਰ ਸਮੂਹ ਸ਼ਖ਼ਸੀਅਤਾਂ ਨੇ ਇਕਮੱਤ ਹੁੰਦਿਆਂ ਕਿਹਾ ਕਿ ਪੰਜਾਬੀਅਤ ਦਾ ਅਲੰਬਰਦਾਰ ‘ਰੂਹ ਪੰਜਾਬੀ’ ਮੈਗਜ਼ੀਨ ਮਿਆਰੀ ਸਾਹਿਤ ਨਾਲ ਸੱਚਮੁੱਚ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਿਹਾ ਹੈ। ਇਸੇ ਦੌਰਾਨ ਇੰਜੀਨੀਅਰ ਸਤਪਾਲ ਸਿੰਘ ਅਤੇ ਗੁਰਧਿਆਨ ਸਿੰਘ ਨੇ ਮੈਗਜ਼ੀਨ ਦੀ ਸੰਪਾਦਕੀ ‘ਤੰਗ ਹੋਏ ਬਾਜ਼ਾਰ’ ਉੱਪਰ ਚਰਚਾ ਨਾਲ ਕੀਤੀ। ਸ਼ਾਇਰ ਰਤਨ ਟਾਹਲਵੀ ਨੇ ਆਪਣਾ ਗੀਤ ‘ਸਿੱਖ ਕੌਮ ਨਹੀਂ ਭੁਲਾ ਸਕਦੀ’ ਪੇਸ਼ ਕਰ ਕੇ ਪੰਜਾਬ ਦੇ ਇਤਿਹਾਸ ਦੇ ਪੰਨਿਆਂ ਨੂੰ ਫਰੋਲਿਆ। ਕੁਲਦੀਪ ਸਿੰਘ ਸਰਪੰਚ ਅਕਬਰਪੁਰ ਨੇ ਪੰਜਾਬੀ ਵਿਰਸੇ ਦੀ ਮਹੱਤਤਾ ਸਬੰਧੀ ਜਾਣਕਾਰੀ ਸਾਂਝੀ ਕੀਤੀ। ਗੀਤਕਾਰ ਲਖਵਿੰਦਰ ਘੁੰਮਣ ਨੇ ਆਪਣੇ ਗੀਤ ‘ਟੁੱਟਾ ਕੱਚ ਤਾਂ ਵਿਕਦਾ ਟੁੱਟਾ ਦਿਲ ਵਿਕਦਾ ਨਾ’ ਪੇਸ਼ ਕੀਤਾ। ਅੰਤ ਵਿੱਚ ਪ੍ਰੋ. ਸਤਵਿੰਦਰ ਬੇਗੋਵਾਲੀਆ ਨੇ ਹਾਜ਼ਰੀਨ ਦਾ ਧੰਨਵਾਦ ਵੀ ਕੀਤਾ। -ਪੱਤਰ ਪ੍ਰੇਰਕ