ਨਸ਼ੀਲੇ ਪਦਾਰਥਾਂ ਤੇ ਨਾਜਾਇਜ਼ ਸ਼ਰਾਬ ਸਣੇ 6 ਗ੍ਰਿਫ਼ਤਾਰ
ਹਰਪ੍ਰੀਤ ਕੌਰ
ਹੁਸ਼ਿਆਰਪੁਰ, 30 ਅਪਰੈਲ
ਪੁਲੀਸ ਨੇ ਵੱਖ-ਵੱਖ ਥਾਵਾਂ ਤੋਂ 6 ਮੁਲਜ਼ਮਾਂ ਨੂੰ ਨਸ਼ੀਲੇ ਪਦਾਰਥ ਅਤੇ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫ਼ਤਾਰ ਕੀਤਾ ਹੈ। ਸਿਟੀ ਪੁਲੀਸ ਨੇ ਊਨਾ ਰੋਡ ਤੋਂ ਇਕ ਸ਼ੱਕੀ ਵਿਅਕਤੀ ਨੂੰ ਕਾਬੂ ਕਰਕੇ ਜਦੋਂ ਉਸ ਦੀ ਤਲਾਸ਼ੀ ਲਈ ਉਸ ਕੋਲੋਂ ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਮੁਲਜ਼ਮ ਦੀ ਪਛਾਣ ਦਲਵਿੰਦਰ ਕੁਮਾਰ ਵਾਸੀ ਸਾਹਰੀ ਵਜੋਂ ਹੋਈ। ਇਸੇ ਤਰ੍ਹਾਂ ਸਿਟੀ ਪੁਲੀਸ ਨੇ ਪੁਰਾਣੀ ਕਚਹਿਰੀ ਦੇ ਨੇੜੇ ਨਸ਼ੇ ਦਾ ਸੇਵਨ ਕਰ ਰਹੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ। ਉਸ ਕੋਲੋਂ ਨਸ਼ੇ ਦਾ ਸੇਵਨ ਕਰਨ ਵਾਲੀ ਸਮੱਗਰੀ ਬਾਰਮਦ ਹੋਈ। ਇਨ੍ਹਾਂ ਦੀ ਪਛਾਣ ਗੁਰਪ੍ਰੀਤ ਸਿੰਘ ਵਾਸੀ ਸਾਹਰੀ, ਗੁਰਜੀਤ ਸਿੰਘ ਵਾਸੀ ਹੇੜੀਆਂ ਅਤੇ ਮਨਿੰਦਰ ਮਾਡਲੇ ਵਾਸੀ ਪੰਡੋਰੀ ਕੱਦ ਵਜੋਂ ਹੋਈ। ਇਨ੍ਹਾਂ ਖਿਲਾਫ਼ ਕੇਸ ਦਰਜ ਕੀਤਾ ਗਿਆ। ਇਸ ਦੌਰਾਨ ਮਾਡਲ ਟਾਊਨ ਪੁਲੀਸ ਨੇ ਗਸ਼ਤ ਦੌਰਾਨ ਮੁਹੱਲਾ ਸੁਤਹਿਰੀ ਖੁਰਦ ਦੇ ਨੇੜੇ ਦੋ ਸ਼ੱਕੀ ਵਿਅਕਤੀਆਂ ਨੂੰ ਕਾਬੂ ਕਰਕੇ ਜਦੋਂ ਉਨ੍ਹਾਂ ਦੀ ਤਲਾਸ਼ੀ ਲਈ ਉਨ੍ਹਾਂ ਕੋਲੋਂ 30 ਗ੍ਰਾਮ ਹੈਰੋਇਨ ਬਾਰਮਦ ਹੋਈ। ਇਨ੍ਹਾਂ ਦੀ ਪਛਾਣ ਸੰਦੀਪ ਕੁਮਾਰ ਅਤੇ ਸੋਹਨ ਲਾਲ ਵਾਸੀ ਸੁਤਹਿਰੀ ਖੁਰਦ ਵਜੋਂ ਹੋਈ। ਇਸੇ ਤਰ੍ਹਾਂ ਪੁਲੀਸ ਨੇ ਇਕ ਗੁਪਤ ਸੂਚਨਾ ’ਤੇ ਕਾਰਵਾਈ ਕਰਦਿਆਂ ਆਈਟੀਆਈ ਕਾਲਜ ਰੂਪ ਨਗਰ ਨੇੜੇ ਇਕ ਇਨੋਵਾ ਗੱਡੀ ਨੂੰ ਰੋਕ ਕੇ ਜਦੋਂ ਉਸ ਦੀ ਤਲਾਸ਼ੀ ਲਈ ਗੱਡੀ ਵਿੱਚੋਂ 8 ਪੇਟੀਆਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਹੋਈਆਂ। ਗੱਡੀ ਚਾਲਕ ਦੀ ਪਛਾਣ ਰਿਸ਼ਵ ਸੈਣੀ ਵਾਸੀ ਬੈਕ ਸਾਈਡ ਆਈ.ਟੀ.ਆਈ ਕਾਲਜ ਰੂਪ ਨਗਰ ਵਜੋਂ ਹੋਈ। ਉਸ ਦੇ ਖਿਲਾਫ਼ ਆਬਕਾਰੀ ਕੇਸ ਦਰਜ ਕੀਤਾ ਗਿਆ।