ਮੁੱਖ ਮੰਤਰੀ ਵੱਲੋਂ ਹਲਕਾ ਧੂਰੀ ਦੇ ਸਰਪੰਚਾਂ ਨਾਲ ਚਰਚਾ
ਬੀਰਬਲ ਰਿਸ਼ੀ
ਧੂਰੀ, 24 ਅਪਰੈਲ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕੌਮੀ ਰਾਜ ਪੰਚਾਇਤ ਦਿਵਸ ਮੌਕੇ ਚੰਡੀਗੜ੍ਹ ’ਚ ਆਪਣੇ ਹਲਕਾ ਧੂਰੀ ਦੇ ਚੋਣਵੇਂ ਸਰਪੰਚਾਂ ਨਾਲ ਪਹਿਲੀ ਮੀਟਿੰਗ ਦੌਰਾਨ ਹਲਕੇ ਵਿਕਾਸ ਸਬੰਧੀ ਸੰਖੇਪ ਗੱਲਬਾਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਓਐਸਡੀ ਸੁਖਵੀਰ ਸਿੰਘ ਸੁੱਖੀ ਵੀ ਮੌਜੂਦ ਸਨ।
ਉਨ੍ਹਾਂ ਹਲਕਾ ਧੂਰੀ ਦੇ ਸਰਪੰਚਾਂ ਤੋਂ ਵਿਕਾਸ ਕਾਰਜਾਂ ਦੇ ਚੱਲ ਰਹੇ ਕੰਮਾਂ ਸਬੰਧੀ ਪੁੱਛਿਆ ਅਤੇ ਭਰੋਸਾ ਦਿੱਤਾ ਕਿ ਹਲਕੇ ਦੇ ਕਿਸੇ ਵੀ ਪਿੰਡਾਂ ਨੂੰ ਗ੍ਰਾਂਟਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਹਲਕੇ ਦੇ ਸਰਪੰਚਾਂ ਵਿੱਚ ਗੋਪਾਲ ਕ੍ਰਿਸ਼ਨ ਪਾਨੀ ਬੇਨੜਾ, ਅਮ੍ਰਿਤਪਾਲ ਸਿੰਘ ਘਨੌਰੀ ਕਲਾਂ, ਦਰਸ਼ਨ ਸਿੰਘ, ਸੁਖਵੀਰ ਕੌਰ ਚਾਂਗਲੀ ਮੌਜੂਦ ਸਨ। ਸਰਪੰਚ ਦਵਿੰਦਰ ਸਿੰਘ ਧੂਰਾ ਨੇ ਸੰਪਰਕ ਕਰਨ ’ਤੇ ਪੁਸ਼ਟੀ ਕਰਦਿਆਂ ਦੱਸਿਆ ਕਿ ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਨਵੇਂ ਜਿੱਤ ਕੇ ਆਏ ਹਲਕੇ ਦੇ ਸਾਰੇ ਸਰਪੰਚਾਂ ਨੂੰ ਮਿਲ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਜ਼ਰੂਰ ਸੁਣਨ। ਸਰਪੰਚ ਧੂਰਾ ਅਨੁਸਾਰ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਬਹੁਤ ਛੇਤੀ ਧੂਰੀ ਪਹੁੰਚ ਕੇ ਸਮੂਹ ਸਰਪੰਚਾਂ ਨਾਲ ਮੀਟਿੰਗ ਕਰਨ ਦਾ ਭਰੋਸਾ ਦਿੱਤਾ। ਵਰਨਣਯੋਗ ਹੈ ਕਿ ਹਲਕਾ ਧੂਰੀ ਦੇ ਸਰਪੰਚ ਲੰਬੇ ਸਮੇਂ ਤੋਂ ਆਪਣੇ ਹਲਕੇ ਦੇ ਨੁੰਮਾਇੰਦੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਲਈ ਚਾਰਾਜੋਈ ਕਰਦੇ ਆ ਰਹੇ ਸਨ।