ਮੁੱਖ ਮੰਤਰੀ ਵੱਲੋਂ ਗਰਮੀਆਂ ਲਈ ਐਕਸ਼ਨ ਪਲਾਨ ਦਾ ਖਾਕਾ ਪੇਸ਼
ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਅਪਰੈਲ
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਸੋਮਵਾਰ ਨੂੰ ਗਰਮੀਆਂ ਦਾ ਐਕਸ਼ਨ ਪਲਾਨ 2025 ਦਾ ਖਾਕਾ ਪੇਸ਼ ਕੀਤਾ। ਇਸ ਵਿੱਚ ਆਫ਼ਤ ਪ੍ਰਬੰਧਨ ਮਸ਼ੀਨਰੀ ਨੂੰ ਸਰਗਰਮ ਕੀਤਾ ਗਿਆ ਅਤੇ ਕੜਾਕੇ ਦੀ ਗਰਮੀ ਤੋਂ ਰਾਹਤ ਦੇਣ ਲਈ ਸਮੂਹਿਕ ਯਤਨਾਂ ਦੇ ਹਿੱਸੇ ਵਜੋਂ 3,000 ਠੰਢੇ ਪਾਣੀ ਦੇ ਏਟੀਐੱਮ ਦਾ ਪ੍ਰਸਤਾਵ ਕੀਤਾ ਗਿਆ। 1,800 ਰਾਸ਼ਟਰੀ ਅਤੇ ਦਿੱਲੀ ਡਿਜ਼ਾਸਟਰ ਰਿਸਪਾਂਸ ਵਾਲੰਟੀਅਰਾਂ ਦੀ ਤਾਇਨਾਤੀ ਤੋਂ ਇਲਾਵਾ (‘ਆਪਦਾ ਮਿੱਤਰਾਂ’ ਵਜੋਂ ਜਾਣੇ ਜਾਂਦੇ ਹਨ) ਇਸ ਯੋਜਨਾ ਵਿੱਚ ਛਾਂਦਾਰ ਕੂਲਿੰਗ ਸ਼ੈਲਟਰਾਂ ਦੀ ਸਥਾਪਨਾ ਅਤੇ ਦਿੱਲੀ ਦੇ ਸਰਕਾਰੀ ਸਕੂਲਾਂ ਅਤੇ ਦਫਤਰ ਦੀਆਂ ਇਮਾਰਤਾਂ ਦੀਆਂ ਚਾਰਦੀਵਾਰੀਆਂ ਨਾਲ ਜੁੜੇ 3,000-4,000 ਵੱਡੇ ਆਰਓ ਵਾਟਰ ਯੂਨਿਟਾਂ ਦੀ ਸਥਾਪਨਾ ਸ਼ਾਮਲ ਹੈ। ਇਹ 24 ਘੰਟੇ ਠੰਢੇ ਪਾਣੀ ਦੀ ਸਪਲਾਈ ਕਰਨਗੇ, ਜਿਸ ਨਾਲ ਲਗਪਗ 5 ਲੱਖ ਨਾਗਰਿਕਾਂ ਨੂੰ ਲਾਭ ਹੋਵੇਗਾ।
ਯੋਜਨਾ ਵਿੱਚ ਪਬਲਿਕ ਵਰਕਸ ਡਿਪਾਰਟਮੈਂਟ (ਪੀਡਬਲਿਊਡੀ) ਦੀਆਂ ਸੜਕਾਂ ਉੱਤੇ 3,000 ਵਾਟਰ ਏਟੀਐੱਮ ਲਗਾਉਣ ਦਾ ਵੀ ਯੋਜਨਾ ਹੈ ( ਖਾਸ ਤੌਰ ‘ਤੇ ਬੱਸ ਅੱਡਿਆਂ ਅਤੇ ਟਰੈਫਿਕ ਚੌੌਕਾਂ ਦੇ ਨੇੜੇ) ਪੀਣ ਵਾਲੇ ਪਾਣੀ ਤੱਕ ਲੋਕਾਂ ਦੀ ਆਸਾਨ ਪਹੁੰਚ ਕਰਨ ਲਈ ਇਹ ਯੋਜਨਾ ਉਲੀਕੀ ਗਈ ਹੈ। ਸ੍ਰੀਮਤੀ ਗੁਪਤਾ ਨੇ ਕਿਹਾ ਕਿ ਕੌਮੀ ਰਾਜਧਾਨੀ ਦੇ ਮੌਸਮ ਅਕਸਰ ਨਾਗਰਿਕ ਚੁਣੌਤੀਆਂ ਨਾਲ ਜੁੜੇ ਹੁੰਦੇ ਹਨ। ਗਰਮੀਆਂ ਵਿੱਚ ਪਾਣੀ ਦੀ ਕਮੀ, ਸਰਦੀਆਂ ਵਿੱਚ ਪ੍ਰਦੂਸ਼ਣ ਅਤੇ ਮੌਨਸੂਨ ਦੌਰਾਨ ਪਾਣੀ ਭਰਨਾ ਪਰ ਉਸ ਦੀ ਸਰਕਾਰ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਨਾਗਰਿਕ ਬਿਨਾਂ ਕਿਸੇ ਮੁਸ਼ਕਲ ਦੇ ਹਰ ਮੌਸਮ ਦਾ ਅਨੰਦ ਲੈ ਸਕਣ।
ਹੀਟਵੇਵ ਰਾਹਤ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਉਨ੍ਹਾਂ ਕਿਹਾ ਕਿ ਹੀਟ ਐਕਸ਼ਨ ਪਲਾਨ ਦੇ ਤਹਿਤ, 3,000 ਵਾਟਰ ਕੂਲਰ ਜਾਂ ਏਟੀਐੰਮ ਲਗਾਏ ਜਾਣਗੇ, 1,000 ਜਨਤਕ ਸੜਕਾਂ ’ਤੇ, 1,000 ਸਰਕਾਰੀ ਇਮਾਰਤਾਂ ਵਿੱਚ, ਅਤੇ 1,000 ਪੇਂਡੂ ਖੇਤਰਾਂ ਵਿੱਚ। ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਸਰਕਾਰ ਲੋਕਾਂ ਨੂੰ ਸਮੇਂ ਸਿਰ ਸਾਵਧਾਨੀ ਵਰਤਣ ਵਿੱਚ ਮਦਦ ਕਰਨ ਲਈ ਐੱਸਐੱਮਐੱਸ ਅਤੇ ਸੋਸ਼ਲ ਮੀਡੀਆ ਰਾਹੀਂ ਨਿਯਮਤ ਹੀਟ ਅਲਰਟ ਜਾਰੀ ਕਰੇਗੀ। ਹਸਪਤਾਲਾਂ ਵਿੱਚ ਵਿਸ਼ੇਸ਼ ਹੀਟਵੇਵ ਵਾਰਡ ਬਣਾਉਣ ਤੋਂ ਇਲਾਵਾ, ਆਪਦਾ ਮਿੱਤਰਾਂ ਨੂੰ ਝੁੱਗੀ-ਝੌਂਪੜੀ ਵਾਲੇ ਖੇਤਰਾਂ ਵਿੱਚ ਗਰਮੀ ਤੋਂ ਰਾਹਤ ਗਤੀਵਿਧੀਆਂ ਕਰਨ ਲਈ ਤਾਇਨਾਤ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ ਲੋਕ ਨਿਰਮਾਣ ਮੰਤਰੀ ਪਰਵੇਸ਼ ਵਰਮਾ ਨੇ ਕਿਹਾ ਕਿ ਦਿੱਲੀ ਸਰਕਾਰ ਸਿਰਫ਼ ਐਲਾਨਾਂ ਤੋਂ ਨਹੀਂ, ਸਗੋਂ ਕਾਰਵਾਈ ਰਾਹੀਂ ਲੋਕ ਭਲਾਈ ਲਈ ਆਪਣੀ ਵਚਨਬੱਧਤਾ ਨੂੰ ਸਾਬਤ ਕਰਨ ਲਈ ਦ੍ਰਿੜ੍ਹ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਗਰਮੀਆਂ ਦੇ ਪਾਣੀ ਦੇ ਸੰਕਟ ਨੂੰ ਹੱਲ ਕਰਨ ਲਈ ਪਹਿਲਾਂ ਹੀ ਜੀਪੀਐੱਸ ਨਾਲ ਜੁੜੇ ਪਾਣੀ ਦੇ ਟੈਂਕਰ ਲਾਂਚ ਕੀਤੇ ਹਨ ਅਤੇ ਸਰਕਾਰੀ ਇਮਾਰਤਾਂ ਲਈ ਗਰਮੀ-ਰੋਧਕ, ਠੰਢੀਆਂ ਛੱਤਾਂ ਦੀ ਸ਼ੁਰੂਆਤ ਸ਼ੁਰੂ ਕਰ ਦਿੱਤੀ ਗਈ ਹੈ।