ਮੁੱਖ ਮੰਤਰੀ ਕਾਲੀ ਮਾਤਾ ਮੰਦਰ ਵਿੱਚ ਨਤਮਸਤਕ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ ,31 ਮਾਰਚ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਬੀਤੀ ਦੇਰ ਸ਼ਾਮ ਪਿੰਡ ਟਾਟਕਾ ਦੇ ਕਾਲੀ ਮਾਤਾ ਮੰਦਰ ਵਿਚ ਮੱਥਾ ਟੇਕਿਆ ਤੇ ਸੂਬੇ ਦੇ ਲੋਕਾਂ ਨੂੰ ਨਵਰਾਤਰੀ ਤੇ ਨਵੇਂ ਸਾਲ ਨਵਸੰਮਤ ਦੇ ਮੌਕੇ ’ਤੇ ਵਧਾਈਆਂ ਤੇ ਸ਼ੁਭ ਕਾਮਨਾਵਾਂ ਦਿੱਤੀਆਂ। ਉਨ੍ਹਾਂ ਪਿੰਡ ਦੇ ਸਰਪੰਚ ਦੁਨੀਚੰਦ ਵੱਲੋਂ ਰੱਖੀਆਂ ਗਈਆਂ ਪਿੰਡ ਦੀਆਂ ਸਾਰੀਆਂ ਮੰਗਾਂ ਨੂੰ ਪੂਰਾ ਕਰਨ ਦਾ ਐਲਾਨ ਵੀ ਕੀਤਾ। ਇਸ ਵਿੱਚ ਪਿੰਡ ਵਿਚ ਕਮਿਊਨਟੀ ਸੈਂਟਰ ਦੀ ਉਸਾਰੀ, ਬਰਗਟ ਤੋਂ ਟਾਟਕਾ ਤਕ ਕੰਕਰੀਟ ਦੀ ਸੜਕ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ 2025,26 ਲਈ ਹਰਿਆਣਾ ਵਿਧਾਨ ਸਭਾ ਵਿਚ ਹਰਿਆਣਾ ਦੇ ਇਤਿਹਾਸ ਦਾ ਸਭ ਤੋਂ ਵੱਡਾ ਬਜਟ ਪਾਸ ਕੀਤਾ ਹੈ। ਸ੍ਰੀ ਸੈਣੀ ਨੇ ਪਿੰਡ ਟਾਟਕਾ ਵਿਚ ਪਿੰਡ ਵਾਸੀਆਂ ਨੂੰ ਸੰਬੋਧਨ ਕੀਤਾ।
ਇਸ ਮੌਕੇ ਸਾਬਕਾ ਰਾਜ ਮੰਤਰੀ ਸੁਭਾਸ਼ ਸੁਧਾ, ਸੁਭਾਸ਼ ਕਲਸਾਣਾ, ਭਾਜਪਾ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਗੋਲਡੀ ,ਕੈਲਾਸ਼ ਸੈਣੀ ,ਚੇਅਰਮੈਨ ਧਰਮਬੀਰ ਮਿਰਜਾਪੁਰ, ਵਿਕਾਸ ਸ਼ਰਮਾ,ਜਸਵਿੰਦਰ ਜੱਸੀ, ਨਾਇਬ ਸਿੰਘ ਪਟਾਕ ਮਾਜਰਾ ਮੌਜੂਦ ਸਨ। ਮੁੱਖ ਮੰਤਰੀ ਨੇ ਕਿਹਾ ਹੈ ਕਿ 14 ਅਪਰੈਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੰਬੇਡਕਰ ਜੈਅੰਤੀ ’ਤੇ ਯਮੁਨਾਨਗਰ ਆ ਰਹੇ ਹਨ ਜਿਥੇ ਉਹ ਸੂਬੇ ਨੂੰ ਦੋ ਵੱਡੀਆਂ ਸੁਗਾਤਾਂ ਦੇਣਗੇੇ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ 77 ਹਜ਼ਾਰ ਦਰਖਾਸਤਾਂ ਮਿਲੀਆਂ ਹਨ। ਇਨ੍ਹਾਂ ਵਿੱਚ 36 ਹਜ਼ਾਰ ਲੋੜਵੰਦਾਂ ਦੇ ਖਾਤਿਆਂ ਵਿੱਚ 151 ਕਰੋੜ ਰੁਪਏ ਦੀ ਰਕਮ ਜਮ੍ਹਾਂ ਕਰਵਾ ਦਿੱਤੀ ਗਈ ਹੈ ਤੇ ਬਾਕੀ 41 ਹਜ਼ਾਰ ਬਿਨੈਕਾਰਾਂ ਦੇ ਖਾਤਿਆਂ ਵਿਚ ਜਲਦ ਯੋਜਨਾ ਦੇ ਤਹਿਤ ਪੈਸਾ ਭੇਜ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਕੌਲਾਪੁਰ, ਬਰਗਟ ਚੌਕ ਬਾਬੈਨ ਤੋਂ ਸੁਨਾਰੀਆਂ ਚੌਕ, ਲਾਡਵਾ ਤੋਂ ਨਵੀਂ ਸਬਜ਼ੀ ਮੰਡੀ ਤੱਕ ਚਾਰ ਲਾਈਨ ਪ੍ਰਾਜੈਕਟ ’ਤੇ ਵੀ 17.89 ਕਰੋੜ ਰੁਪਏ ਖਰਚ ਕੀਤੇ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਲਾਡਵਾ ਤੇ ਬਾਬੈਨ ਵਿਚ ਪਾਣੀ ਦੀ ਨਿਕਾਸੀ ਤੇ ਗਲੀਆਂ ਦੇ ਨਿਰਮਾਣ ਲਈ 2 ਕਰੋੜ 88 ਲੱਖ ਰੁਪਏ ਦੀ ਰਕਮ ਖਰਚ ਕੀਤੀ ਗਈ ਹੈ ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ 14 ਅਪਰੈਲ ਨੂੰ ਯਮੁਨਾਨਗਰ ਪਹੁੰਚ ਕੇ ਪ੍ਰਧਾਨ ਮੰਤਰੀ ਦੇ ਵਿਚਾਰ ਸੁਣਨ।