ਮੁਹਾਲੀ ਦੇ ਸਰਕਾਰੀ ਹਸਪਤਾਲ ’ਚ ਦੋ ਮਹੀਨੇ ਬੰਦ ਰਹੇਗੀ ਲਿਫ਼ਟ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 9 ਅਪਰੈਲ
ਇੱਥੋਂ ਦੇ ਫੇਜ਼-6 ਸਥਿਤ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਦੇ ਜੱਚਾ-ਬੱਚਾ ਹਸਪਤਾਲ ਵਿਚਲੀ ਲਿਫ਼ਟ ਦੋ ਮਹੀਨਿਆਂ ਲਈ ਬੰਦ ਰਹੇਗੀ। ਸਰਕਾਰੀ ਹਸਪਤਾਲ ਦੇ ਐੱਸਐੱਮਓ ਡਾ. ਐੱਚਐੱਸ ਚੀਮਾ ਅਤੇ ਮੈਡੀਕਲ ਕਾਲਜ ਦੇ ਮੈਡੀਕਲ ਸੁਪਰਡੈਂਟ ਡਾ. ਨਵਦੀਪ ਸਿੰਘ ਸੈਣੀ ਨੇ ਦੱਸਿਆ ਕਿ ਉਸਾਰੀ ਕਾਰਜਾਂ ਕਾਰਨ ਜੱਚਾ-ਬੱਚਾ ਹਸਪਤਾਲ ਵਿਚਲੀ ਲਿਫ਼ਟ ਨੂੰ ਅਗਲੇ ਦੋ ਮਹੀਨਿਆਂ ਲਈ ਬੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 15 ਅਪਰੈਲ ਤੋਂ 15 ਜੂਨ ਤੱਕ ਲਿਫ਼ਟ ਦੀ ਵਰਤੋਂ ਨਹੀਂ ਕੀਤੀ ਜਾ ਸਕੇਗੀ।
ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਕੰਪਲੈਕਸ ਵਿੱਚ ਹੀ ਚਾਰ ਮੰਜ਼ਿਲਾਂ ਜੱਚਾ-ਬੱਚਾ ਹਸਪਤਾਲ ਵੀ ਬਣਿਆ ਹੋਇਆ ਹੈ ਅਤੇ ਹੁਣ ਇਸ ਦੇ ਉੱਪਰ ਇੱਕ ਹੋਰ ਨਵੀਂ ਇਮਾਰਤ ਪੰਜਵੀਂ ਮੰਜ਼ਿਲ (ਜੱਚਾ-ਬੱਚਾ ਲਈ ਵਿਸ਼ੇਸ਼ ਵਾਰਡ) ਦੀ ਉਸਾਰੀ ਕੀਤੀ ਜਾ ਰਹੀ ਹੈ। ਉਸਾਰੀ ਕਾਰਜਾਂ ਦੇ ਚੱਲਦਿਆਂ ਇਸ ਲਾਂਘੇ ਨੂੰ ਉਕਤ ਲਿਫ਼ਟ ਨਾਲ ਜੋੜਿਆ ਜਾਣਾ ਹੈ, ਜਿਸ ਕਾਰਨ ਲਿਫ਼ਟ ਬੰਦ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਰੀਜ਼ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ, ਰਿਸ਼ਤੇਦਾਰ ਇਸ ਇਮਾਰਤ ਦੀਆਂ ਉੱਪਰਲੀਆਂ ਮੰਜ਼ਿਲਾਂ ’ਤੇ ਜਾਣ ਲਈ ਹੁਣ ਲਿਫ਼ਟ ਦੀ ਜਗ੍ਹਾ ਪੌੜੀਆਂ ਦੀ ਵਰਤੋਂ ਕਰ ਸਕਣਗੇ।
ਉਨ੍ਹਾਂ ਦੱਸਿਆ ਕਿ ਸਿਹਤਮੰਦ ਪੰਜਾਬ ਦੇ ਤਹਿਤ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਮਿਆਰੀ ਸਹੂਲਤਾਂ ਮੁਹੱਈਆ ਕਰਵਾਉਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਜੋ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਇਲਾਜ ਲਈ ਆਉਂਦੇ ਮਰੀਜ਼ਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ। ਇਸ ਸਬੰਧੀ ਸੂਬਾ ਸਰਕਾਰ ਵੱਲੋਂ ਲੋੜੀਂਦੇ ਫੰਡ ਵੀ ਮੁਹੱਈਆ ਕਰਵਾਏ ਜਾ ਰਹੇ ਹਨ।