ਚੰਡੀਗੜ੍ਹ ਕਾਂਗਰਸ ਵੱਲੋਂ ਸੰਵਿਧਾਨ ਬਚਾਓ ਮੁਹਿੰਮ ਸ਼ੁਰੂ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 4 ਮਈ
ਚੰਡੀਗੜ੍ਹ ਕਾਂਗਰਸ ਨੇ ਅੱਜ ਸ਼ਹਿਰ ਵਿੱਚ ‘ਸੰਵਿਧਾਨ ਬਚਾਓ’ ਮੁਹਿੰਮ ਦਾ ਆਗਾਜ਼ ਕੀਤਾ ਹੈ। ਅੱਜ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚਐੱਸ ਲੱਕੀ ਅਤੇ ਚੰਡੀਗੜ੍ਹ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਵੱਲੋਂ ਸ਼ਹਿਰ ਦੇ ਸੈਕਟਰ-32 ਅਤੇ ਮਨੀਮਾਜਰਾ ਦੀ ਇੰਦਰਾ ਕਲੋਨੀ ਵਿਚ ਦੋ ਸਭਾਵਾਂ ਕਰਵਾਈਆਂ ਗਈਆਂ। ਇਸ ਦੌਰਾਨ ਕਾਂਗਰਸ ਨੇ ਲੋਕਾਂ ਨੂੰ ਸੰਵਿਧਾਨ ਦੀ ਰਾਖੀ ਲਈ ਇਕਜੁੱਟ ਹੋਣ ਦਾ ਸੱਦਾ ਦਿੱਤਾ।
ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚਐੱਸ ਲੱਕੀ ਅਤੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਦੇਸ਼ ਵਿੱਚ ਸੰਵਿਧਾਨ ਦੀ ਉਲੰਘਣਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਵੱਲੋਂ ਸੰਵਿਧਾਨ ਨੂੰ ਛੱਡ ਕੇ ਸਭ ਕੁਝ ਆਪਣੀ ਮਰਜ਼ੀ ਨਾਲ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਭਾਜਪਾ ਦੇਸ਼ ਵਿੱਚ ਸੰਵਿਧਾਨ ਦੇ ਸਿਧਾਂਤਾਂ ਨੂੰ ਕਮਜ਼ੋਰ ਕਰਨ ਲੱਗੀ ਹੋਈ ਹੈ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੇਸ਼ ਵਿੱਚ ਸੰਵਿਧਾਨ ਨੂੰ ਬਚਾਉਣ ਲਈ ਸੰਘਰਸ਼ ਸ਼ੁਰੂ ਕਰ ਰਹੀ ਹੈ। ਇਸ ਵਿੱਚ ਸਾਰਿਆਂ ਨੂੰ ਵਧ-ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ।
ਕਾਂਗਰਸੀ ਆਗੂਆਂ ਨੇ ਕਿਹਾ ਕਿ ਪਾਰਟੀ ਵੱਲੋਂ ਦੇਸ਼ ਵਿੱਚ ਸੰਵਿਧਾਨ ਦੀ ਰਾਖੀ ਲਈ ਸ਼ੁਰੂ ਕੀਤੀ ਮੁਹਿੰਮ ਲਗਾਤਾਰ ਜਾਰੀ ਰਹੇਗੀ। ਇਸ ਦੌਰਾਨ ਦੇਸ਼ ਦੇ ਘਰ-ਘਰ ਤੱਕ ਪਹੁੰਚ ਕਰ ਕੇ ਲੋਕਾਂ ਨੂੰ ਸੰਵਿਧਾਨ ਦੇ ਨਾਲ ਖ਼ਿਲਾਫ਼ ਹੋ ਰਹੀ ਸਾਜ਼ਿਸ਼ ਬਾਰੇ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇਸ਼ ਵਿੱਚ ਸੰਵਿਧਾਨ ਦੀ ਰਾਖੀ ਲਈ ਹਰ ਤਰ੍ਹਾਂ ਦਾ ਕਦਮ ਚੁੱਕਦੀ ਰਹੇਗੀ। ਇਸ ਮੌਕੇ ਵਿਪਨਜੋਤ, ਸਾਹਿਲ, ਪੰਕਜ, ਬਲਵਿੰਦਰ ਕੌਰ ਤੇ ਹੋਰ ਵੱਡੀ ਗਿਣਤੀ ਵਿੱਚ ਕਾਂਗਰਸੀ ਮੌਜੂਦ ਰਹੇ।