ਮਹਿਲਾ ਮਾਲ ਅਧਿਕਾਰੀ ਤੇ ਕਰਮਚਾਰੀ ਨਾਲ ਦੁਰਵਿਵਹਾਰ ਦੇ ਦੋਸ਼ ਹੇਠ ਆਈਏਐੱਸ ਅਫ਼ਸਰ ਦੇ ਰਿਸ਼ਤੇਦਾਰ ਖ਼ਿਲਾਫ਼ ਕੇਸ ਦਰਜ
ਮਹਿੰਦਰ ਸਿੰਘ ਰੱਤੀਆਂ
ਮੋਗਾ, 7 ਮਈ
ਨਿਹਾਲ ਸਿੰਘ ਵਾਲਾ ਪੁਲੀਸ ਨੇ ਇਥੇ ਤਾਇਨਾਤ ਇੱਕ ਮਹਿਲਾ ਮਾਲ ਅਧਿਕਾਰੀ ਅਤੇ ਮਹਿਲਾ ਮੁਲਾਜ਼ਮ ਨਾਲ ਦੁਰਵਿਵਹਾਰ ਕਰਨ ਦੇ ਦੋਸ਼ ਹੇਠ ਖੇਤਰ ਦੇ ਕਥਿਤ ਇੱਕ ਪ੍ਰਭਾਵਸ਼ਾਲੀ ਵਿਅਕਤੀ ਖ਼ਿਲਾਫ਼ ਐੱਸਡੀਐੱਮ ਦੀ ਸ਼ਿਕਾਇਤ ਉੱਤੇ ਕੇਸ ਦਰਜ ਕੀਤਾ ਹੈ। ਮੁਲਜ਼ਮ ’ਤੇ ਕਰਮਚਾਰੀਆਂ ਨਾਲ ਦੁਰਵਿਵਹਾਰ ਕਰਨ ਫੋਨ ਉੱਤੇ ਭੱਦੀ ਸ਼ਬਦੀਵਾਲੀ ਦੀ ਵਰਤੋਂ ਕਰਨ ਅਤੇ ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਦੇ ਦੋਸ਼ ਵੀ ਲੱਗੇ ਹਨ।
ਨਿਹਾਲ ਸਿੰਘ ਵਾਲਾ ਵਿੱਚ ਤਾਇਨਾਤ ਐੱਸਡੀਐੱਮ ਸਵਾਤੀ ਮੁਤਾਬਕ ਮੁਲਜ਼ਮ ਜਰਮਨਜੀਤ ਸਿੰਘ ਪਿੰਡ ਪੱਤੋ ਜਵਾਹਰ ਸਿੰਘ ਵਾਲਾ ਉੱਤੇ ਦੋਸ਼ ਹਨ ਕਿ ਉਹ ਇਥੇ ਤਾਇਨਾਤ ਇੱਕ ਮਹਿਲਾ ਮੁਲਾਜ਼ਮ ਅਤੇ ਇੱਕ ਮਹਿਲਾ ਮਾਲ ਅਧਿਕਾਰੀ ਨੂੰ ਫੋਨ ਉੱਤੇ ਭੱਦੀ ਸ਼ਬਦਾਵਲੀ ਦੀ ਵਰਤੋਂ ਕਰ ਕੇ ਉਨ੍ਹਾਂ ਨੂੰ ਸਿਰਫ਼ ਮਾਨਸਿਕ ਤੌਰ ਉੱਤੇ ਪ੍ਰੇਸ਼ਾਨ ਹੀ ਨਹੀਂ ਕਰ ਰਿਹਾ ਸੀ ਸਗੋਂ ਆਪਣੇ ਇੱਕ ਆਈਏਐੱਸ ਅਫ਼ਸਰ ਰਿਸ਼ਤੇਦਾਰ ਹੋਣ ਦਾ ਡਰਾਵਾ ਦੇ ਕੇ ਉਨ੍ਹਾਂ ਨੂੰ ਤਬਾਦਲੇ ਦੀਆਂ ਧਮਕੀਆਂ ਦੇ ਰਿਹਾ ਸੀ। ਉਨ੍ਹਾਂ ਦੱਸਿਆ ਕਿ ਕਰੀਬ ਮਹੀਨਾ ਪਹਿਲਾਂ ਵੀ ਉਸ ਨੇ ਅਜਿਹਾ ਕੀਤਾ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਮੁਲਜ਼ਮ ਨੂੰ ਕਈ ਵਾਰ ਉਨ੍ਹਾਂ ਖੁਦ ਸਮਝਾਇਆ ਕਿ ਜੋ ਉਨ੍ਹਾਂ ਦਾ ਕੰਮ ਹੈ ਉਹ ਨਿਯਮਾਂ ਮੁਤਾਬਕ ਹੋ ਜਾਵੇਗਾ ਪਰ ਉਹ ਕਿਸੇ ਦੀ ਵੀ ਗੱਲ ਸੁਣਨ ਦੀ ਬਜਾਏ ਮੁਲਾਜ਼ਮਾਂ ਨੂੰ ਝੂਠਾ ਫਸਾਉਣ ਦੀਆਂ ਧਮਕੀਆਂ ਦੇ ਰਿਹਾ ਸੀ ਅਤੇ ਦੋਸ਼ ਲਾ ਰਿਹਾ ਸੀ ਕਿ ਉਹ (ਤੁਸੀਂ) ਪੈਸੇ ਲੈ ਕੇ ਕੰਮ ਕਰਦੇ ਹਨ। ਜਦੋਂ ਕਿ ਮੁਲਜ਼ਮ ਦਾ ਕੋਈ ਕੰਮ ਲੰਬਿਤ ਵੀ ਨਹੀਂ ਸੀ ਪਰ ਉਹ ਆਪਣੇ ਪ੍ਰਭਾਵਸ਼ਾਲੀ ਹੋਣ ਦੀ ਧੌਂਸ ਨਾਲ ਮਨ ਮੁਤਾਬਕ ਨਿਯਮਾਂ ਨੂੰ ਛਿੱਕੇ ਟੰਗ ਕੇ ਕੰਮ ਕਰਵਾਉਣ ਲਈ ਦਬਾਅ ਬਣਾ ਰਿਹਾ ਸੀ। ਮੁਲਜ਼ਮ ਖ਼ਿਲਾਫ਼ 26 ਮਾਰਚ ਨੂੰ ਡੀਡੀਆਰ ਵੀ ਦਰਜ ਕੀਤੀ ਗਈ ਸੀ ਪਰ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਾ ਆਇਆ। ਨਿਹਾਲ ਸਿੰਘ ਵਾਲਾ ਪੁਲੀਸ ਮੁਤਾਬਕ ਮੁਲਜ਼ਮ ਜਰਮਨਜੀਤ ਸਿੰਘ ਰਿਟਾਇਰਡ ਆਈਏਐੱਸ ਅਫਸਰ ਦਾ ਰਿਸ਼ਤੇਦਾਰ ਹੋਣ ਦਾ ਹਵਾਲਾ ਦੇ ਕੇ ਰੋਅਬ ਝਾੜਦਾ ਸੀ ਅਤੇ ਮਾੜੀ ਸ਼ਬਦਾਵਲੀ ਦਾ ਪ੍ਰਯੋਗ ਕਰਕੇ ਮਾਲ ਅਧਿਕਾਰੀ ਅਤੇ ਮਹਿਲਾ ਮੁਲਾਜ਼ਮ ਤੋਂ ਕੰਮ ਕਰਵਾਉਣ ਲਈ ਦਬਾਅ ਬਣਾ ਰਿਹਾ ਸੀ। ਉਸ ਖ਼ਿਲਾਫ਼ ਸਰਕਾਰੀ ਮੁਲਾਜ਼ਮਾਂ ਨੂੰ ਡਰਾਉਣ ਧਮਕਾਉੂਣ ਅਤੇ ਸਰਕਾਰੀ ਡਿਊਟੀ ਵਿਚ ਵਿਘਨ ਪਾਉਣ ਦੀਆਂ ਧਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।