ਮਨੀਪੁਰ ’ਚ ਹਾਲਾਤ ਕਾਬੂ ਹੇਠ ਪਰ ਤਸੱਲੀਬਖ਼ਸ਼ ਨਹੀਂ: ਸ਼ਾਹ
ਨਵੀਂ ਦਿੱਲੀ, 3 ਅਪਰੈਲ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਮਨੀਪੁਰ ਵਿੱਚ ਹਾਲਾਤ ਕਾਫੀ ਹੱਦ ਤੱਕ ਕੰਟਰੋਲ ਹੇਠ ਹਨ ਕਿਉਂਕਿ ਪਿਛਲੇ ਚਾਰ ਮਹੀਨਿਆਂ ’ਚ ਉੱਥੇ ਕੋਈ ਮੌਤ ਨਹੀਂ ਹੋਈ ਹੈ ਪਰ ਇਸ ਨੂੰ ਤਸੱਲੀਬਖ਼ਸ਼ ਨਹੀਂ ਮੰਨਿਆ ਜਾ ਸਕਦਾ ਹੈ ਕਿਉਂਕਿ ਬੇਘਰ ਲੋਕ ਰਾਹਤ ਕੈਂਪਾਂ ’ਚ ਰਹਿ ਰਹੇ ਹਨ। ਲੋਕ ਸਭਾ ਵਿੱਚ ਮਨੀਪੁਰ ’ਚ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਦੀ ਪੁਸ਼ਟੀ ਕਰਨ ਵਾਲੇ ਵਿਧਾਨਕ ਪ੍ਰਸਤਾਵ ਨੂੰ ਸਵੀਕਾਰ ਕਰਨ ਵਾਲੀ ਸੰਖੇਪ ਚਰਚਾ ਦਾ ਜਵਾਬ ਦਿੰਦੇ ਹੋਏ ਸ਼ਾਹ ਨੇ ਇਹ ਵੀ ਕਿਹਾ ਕਿ ਮਨੀਪੁਰ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਹੋਣ ਤੋਂ ਬਾਅਦ ਮੈਤੇਈ ਅਤੇ ਕੁੁਕੀ ਭਾਈਚਾਰੇ ਦੇ ਲੋਕਾਂ ਨਾਲ ਚਰਚਾ ਕੀਤੀ ਗਈ ਅਤੇ ਦੋਵੇਂ ਭਾਈਚਾਰਿਆਂ ਦੀਆਂ ਵੱਖ-ਵੱਖ ਜਥੇਬੰਦੀਆਂ ਨਾਲ ਵੱਖੋ-ਵੱਖਰੀ ਮੀਟਿੰਗਾਂ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰਾਲੇ ਜਲਦੀ ਹੀ ਇਕ ਸਾਂਝੀ ਮੀਟਿੰਗ ਸੱਦੇਗਾ। ਉਨ੍ਹਾਂ ਕਿਹਾ ਕਿ ਸਰਕਾਰ ਹਿੰਸਾ ਖ਼ਤਮ ਕਰਨ ਦਾ ਰਸਤਾ ਲੱਭਣ ਵਿੱਚ ਜੁੱਟੀ ਹੋਈ ਹੈ ਪਰ ਸਭ ਤੋਂ ਪਹਿਲੀ ਤਰਜੀਹ ਸ਼ਾਂਤੀ ਕਾਇਮ ਕਰਨਾ ਹੈ। ਸ਼ਾਹ ਨੇ ਕਿਹਾ ਕਿ ਵਿਰੋਧੀ ਧਿਰ ਇਹ ਤਸਵੀਰ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਮੈਤੇਈ ਤੇ ਕੁਕੀ ਭਾਈਚਾਰਿਆਂ ਵਿਚਾਲੇ ਜਾਤੀ ਆਧਾਰਿਤ ਸੰਘਰਸ਼ ਮਨੀਪੁਰ ਵਿੱਚ ਪਹਿਲੀ ਹਿੰਸਾ ਸੀ ਅਤੇ ਭਾਜਪਾ ਸਰਕਾਰ ਕਾਨੂੰਨ ਵਿਵਸਥਾ ਕਾਇਮ ਰੱਖਣ ਵਿੱਚ ਅਸਫ਼ਲ ਰਹੀ ਹੈ। -ਪੀਟੀਆਈ