ਮਕਬੂਲਪੁਰਾ: ਪੁਲੀਸ ਨੇ ਕੁੜੀ-ਮੁੰਡੇ ਨੂੰ ਨਸ਼ਾ ਛੁਡਾਊ ਕੇਂਦਰ ਭੇਜਿਆ
ਅੰਮ੍ਰਿਤਸਰ, 31 ਮਾਰਚ
ਪੁਲੀਸ ਨੂੰ ਇੱਕ ਨੌਜਵਾਨ ਮੁੰਡਾ ਅਤੇ ਕੁੜੀ ਮਕਬੂਲਪੁਰਾ ਇਲਾਕੇ ਵਿੱਚੋਂ ਲਗਭਗ ਅਚੇਤ ਅਵਸਥਾ ਵਿੱਚ ਮਿਲੇ ਹਨ,ਜਿਨ੍ਹਾਂ ਨੂੰ ਪੁਲੀਸ ਨੇ ਨਸ਼ਾ ਛੁਡਾਊ ਕੇਂਦਰ ਭੇਜਿਆ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮਕਬੂਲਪੁਰਾ ਇਲਾਕੇ ਵਿੱਚ ਪੁਲੀਸ ਨੂੰ ਗਸ਼ਤ ਦੌਰਾਨ ਇੱਕ ਮੁੰਡਾ ਤੇ ਕੁੜੀ ਮਿਲੇ ਹਨ। ਉਨ੍ਹਾਂ ਦੱਸਿਆ ਕਿ ਨਸ਼ਾ ਨਾ ਮਿਲਣ ਕਾਰਨ ਇਨ੍ਹਾਂ ਦੀ ਮਾੜੀ ਹਾਲਤ ਸੀ ਅਤੇ ਇਹ ਆਪਣੇ ਆਪ ਨੂੰ ਚੱਲਣ ਤੋਂ ਵੀ ਅਸਮਰਥ ਮਹਿਸੂਸ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਮੁੰਡਾ ਚਾਟੀਵਿੰਡ ਖੇਤਰ ਦਾ ਰਹਿਣ ਵਾਲਾ ਹੈ। ਪੁਲੀਸ ਨੇ ਦੋਵਾਂ ਨੂੰ ਸਰਕਾਰੀ ਨਸ਼ਾ ਛਡਾਊ ਕੇਂਦਰ ਵਿੱਚ ਭੇਜ ਦਿੱਤਾ ਹੈ ਜਿੱਥੇ ਇਨ੍ਹਾਂ ਦਾ ਇਲਾਜ ਹੋਵੇਗਾ। ਉਹਨਾਂ ਦੱਸਿਆ ਕਿ ਇਹ ਦੋਵੇਂ ਨਸ਼ੇ ਕਰਦੇ ਹਨ। ਇਹਨਾਂ ਨੂੰ ਨਸ਼ਾ ਨਾ ਮਿਲਣ ਕਾਰਨ ਨਸ਼ੇ ਦੀ ਤੋੜ ਸੀ ਅਤੇ ਅਜਿਹੀ ਸਥਿਤੀ ਵਿੱਚ ਉਹ ਚੱਲਣ ਤੋਂ ਵੀ ਅਸਮਰੱਥ ਸਨ। ਉਨ੍ਹਾਂ ਕਿਹਾ ਕਿ ਇਸ ਖੇਤਰ ਵਿੱਚ ਪੁਲੀਸ ਵੱਲੋਂ ਨਸ਼ਾ ਵੇਚਣ ਵਾਲਿਆਂ ਖਿਲਾਫ਼ ਸਖਤ ਕਾਰਵਾਈ ਕੀਤੀ ਗਈ ਹੈ ਅਤੇ ਵੱਡੀ ਗਿਣਤੀ ਵਿੱਚ ਨਸ਼ਾ ਵੇਚਣ ਵਾਲਿਆਂ ਨੂੰ ਕਾਬੂ ਕਰਕੇ ਜੇਲ ਭੇਜਿਆ ਗਿਆ ਜਿਸ ਕਾਰਨ ਹੁਣ ਇਸ ਇਲਾਕੇ ਵਿੱਚ ਨਸ਼ਾ ਨਹੀਂ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਇਹ ਇਲਾਕਾ ਨਸ਼ੇ ਵੇਚਣ ਅਤੇ ਕਰਨ ਵਾਲਿਆਂ ਦੇ ਲਈ ਮਸ਼ਹੂਰ ਸੀ।