ਭੈਣਾਂ ਵਰਗਾ ਸਾਕ ਨਾ ਕੋਈ...

ਭੋਲਾ ਸਿੰਘ ਸ਼ਮੀਰੀਆ
ਰਿਸ਼ਤਿਆਂ ਦਾ ਤਾਣਾ ਬਾਣਾ ਜ਼ਿੰਦਗੀ ਨੂੰ ਜਿਊਣ ਜੋਗੀ ਕਰੀ ਰੱਖਦਾ ਹੈ। ਕੁੱਝ ਰਿਸ਼ਤੇ ਹੰਢਾਉਣੇ ਪੈਂਦੇ ਨੇ ਤੇ ਕੁੱਝ ਰਿਸ਼ਤੇ ਨਿਭਾਉਣੇ ਪੈਂਦੇ ਨੇ, ਪ੍ਰੰਤੂ ਕੁੱਝ ਰਿਸ਼ਤੇ ਹੱਡਾਂ ਨਾਲ ਜੁੜੇ ਹੁੰਦੇ ਨੇ ਜਿਨ੍ਹਾਂ ਨੂੰ ਅੰਦਰਲੀ ਖਿੱਚ ਮਰਨ ਨਹੀਂ ਦਿੰਦੀ। ਇੱਕ ਧੀ ਦਾ ਪੇਕਿਆਂ ਨਾਲ ਮੋਹ ਉਸ ਦੇ ਹੱਡਾਂ ਵਿੱਚੋਂ ਕਦੇ ਮਨਫੀ ਨਹੀਂ ਹੋ ਸਕਦਾ। ਪੇਕਿਆਂ ਦਾ ਮੋਹ ਉਸ ਦੇ ਇਕੱਲੇ ਘਰ ਤੱਕ ਹੀ ਸੀਮਤ ਨਹੀਂ ਹੁੰਦਾ, ਸਗੋਂ ਪਿੰਡ ਦੀਆਂ ਜੂਹਾਂ ਵਿੱਚ ਵੀ ਸਮਾਇਆ ਹੁੰਦਾ ਹੈ। ਕਹਿੰਦੇ ਹਨ ਕਿ ਧੀ ਦੇ ਪੇਕੇ ਉਸ ਦੇ ਮਾਂ-ਪਿਉ ਨਾਲ ਹੀ ਹੁੰਦੇ ਹਨ। ਇਸ ਗੱਲ ਦੀ ਤਰਜ਼ਮਾਨੀ ਸ਼ਮਸ਼ੇਰ ਸੰਧੂ ਦਾ ਇੱਕ ਗੀਤ ਵੀ ਕਰਦਾ ਹੈ ਜਿਸ ਨੂੰ ਸੁਰਜੀਤ ਬਿੰਦਰੱਖੀਏ ਨੇ ਗਾਇਆ ਹੈ;
ਮਾਂ ਮੈਂ ਮੁੜ ਪੇਕੇ ਨਹੀਂ ਆਉਣਾ
ਪੇਕੇ ਹੁੰਦੇ ਮਾਵਾਂ ਨਾਲ।
ਧੀ ਦੇ ਹੱਡਾਂ ਵਿੱਚ ਪੇਕਿਆਂ ਦਾ ਮੋਹ ਉਸ ਦੇ ਰੋਮ-ਰੋਮ ਵਿੱਚ ਸਮਾਇਆ ਹੁੰਦਾ ਹੈ। ਭਰਜਾਈ ਭਾਵੇਂ ਲੱਖ ਨੱਕ-ਬੁੱਲ੍ਹ ਕੱਢਦੀ ਹੋਵੇ, ਪ੍ਰੰਤੂ ਭੈਣ ਦੇ ਸੀਨੇ ਵਿੱਚ ਭਰਾ ਪ੍ਰਤੀ ਮੋਹ ਸਦਾ ਹੀ ਤਰੋ-ਤਾਜ਼ਾ ਰਹਿੰਦਾ ਹੈ। ਜਦੋਂ ਵੀਰ ਦੇ ਘਰ ਪੁੱਤਰ ਪੈਦਾ ਹੁੰਦਾ ਹੈ ਤਾਂ ਉਸ ਨੂੰ ਆਪਣੇ ਬਾਬਲ ਦੀ ਵੇਲ ਵਧਦੀ ਨਜ਼ਰ ਆਉਂਦੀ ਹੈ। ਉਸ ਦੇ ਅੰਦਰਲਾ ਵਜੂਦ ਲੋਕ-ਬੋਲੀ ਬਣ ਕੇ ਉੱਛਲ ਪੈਂਦਾ ਹੈ;
ਚੰਨ ਚੜ੍ਹਿਆ ਬਾਪ ਦੇ ਵਿਹੜੇ
ਵੀਰ ਘਰ ਪੁੱਤ ਜੰਮਿਆ।
ਧੀ ਦੇ ਅੰਦਰਲੀ ਤੜਫ਼ ਪੇਕਿਆਂ ਦੇ ਮੋਹ ਨੂੰ ਖੁਰਨ ਨਹੀਂ ਦਿੰਦੀ। ਪੇਕੇ ਪਰਿਵਾਰ ਨਾਲ ਜੁੜੇ ਭਾਵੇਂ ਸਾਰੇ ਹੀ ਰਿਸ਼ਤੇ ਉਸ ਨੂੰ ਸਕੂਨ ਬਖ਼ਸ਼ਦੇ ਹਨ, ਪ੍ਰੰਤੂ ਇੱਕ ਭੈਣ ਦਾ ਆਪਣੇ ਭਰਾ ਪ੍ਰਤੀ ਮੋਹ ਸਮੁੰਦਰ ਦੀਆਂ ਲਹਿਰਾਂ ਵਾਂਗ ਉੱਛਲਦਾ ਦਿਖਾਈ ਦਿੰਦਾ ਹੈ। ਭੈਣ ਭਾਵੇਂ ਆਪ ਵੀ ਬਾਲ-ਬੱਚੇ ਵਾਲੀ ਹੋਵੇ, ਪ੍ਰੰਤੂ ਆਪਣੇ ਭਤੀਜੇ-ਭਤੀਜੀਆਂ ਦਾ ਹੇਜ ਸਦਾ ਹੀ ਮੋਹ ਦੇ ਅੱਥਰੂ ਬਣ ਕੇ ਸਿੰਮਦਾ ਰਹਿੰਦਾ ਹੈ। ਲੋਕ-ਬੋਲੀਆਂ ਤੇ ਲੋਕ-ਗੀਤ ਮਨੁੱਖੀ ਜਾਮੇ ਦੀ ਕਿਸੇ ਵੀ ਭਾਵਨਾ ਨੂੰ ਛੁਪਿਆਂ ਨਹੀਂ ਰਹਿਣ ਦਿੰਦੇ। ਲੋਕ-ਬੋਲੀਆਂ ਮਨੁੱਖੀ ਹਿਰਦਿਆਂ ਵਿੱਚ ਧੜਕਦੇ ਵਲਵਲਿਆਂ ਨੂੰ ਜੀਭ ਲਾ ਦਿੰਦੀਆਂ ਹਨ। ਗਿੱਧੇ ਦੇ ਪਿੜ ਵਿੱਚ ਮਨੁੱਖੀ ਸਰੋਕਾਰਾਂ ਨਾਲ ਜੁੜੇ ਸਾਰੇ ਹੀ ਸੱਚ ਭਾਂਬੜ ਬਣ ਕੇ ਨੱਚ ਉੱਠਦੇ ਹਨ। ਕੋਈ ਰਿਸ਼ਤਾ ਲੋਕ-ਬੋਲੀਆਂ ਤੋਂ ਮੂੰਹ ਪਾਸੇ ਨਹੀਂ ਕਰ ਸਕਦਾ। ਭੈਣ ਦੇ ਮੂੰਹੋਂ ਗਿੱਧੇ ਦੇ ਪਿੜ ਵਿੱਚ ਭਰਾ ਪ੍ਰਤੀ ਮੋਹ ਦਾ ਪ੍ਰਗਟਾਵਾ ਇਉਂ ਦਿਖਾਈ ਦਿੰਦਾ ਹੈ;
ਕਾਲੇ ਸੂਟ ’ਤੇ ਸਜੇ ਜੰਜ਼ੀਰੀ
ਰੋਜ਼ ਰੋਜ਼ ਨਾ ਪਾਵਾਂ।
ਨੀਂ ਸੋਹਣੇ ਵੀਰਨ ਦੀ
ਸਹੁੰ ਝੂਠੀ ਨਾ ਖਾਵਾਂ।
ਜ਼ਮਾਨੇ ਨੇ ਕਰਵੱਟ ਬਦਲੀ ਹੈ। ਇੱਕ ਸਮਾਂ ਸੀ ਜਦੋਂ ਬਹੁਤਿਆਂ ਭਰਾਵਾਂ ਵਾਲੀ ਦੀ ਸਹੁਰੇ ਘਰ ਵੀ ਕਦਰ ਹੁੰਦੀ ਸੀ। ਲੋਕਾਂ ਦਾ ਮੁੱਖ ਕਿੱਤਾ ਖੇਤੀ ਹੋਣ ਕਰਕੇ ਬਹੁਤੇ ਭਰਾਵਾਂ ਦੀ ਖੇਤੀ ਦੇ ਕਾਰੋਬਾਰ ਵਿੱਚ ਵੱਧ ਲੋੜ ਹੁੰਦੀ ਸੀ, ਪਰ ਹੁਣ ਧਾਰਨਾ ਉਲਟ ਹੈ। ਹੁਣ ਜਿੰਨੇ ਭਰਾ ਘੱਟ ਹੋਣਗੇ, ਸਮਾਜਿਕ ਤੌਰ ’ਤੇ ਉਸ ਦੀ ਓਨੀ ਕਦਰ ਵੱਧ ਪਵੇਗੀ। ਧੀ ਦਾ ਬਾਪ ਵੀ ਹੁਣ ਉੱਥੇ ਹੀ ਸਾਕ ਕਰਨ ਨੂੰ ਪਹਿਲ ਦਿੰਦਾ ਹੈ ਜਿੱਥੇ ਪੁੱਤਰ ਇਕੱਲਾ-ਕੈਰ੍ਹਾ ਹੋਵੇ। ਜਦੋਂ ਬਹੁਤਿਆਂ ਭਰਾਵਾਂ ਵਾਲਾ ਸਮਾਂ ਮਾਨਯੋਗ ਹੁੰਦਾ ਸੀ, ਉਦੋਂ ਬਹੁਤਿਆਂ ਭਰਾਵਾਂ ਵਾਲੀ ਭੈਣ ਵੀ ਫੁੱਲੀ ਨਹੀਂ ਸੀ ਸਮਾਉਂਦੀ;
ਮਹਿੰਦੀ ਮਹਿੰਦੀ ਸਭ ਜੱਗ ਕਹਿੰਦਾ
ਮੈਂ ਵੀ ਆਖਾਂ ਮਹਿੰਦੀ।
ਘੋਟ-ਘੋਟ ਕੇ ਹੱਥਾਂ ’ਤੇ ਲਾਵਾਂ
ਬੱਤੀਆਂ ਬਣ ਬਣ ਲਹਿੰਦੀ।
ਫੌਜ ਭਰਾਵਾਂ ਦੀ
ਤਖ਼ਤਪੋਸ਼ ’ਤੇ ਬਹਿੰਦੀ।
ਭੈਣ ਦੇ ਮੋਹ ਨੂੰ ਕਿਸੇ ਵੀ ਤਰਾਜ਼ੂ ਨਾਲ ਤੋਲਿਆ ਨਹੀਂ ਜਾ ਸਕਦਾ। ਜਦੋਂ ਵੀਰ, ਭੈਣ ਨੂੰ ਮਿਲ ਕੇ ਵਾਪਸ ਜਾਣ ਲਈ ਖੜ੍ਹਾ ਹੁੰਦਾ ਹੈ ਤਾਂ ਭੈਣ ਦਾ ਕਲੇਜਾ ਪਾਟਣ ਨੂੰ ਆਉਂਦਾ ਹੈ। ਬੇਸ਼ੱਕ ਭੈਣ ਆਪਣੀ ਇਸ ਵੇਦਨਾ ਨੂੰ ਪ੍ਰਗਟ ਨਾ ਕਰੇ, ਪ੍ਰੰਤੂ ਗਿੱਧੇ ਦੇ ਪਿੜ ਵਿੱਚ ਭੈਣ ਦਾ ਦਰਦ ਚੀਕਾਂ ਮਾਰ ਉੱਠਦਾ ਹੈ;
ਆਉਂਦੇ ਵੀਰ ਦਾ ਬੋਤਾ ਸਿਆਣਿਆ
ਜਾਂਦੇ ਵੀਰ ਦੀ ਲੋਈ।
ਵੀਰਾ ਲੈ ਚੱਲ ਵੇ
ਤੈਨੂੰ ਵੇਖ ਕੇ ਰੋਈ।
ਸਾਡੇ ਸਮਾਜਿਕ ਰਿਸ਼ਤਿਆਂ ਵਿੱਚ ਜਦੋਂ ਕੋਈ ਦੋ ਰੂਹਾਂ (ਭਾਵੇਂ ਕੋਈ ਵੀ ਹੋਣ) ਇੱਕ ਦੂਜੇ ਪ੍ਰਤੀ ਸੱਚੀ-ਸੁੱਚੀ ਮੁਹੱਬਤ ਦੇ ਰੰਗ ਵਿੱਚ ਰੰਗੀਆਂ ਗਈਆਂ ਹੋਣ ਤਾਂ ਦੋਹਾਂ ਧਿਰਾਂ ਵਿੱਚ ਜਦੋਂ ਕੋਈ ਹੋਰ ਤੀਜੀ ਧਿਰ ਮੁਹੱਬਤ ਦੇ ਤੰਦ ਪਾਉਣੇ ਸ਼ੁਰੂ ਕਰ ਦੇਵੇ ਤਾਂ ਪਹਿਲੀਆਂ ਦੋਹੇਂ ਧਿਰਾਂ ਵਿੱਚੋਂ ਇੱਕ ਨੂੰ ਸੜੇਵਾਂ ਹੋਣਾ ਕੁਦਰਤੀ ਹੈ। ਭਰਾ ਭਰਜਾਈ ਦੇ ਲਾਡ-ਪਿਆਰ ਤੋਂ ਭੈਣ ਨੂੰ ਸ਼ੰਕਾ ਹੋ ਜਾਂਦਾ ਹੈ ਕਿ ਕਿਤੇ ਭਰਾ ਸਾਰਾ ਮੋਹ ਭਰਜਾਈ ਦੀ ਝੋਲੀ ਵਿੱਚ ਨਾ ਪਾ ਦੇਵੇ ਤੇ ਭੈਣ ਆਪਣੇ ਹਿੱਸੇ ਦੇ ਮੋਹ ਤੋਂ ਵੀ ਕਿਤੇ ਵਾਂਝੀ ਨਾ ਹੋ ਜਾਵੇ। ਅਜਿਹੇ ਮੌਕੇ ਭੈਣ ਆਪਣੇ ਵੀਰ ਨੂੰ ਇੱਕ ਨਸੀਹਤ ਦਿੰਦੀ ਹੈ। ਇਹ ਲੋਕ ਬੋਲੀ ਭੈਣ ਦੀ ਭਾਵਨਾ ਦਰਸਾ ਰਹੀ ਹੈ;
ਬਾਰੀਂ ਵਰਸੀਂ ਖੱਟਣ ਗਿਆ ਸੀ
ਖੱਟ ਕੇ ਲਿਆਂਦੀ ਸੂਤ ਦੀ ਅੱਟੀ।
ਔਖਾ ਹੋਵੇਂਗਾ ਵੀਰਾ
ਭਾਬੋ ਲਾਡਲੀ ਰੱਖੀ।
ਜਦ ਵੀਰ, ਭੈਣ ਦੇ ਘਰ ਜਾਂਦਾ ਹੈ ਤਾਂ ਭੈਣ ਨੂੰ ਚਾਅ ਚੜ੍ਹ ਜਾਂਦਾ ਹੈ। ਵੀਰ ਨੂੰ ਰੋਟੀ ਖਵਾਉਂਦਿਆਂ ਹੀ ਭੈਣ ਦੀ ਭੁੱਖ ਲਹਿ ਜਾਂਦੀ ਹੈ। ਭੈਣ ਚਾਵਾਂ ਨਾਲ ਖੀਰ ਬਣਾਉਂਦੀ ਹੈ। ਕਿਸੇ ਕਾਰਨ ਵੀਰ ਨੇ ਖੀਰ ਨਹੀਂ ਖਾਧੀ। ਭੈਣ ਦੇ ਅੰਦਰੋਂ ਕੁੱਝ ਖੁੱਸਣ ਲੱਗਦਾ ਹੈ। ਭੈਣ ਦੇ ਅੰਦਰਲਾ ਦੁੱਖ ਬੋਲੀ ਬਣ ਕੇ ਬੁੱਲ੍ਹਾਂ ’ਤੇ ਆ ਜਾਂਦਾ ਹੈ;
ਵੀਰਵਾਰ ਦੀ ਰੱਖੀ ਥੇਈ
ਵਧੀਆ ਖੀਰ ਬਣਾਈ।
ਹੋਰ ਤਾਂ ਸਾਰੇ ਖਾ ਗਏ ਬਹਿ ਕੇ
ਤੈਂ ਬੁਰਕੀ ਨਾ ਲਾਈ।
ਰੋਟੀ ਖਾ ਵੀਰਾ
ਭੈਣ ਫਿਰੇ ਕੁਮਲਾਈ।
ਭੈਣ ਦੇ ਘਰ ਭਾਵੇਂ ਕੁਦਰਤ ਨੇ ਸਾਰੀਆਂ ਸੁਗਾਤਾਂ ਦਿੱਤੀਆਂ ਹੋਣ। ਕਬੀਲਦਾਰੀ ਪੱਖੋਂ ਸੌਖੀ ਹੋਣ ਕਰਕੇ ਉਸ ਨੂੰ ਭਾਵੇਂ ਕਿਸੇ ਵੀ ਚੀਜ਼ ਦੀ ਭੁੱਖ ਨਹੀਂ ਹੁੰਦੀ, ਪ੍ਰੰਤੂ ਪੇਕਿਆਂ ਤੋਂ ਮਿਲਣ ਵਾਲੀ ਸੌਗਾਤ ਦਾ ਇੱਕ ਭੈਣ ਨੂੰ ਵੱਖਰਾ ਜਿਹਾ ਸੁਆਦ ਤੇ ਮਾਣ ਮਹਿਸੂਸ ਹੁੰਦਾ ਹੈ। ਆਪਣੇ ਭਰਾਵਾਂ ਦੀਆਂ ਕਬੀਲਦਾਰੀਆਂ ਦਾ ਵੀ ਭੈਣ ਨੂੰ ਅਹਿਸਾਸ ਹੁੰਦਾ ਹੈ। ਕਿਸੇ ਭੈਣ ਦਾ ਇੱਕ ਭਰਾ ਕਬੀਲਦਾਰੀ ਨੇ ਕੁੱਬਾ ਕੀਤਾ ਹੋਇਆ ਹੈ। ਛੋਟਾ ਭਰਾ ਕਬੀਲਦਾਰੀ ਵਿੱਚ ਕੁੱਝ ਸੌਖਾ ਹੈ। ਇੱਕ ਭੈਣ ਆਪਣੇ ਛੋਟੇ ਭਰਾ ਕੋਲ ਵੱਡੇ ਵੀਰ ਦੀ ਟੁੱਟੀ ਹੋਈ ਆਰਥਿਕਤਾ ਦਾ ਵਾਸਤਾ ਪਾਉਂਦੀ ਹੋਈ ਉਸ ਤੋਂ ਆਪਣੇ ਲਈ ਇੱਕ ਸੂਟ ਦੀ ਇਉਂ ਮੰਗ ਕਰਦੀ ਹੈ;
ਵੱਡੇ ਵੀਰ ਦੀ ਕਬੀਲਦਾਰੀ ਭਾਰੀ
ਛੋਟੇ ਵੀਰਾ ਲੈ ਦੇ ਕੁੜਤੀ।
***
ਖੱਟੀ ਕੁੜਤੀ ਗੁਲਾਬੀ ਲੀੜਾ
ਸਰਦੈ ਤਾਂ ਦੇਈਂ ਵੀਰਨਾ।
ਜਦੋਂ ਵੀਰ ਦੇ ਘਰ ਧੀ ਜੰਮ ਪੈਂਦੀ ਹੈ ਤਾਂ ਭੈਣ ਨੂੰ ਸਹੁਰੀਂ ਬੈਠੀ ਨੂੰ ਚਿੰਤਾ ਵੱਢ-ਵੱਢ ਖਾਣ ਲੱਗਦੀ ਹੈ। ਉਹ ਆਪਣੇ ਵੀਰ ਨੂੰ ਸੁਚੇਤ ਕਰਦੀ ਹੋਈ ਉਸ ਨੂੰ ਸਾਦੇ ਲਿਬਾਸ ਪਹਿਨਣ ਲਈ ਕਹਿੰਦੀ ਹੈ। ਉਸ ਨੂੰ ਨੀਵੀਂ ਪਾ ਕੇ ਤੁਰਨ ਦੀ ਸਲਾਹ ਵੀ ਦਿੰਦੀ ਹੈ;
ਧੀ ਜੰਮ ਪਈ ਜਵਾਈ ਵਾਲਾ ਹੋ ਗਿਆ
ਵੇ ਲਾਹ ਦੇ ਵੀਰਾ ਗਲੋਂ ਗਾਨੀਆਂ।
***
ਧੀ ਜੰਮ ਪਈ ਜਵਾਈ ਵਾਲਾ ਹੋ ਗਿਆ
ਨੀਵੀਂ ਪਾ ਕੇ ਤੁਰ ਵੀਰਨਾ।
ਵੀਰ ਵੱਲੋਂ ਲਿਆਂਦਾ ਸੰਧਾਰਾ ਭੈਣ ਲਈ ਇੱਕ ਮਾਣਮੱਤੀ ਕਿਰਿਆ ਹੁੰਦੀ ਹੈ। ਇਹ ਸੌਗਾਤ ਸਿਰਫ਼ ਭੈਣ ਲਈ ਹੀ ਨਹੀਂ ਹੁੰਦੀ, ਸਗੋਂ ਸਮਾਜਿਕ ਤੌਰ ’ਤੇ ਲੋਕ-ਵਿਖਾਵਾ ਵੀ ਹੁੰਦੀ ਹੈ। ਭਰਾ ਵੱਲੋਂ ਲਿਆਂਦਾ ਸੰਧਾਰਾ ਭੈਣ ਦੇ ਚਾਵਾਂ ਵਿੱਚ ਢੇਰ ਸਾਰਾ ਵਾਧਾ ਕਰਦਾ ਹੈ। ਇੱਕ ਭੈਣ ਨਹੀਂ ਚਾਹੁੰਦੀ ਕਿ ਉਸ ਦਾ ਭਰਾ ਉਸ ਤੋਂ ਦੂਰ ਹੋਵੇ। ਭੈਣ ਦੀਆਂ ਸੱਧਰਾਂ ਦੀ ਤਰਜ਼ਮਾਨੀ ਕਰਦੀ ਇੱਕ ਲੋਕ-ਬੋਲੀ ਇਉਂ ਬਿਆਨ ਕਰਦੀ ਹੈ;
ਧਾਵੇ-ਧਾਵੇ-ਧਾਵੇ
ਮੋੜੋ ਵੇ ਲੋਕੋ
ਮੇਰਾ ਵੀਰ ਫੌਜ ਨੂੰ ਜਾਵੇ।
ਉੱਡਦਾ ਰੁਮਾਲ ਦਿਸੇ
ਗੱਡੀ ਚੜ੍ਹਦਾ ਨਜ਼ਰ ਨਾ ਆਵੇ।
ਆਵਦੇ ਵੀਰ ਬਿਨਾਂ
ਕੌਣ ਸੰਧਾਰਾ ਲਿਆਵੇ।
ਭੈਣ ਨੂੰ ਪੇਕਿਆਂ ਦਾ ਮੋਹ ਸਿਰਫ਼ ਸੌਗਾਤਾਂ ਤੱਕ ਹੀ ਸੀਮਤ ਨਹੀਂ ਹੁੰਦਾ ਸਗੋਂ ਉਸ ਦੇ ਅੰਗ-ਸੰਗ ਤੇ ਦੁੱਖ-ਸੁੱਖ ਵਿੱਚ ਵੀ ਭਰਾਵਾਂ ਦਾ ਖੜ੍ਹਨਾ ਇੱਕ ਸਮਾਜਿਕ ਮਾਣ-ਤਾਣ ਵਾਲੀ ਗੱਲ ਹੁੰਦੀ ਹੈ। ਜਿਨ੍ਹਾਂ ਭੈਣਾਂ ਦੇ ਵੀਰ ਖੱਬੀਖਾਨ ਤੇ ਗੁਜ਼ਾਰੇ ਵਾਲੇ ਹੁੰਦੇ ਹਨ, ਉਨ੍ਹਾਂ ਭੈਣਾਂ ਦਾ ਸਿਰ ਵੀ ਮਾਣ ਨਾਲ ਉੱਚਾ ਹੋ ਜਾਂਦਾ ਹੈ। ਭੈਣਾਂ ਦਾ ਇਹ ਰੂਪ ਲੋਕ-ਬੋਲੀਆਂ ਵਿੱਚ ਪ੍ਰਗਟ ਹੋ ਉੱਠਦਾ ਹੈ;
ਸਹੁਰੀਂ ਰਹਿੰਦੀਆਂ ਜ਼ੋਰ ਨਾਲ ਭੈਣਾਂ
ਜਿਨ੍ਹਾਂ ਦੇ ਪਿੱਛੇ ਵੀਰ ਤਕੜੇ।
ਜਿੱਥੇ ਭੈਣਾਂ ਤਕੜੇ ਵੀਰਾਂ ਦੇ ਸਿਰ ’ਤੇ ਮਾਣ ਨਾਲ ਰਹਿੰਦੀਆਂ ਹਨ, ਉੱਥੇ ਭੈਣਾਂ ਨੂੰ ਇੱਕ ਚਿੰਤਾ ਵੀ ਸਤਾਉਂਦੀ ਰਹਿੰਦੀ ਹੈ ਕਿ ਕਿਤੇ ਉਸ ਦਾ ਵੀਰ ਕਿਸੇ ਗੱਲੋਂ ਗੁੱਸੇ ਹੋ ਕੇ ਨਾ ਬੈਠ ਜਾਵੇ। ਭੈਣ ਦੇ ਅੰਦਰਲਾ ਡਰ ਲੋਕ-ਬੋਲੀਆਂ ਵਿੱਚ ਉਨ੍ਹਾਂ ਦੇ ਗੁੱਝੇ ਤੇ ਛੁਪੇ ਭਾਵਾਂ ਦਾ ਰੂਪ ਬਣ ਕੇ ਗਿੱਧੇ ਦੇ ਪਿੜ ਵਿੱਚ ਪ੍ਰਗਟ ਹੋ ਜਾਂਦਾ ਹੈ;
ਭੈਣਾਂ ਵਰਗਾ ਸਾਕ ਨਾ ਕੋਈ
ਵੇ ਟੁੱਟ ਕੇ ਨਾ ਬਹਿਜੀਂ ਵੀਰਨਾ।
ਸੰਪਰਕ: 95010-12199