ਭੂੰਗਾ ’ਚ ਬਣਾਇਆ ਜਾਵੇਗਾ ਪੰਜਾਬ ਦਾ ਪਹਿਲਾ ਮੂੰਗਫ਼ਲੀ ਪ੍ਰੋਸੈਸਿੰਗ ਯੂਨਿਟ
ਪੱਤਰ ਪ੍ਰੇਰਕ
ਹੁਸ਼ਿਆਰਪੁਰ, 8 ਅਪਰੈਲ
ਕੰਢੀ ਖੇਤਰ ਵਿੱਚ ਮੂੰਗਫ਼ਲੀ ਦੀ ਕਾਸ਼ਤ ਨੂੰ ਹੁਲਾਰਾ ਦੇਣ ਲਈ ਸਿਟਰਸ ਅਸਟੇਟ ਭੂੰਗਾ ਵਿੱਚ ਪੰਜਾਬ ਦਾ ਪਹਿਲਾ ਮੂੰਗਫ਼ਲੀ ਪ੍ਰੋਸੈਸਿੰਗ ਯੂਨਿਟ ਸਥਾਪਿਤ ਹੋਵੇਗਾ ਜਿਸ ਲਈ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ 7.50 ਲੱਖ ਰੁਪਏ ਦਾ ਚੈੱਕ ਸੌਂਪਿਆ। ਡਿਪਟੀ ਕਮਿਸ਼ਨਰ ਨੇ ਸਿਟਰਸ ਅਸਟੇਟ ਦੇ ਚੇਅਰਮੈਨ-ਕਮ-ਸੀ.ਈ.ਓ ਜਸਪਾਲ ਸਿੰਘ ਢੇਰੀ, ਕਮੇਟੀ ਮੈਂਬਰ ਪਰਮਜੀਤ ਸਿੰਘ ਕਾਲੂਵਾਹਰ, ਸਲਾਹਕਾਰ ਅਰਬਿੰਦ ਸਿੰਘ ਧੂਤ ਨੂੰ ਚੈੱਕ ਸੌਂਪਦਿਆਂ ਕਿਹਾ ਕਿ ਮੂੰਗਫ਼ਲੀ ਦਾ ਪ੍ਰੋਸੈਸਿੰਗ ਯੂਨਿਟ ਸਥਾਪਤ ਹੋਣ ਨਾਲ ਰਾਜ ਸਰਕਾਰ ਵੱਲੋਂ ਫ਼ਸਲੀ ਵਿਭਿੰਨਤਾ ਲਈ ਕੀਤੇ ਜਾ ਰਹੇ ਉਪਰਾਲਿਆਂ ਨੂੰ ਬਲ ਮਿਲੇਗਾ। ਉਨ੍ਹਾਂ ਕਿਹਾ ਕਿ ਪ੍ਰੋਸੈਸਿੰਗ ਯੂਨਿਟ ਮੂੰਗਫ਼ਲੀ ਉਤਪਾਦਕਾਂ ਦੀਆਂ ਤਕਨੀਕੀ, ਮੰਡੀਕਰਨ ਤੇ ਲੋੜੀਂਦੇ ਸਾਜ਼ੋ-ਸਾਮਾਨ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ ਅਤੇ ਨਾਲ ਹੀ ਉਨ੍ਹਾਂ ਦੀ ਪੈਦਾਵਾਰ ਦਾ ਲਾਹੇਵੰਦ ਮੁੱਲ ਯਕੀਨੀ ਬਣਾਏਗਾ।
ਬਾਗਬਾਨੀ ਵਿਭਾਗ ਦੇ ਸਹਾਇਕ ਡਾਇਰੈਕਟਰ ਜਸਪਾਲ ਸਿੰਘ ਢੇਰੀ ਅਤੇ ਪਰਮਜੀਤ ਸਿੰਘ ਕਾਲੂਵਾਹਰ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਸਿਟਰਸ ਅਸਟੇਟ ਮੂੰਗਫ਼ਲੀ ਕਾਸ਼ਤਕਾਰ ਕਿਸਾਨਾਂ ਨੂੰ ਗੁਣਵੱਤਾ ਵਾਲੇ ਬੀਜ ਅਤੇ ਸਮੇਂ-ਸਮੇਂ ’ਤੇ ਤਕਨੀਕੀ ਸਹਾਇਤਾ ਦੇਵੇਗਾ। ਡਾ. ਅਰਬਿੰਦ ਸਿੰਘ ਧੂਤ ਨੇ ਕਿਹਾ ਕਿ ਪ੍ਰੋਸੈਸਿੰਗ ਯੂਨਿਟ ਮੂੰਗਫ਼ਲੀ ਦੇ ਕਾਸ਼ਤਯੋਗ ਰਕਬੇ ਨੂੰ ਵਧਾਉਣ ਵਿੱਚ ਵੀ ਮੱਦਦਗਾਰ ਹੋਵੇਗਾ।