ਭੁੱਕੀ ਚੂਰਾ ਪੋਸਤ ਤੇ ਸ਼ਰਾਬ ਸਣੇ ਦੋ ਗ੍ਰਿਫ਼ਤਾਰ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 10 ਅਪਰੈਲ
ਥਾਣਾ ਸਲੇਮ ਟਾਬਰੀ ਦੀ ਪੁਲੀਸ ਨੇ ਦੋ ਜਣਿਆਂ ਨੂੰ ਭੁੱਕੀ ਚੂਰਾ ਪੋਸਤ ਤੇ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ ਹੈ। ਥਾਣੇਦਾਰ ਮੇਜਰ ਸਿੰਘ ਨੇ ਦੱਸਿਆ ਕਿ ਅਮਲਤਾਸ ਦੇ ਜੰਗਲ ਕੋਲ ਪਹੁੁੰਚੀ ਪੁਲੀਸ ਪਾਰਟੀ ਨੇ ਸਾਜਨ ਅਤੇ ਵਿਜੈ ਕੁਮਾਰ ਵਾਸੀ ਗਗਨਦੀਪ ਕਲੋਨੀ ਭੱਟੀਆਂ ਬੇਟ ਨੂੰ ਜੰਗਲ ਕੋਲ ਖੜ੍ਹੇ ਦੇਖਿਆ। ਦੋਵਾਂ ਨੇ ਪੁਲੀਸ ਨੂੰ ਵੇਖਿਆ ਤਾਂ ਇੱਕ ਪਲਾਸਟਿਕ ਦਾ ਬੋਰਾ ਚੁੱਕ ਕੇ ਭੱਜਣ ਲੱਗੇ। ਪੁਲੀਸ ਮੁਲਾਜ਼ਮਾਂ ਨੇ ਜਦੋਂ ਉਨ੍ਹਾਂ ਨੂੰ ਘੇਰ ਕੇ ਕਾਬੂ ਕੀਤਾ ਤਾਂ ਤਲਾਸ਼ੀ ਦੌਰਾਨ ਬੋਰੇ ਵਿੱਚੋਂ 20 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਹੋਈ।
ਇਸੇ ਤਰ੍ਹਾਂ ਥਾਣਾ ਡਿਵੀਜ਼ਨ ਨੰਬਰ ਤਿੰਨ ਦੀ ਪੁਲੀਸ ਨੇ ਇੱਕ ਵਿਅਕਤੀ ਨੂੰ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣੇਦਾਰ ਪਰਮਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਨਾਕਾਬੰਦੀ ਤਹਿਤ ਮਾਤਾ ਵੈਸ਼ਨੂੰ ਦੇਵੀ ਚੌਕ ’ਤੇ ਮੌਜੂਦ ਸੀ ਤਾਂ ਗੁਰਚਰਨ ਸਿੰਘ ਵਾਸੀ ਬਾਂਗੜੂ ਮੁਹੱਲਾ ਨੂੰ ਬਿਨਾ ਨੰਬਰ ਵਾਲੀ ਐਕਟਿਵਾ ’ਤੇ ਆਉਂਦਿਆਂ ਵੇਖਿਆ। ਪੁਲੀਸ ਨੇ ਮੁਲਜ਼ਮ ਨੂੰ ਕਸ਼ਮੀਰ ਨਗਰ ਚੌਕ ਤੋਂ ਕਾਬੂ ਕਰਕੇ ਉਸ ਵੱਲੋਂ ਪੁਰਾਣੀ ਮਾਧੋ ਪੁਰੀ ਵਿੱਚ ਸਟੋਰ ਕੀਤੀ ਸ਼ਰਾਬ ਦੀਆਂ 132 ਪੇਟੀਆਂ ਤੇ ਚਾਰ ਬੋਤਲਾਂ ਬਰਾਮਦ ਕੀਤੀਆਂ ਗਈਆਂ।