ਭਾਰਤ ਦੀਆਂ ਦੋ 4x400 ਮੀਟਰ ਰੀਲੇਅ ਟੀਮਾਂ ਵਿਸ਼ਵ ਚੈਂਪੀਅਨਸ਼ਿਪ ਲਈ ਕੁਆਲੀਫਾਈ ਕਰਨ ਤੋਂ ਖੁੰਝੀਆਂ
ਗੁਆਂਗਜ਼ੂ (ਚੀਨ), 10 ਮਈ
ਭਾਰਤ ਦੀਆਂ ਪੁਰਸ਼ ਅਤੇ ਮਿਕਸਡ 4x400 ਮੀਟਰ ਟੀਮਾਂ ਅੱਜ ਇੱਥੇ ਵਿਸ਼ਵ ਅਥਲੈਟਿਕਸ ਰੀਲੇਅ ਦੇ ਪਹਿਲੇ ਦਿਨ ਆਪੋ-ਆਪਣੇ ਹੀਟ ਵਿੱਚ ਪੰਜਵੇਂ ਸਥਾਨ ’ਤੇ ਰਹਿ ਕੇ ਇਸ ਸਾਲ ਦੇ ਅੰਤ ਵਿੱਚ ਹੋਣ ਵਾਲੀ ਟੋਕੀਓ ਵਿਸ਼ਵ ਚੈਂਪੀਅਨਸ਼ਿਪ ਲਈ ਸਿੱਧੇ ਕੁਆਲੀਫਾਈ ਕਰਨ ਤੋਂ ਖੁੰਝ ਗਈਆਂ। ਹਾਲਾਂਕਿ ਦੋਵਾਂ ਟੀਮਾਂ ਨੂੰ ਐਤਵਾਰ ਨੂੰ ਵਿਸ਼ਵ ਚੈਂਪੀਅਨਸ਼ਿਪ ਵਿੱਚ ਜਗ੍ਹਾ ਬਣਾਉਣ ਦਾ ਇੱਕ ਹੋਰ ਮੌਕਾ ਮਿਲੇਗਾ। ਵਿਸ਼ਵ ਚੈਂਪੀਅਨਸ਼ਿਪ 13 ਤੋਂ 21 ਸਤੰਬਰ ਤੱਕ ਹੋਵੇਗੀ। ਜੈ ਕੁਮਾਰ, ਸਨੇਹਾ ਕੋਲੇਰੀ, ਧਰਮਵੀਰ ਚੌਧਰੀ ਅਤੇ ਰੁਪਲ ਚੌਧਰੀ ਦੀ ਭਾਰਤੀ ਮਿਕਸਡ 4x400 ਮੀਟਰ ਚੌਕੜੀ 3 ਮਿੰਟ 16.85 ਸੈਕਿੰਡ ਦਾ ਸਮਾਂ ਕੱਢ ਕੇ ਸੱਤ ਟੀਮਾਂ ਦੀ ਹੀਟ ਨੰਬਰ 3 ਵਿੱਚ ਪੰਜਵੇਂ ਸਥਾਨ ’ਤੇ ਰਹੀ ਪਰ ਇਨ੍ਹਾਂ ਕੋਲ ਟੋਕੀਓ ਵਿਸ਼ਵ ਚੈਂਪੀਅਨਸ਼ਿਪ ਲਈ ਕੁਆਲੀਫਾਈ ਕਰਨ ਦਾ ਇੱਕ ਹੋਰ ਮੌਕਾ ਹੋਵੇਗਾ। ਇਸੇ ਤਰ੍ਹਾਂ ਭਾਰਤ ਨੇ ਪੁਰਸ਼ ਟੀਮ ਵਿੱਚ ਸੰਤੋਸ਼ ਕੁਮਾਰ, ਟੀ. ਸਾਜੀ ਮਨੂ, ਟੀ. ਕੇ. ਵਿਸ਼ਾਲ ਅਤੇ ਮੋਹਿਤ ਕੁਮਾਰ ਦੀ ਚੌਕੜੀ ਨੂੰ ਉਤਾਰਿਆ ਸੀ, ਜੋ 3:03.92 ਦੇ ਸਮੇਂ ਨਾਲ ਛੇ ਟੀਮਾਂ ਦੀ ਹੀਟ ਨੰਬਰ 4 ਵਿੱਚ ਪੰਜਵੇਂ ਸਥਾਨ ’ਤੇ ਰਹੀ। -ਪੀਟੀਆਈ