‘ਅਪਰੇਸ਼ਨ ਸਿੰਧੂਰ’ ਬਾਰੇ ਪਾਕਿ ਨੂੰ ਪਹਿਲਾਂ ਦੱਸਣਾ ਗੁਨਾਹ: ਰਾਹੁਲ
ਨਵੀਂ ਦਿੱਲੀ, 17 ਮਈ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ‘ਅਪਰੇਸ਼ਨ ਸਿੰਧੂਰ’ ਦੌਰਾਨ ਦਹਿਸ਼ਤੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਬਾਰੇ ਪਾਕਿਸਤਾਨ ਨੂੰ ਅਗਾਊਂ ’ਜਾਣਕਾਰੀ’ ਦੇਣ ਲਈ ਸਰਕਾਰ ’ਤੇ ਵਰ੍ਹਦਿਆਂ ਕਿਹਾ ਹੈ ਕਿ ਇਹ ਗੁਨਾਹ ਹੈ ਅਤੇ ਸਵਾਲ ਕੀਤਾ ਕਿ ਇਸ ਦੀ ਇਜਾਜ਼ਤ ਕਿਸ ਨੇ ਦਿੱਤੀ ਸੀ। ‘ਐੱਕਸ’ ’ਤੇ ਪਾਈ ਪੋਸਟ ’ਚ ਰਾਹੁਲ ਗਾਂਧੀ ਨੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਵੱਲੋਂ ਜਨਤਕ ਤੌਰ ’ਤੇ ਇਹ ਕਬੂਲ ਕਰਨ ’ਤੇ ਸਵਾਲ ਚੁੱਕੇ ਕਿ ਭਾਰਤ ਸਰਕਾਰ ਨੇ ਕਾਰਵਾਈ ਤੋਂ ਪਹਿਲਾਂ ਪਾਕਿਸਤਾਨ ਨੂੰ ਜਾਣਕਾਰੀ ਦੇ ਦਿੱਤੀ ਸੀ। ਉਨ੍ਹਾਂ ਇਹ ਵੀ ਸਵਾਲ ਕੀਤਾ ਕਿ ਇਸ ਦੇ ਸਿੱਟੇ ਵਜੋਂ ਭਾਰਤੀ ਹਵਾਈ ਸੈਨਾ ਦੇ ਕਿੰਨੇ ਜਹਾਜ਼ਾਂ ਨੂੰ ਨੁਕਸਾਨ ਪਹੁੰਚਿਆ ਹੈ। ਕਾਂਗਰਸ ਆਗੂ ਨੇ ਜੈਸ਼ੰਕਰ ਦਾ ਵੀਡੀਓ ਵੀ ਸਾਂਝਾ ਕੀਤਾ ਹੈ, ਜਿਸ ’ਚ ਉਹ ਬੋਲ ਰਹੇ ਹਨ ਕਿ ਅਪਰੇਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਸਰਕਾਰ ਨੇ ਪਾਕਿਸਤਾਨ ਨੂੰ ਸੁਨੇਹਾ ਦੇ ਦਿੱਤਾ ਸੀ ਕਿ ਉਨ੍ਹਾਂ ਦੀ ਸੈਨਾ ਅਤਿਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਜਾ ਰਹੀ ਹੈ। ਉਧਰ ਪ੍ਰੈੱਸ ਇਨਫਾਰਮੇਸ਼ਨ ਬਿਊਰੋ (ਪੀਆਈਬੀ) ਨੇ ਇਨ੍ਹਾਂ ਦਾਅਵਿਆਂ ਨੂੰ ਨਕਾਰਿਆ ਹੈ ਕਿ ਜੈਸ਼ੰਕਰ ਨੇ ਕਿਹਾ ਸੀ ਕਿ ‘ਅਪਰੇਸ਼ਨ ਸਿੰਧੂਰ’ ਤੋਂ ਪਹਿਲਾਂ ਭਾਰਤ ਨੇ ਪਾਕਿਸਤਾਨ ਨੂੰ ਕੋਈ ਜਾਣਕਾਰੀ ਦਿੱਤੀ ਸੀ। ‘ਐਕਸ’ ’ਤੇ ਪਾਈ ਪੋਸਟ ’ਚ ਪੀਆਈਬੀ ਦੀ ਫੈਕਟ ਚੈੱਕ ਯੂਨਿਟ ਨੇ ਕਿਹਾ ਕਿ ਮੰਤਰੀ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਸੀ ਅਤੇ ਉਨ੍ਹਾਂ ਦੇ ਬਿਆਨ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ। -ਪੀਟੀਆਈ
ਪਾਕਿ ਨੂੰ ਅਪਰੇਸ਼ਨ ਸ਼ੁਰੂ ਹੋਣ ਮਗਰੋਂ ਚਿਤਾਵਨੀ ਦਿੱਤੀ: ਵਿਦੇਸ਼ ਮੰਤਰਾਲਾ
ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਸੀ ਕਿ ‘ਅਸੀਂ ਪਾਕਿਸਤਾਨ ਨੂੰ ਸ਼ੁਰੂਆਤ ’ਚ ਹੀ ਚਿਤਾਵਨੀ ਦਿੱਤੀ ਜੋ ਸਪੱਸ਼ਟ ਤੌਰ ’ਤੇ ਅਪਰੇਸ਼ਨ ਸਿੰਧੂਰ ਦੇ ਸ਼ੁਰੂ ਹੋਣ ਤੋਂ ਬਾਅਦ ਮੁੱਢਲਾ ਗੇੜ ਹੈ।’ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਸ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ ਕਿ ਇਹ ਮੁਹਿੰਮ ਸ਼ੁਰੂ ਹੋਣ ਤੋਂ ਪਹਿਲਾਂ ਦਿੱਤੀ ਗਈ ਚਿਤਾਵਨੀ ਹੈ। ਤੱਥਾਂ ਨੂੰ ਪੂਰੀ ਤਰ੍ਹਾਂ ਗਲਤ ਢੰਗ ਨਾਲ ਪੇਸ਼ ਕਰਨ ਦੀ ਅਸੀਂ ਆਲੋਚਨਾ ਕਰਦੇ ਹਾਂ।