ਭਾਰਤੀ ਵਿਦਿਆਰਥੀ ਦੇ ਦੇਸ਼ ਨਿਕਾਲੇ ’ਤੇ ਆਰਜ਼ੀ ਰੋਕ
ਅਮਰੀਕੀ ਸੰਘੀ ਜੱਜ ਨੇ ਟਰੰਪ ਪ੍ਰਸ਼ਾਸਨ ਦੇ 21 ਵਰ੍ਹਿਆਂ ਦੇ ਅੰਡਰਗ੍ਰੈਜੂਏਟ ਭਾਰਤੀ ਨੂੰ ਦੇਸ਼ ’ਚੋਂ ਕੱਢਣ ਦੇ ਫ਼ੈਸਲੇ ’ਤੇ ਆਰਜ਼ੀ ਤੌਰ ਉਪਰ ਰੋਕ ਲਗਾ ਦਿੱਤੀ ਹੈ। ਐੱਫ-1 ਵਿਦਿਆਰਥੀ ਵੀਜ਼ੇ ਨਾਲ ਵਿਸਕੌਨਸਿਨ-ਮੈਡੀਸਨ ਯੂਨੀਵਰਸਿਟੀ ’ਚ 2021 ਤੋਂ ਕੰਪਿਊਟਰ ਇੰਜਨੀਅਰਿੰਗ ’ਚ ਬੈਚਲਰ ਡਿਗਰੀ ਹਾਸਲ ਕਰ ਰਹੇ ਕ੍ਰਿਸ਼ ਲਾਲ ਇਸਰਦਾਸਾਨੀ ਦਾ ਸਟੂਡੈਂਟ ਵੀਜ਼ਾ ਰੱਦ ਕਰ ਦਿੱਤਾ ਗਿਆ ਹੈ। ਵਿਸਕੌਨਸਿਨ-ਮੈਡੀਸਨ ਯੂਨੀਵਰਸਿਟੀ ਦੇ ਇੰਟਰਨੈਸ਼ਨਲ ਸਟੂਡੈਂਟ ਸਰਵਿਸਿਜ਼ ਦਫ਼ਤਰ ਨੇ ਇਸਰਦਾਸਾਨੀ ਨੂੰ 4 ਅਪਰੈਲ ਨੂੰ ਈਮੇਲ ਰਾਹੀਂ ਦੱਸਿਆ ਕਿ ਅਪਰਾਧਕ ਰਿਕਾਰਡ ਕਾਰਨ ਉਸ ਦਾ ਸਟੂਡੈਂਟ ਐਂਡ ਐਕਸਚੇਂਜ ਵਿਜ਼ਿਟਰ ਸਿਸਟਮ ਰਿਕਾਰਡ ਖ਼ਤਮ ਕਰ ਦਿੱਤਾ ਗਿਆ ਹੈ। ਅਦਾਲਤ ਵੱਲੋਂ ਹੁਣ ਮਾਮਲੇ ’ਤੇ 28 ਅਪਰੈਲ ਨੂੰ ਸੁਣਵਾਈ ਕੀਤੀ ਜਾਵੇਗੀ। ਅਦਾਲਤੀ ਦਸਤਾਵੇਜ਼ਾਂ ’ਚ ਕਿਹਾ ਗਿਆ ਹੈ ਕਿ ਇਸਰਦਾਸਾਨੀ ਪੂਰੀ ਲਗਨ ਨਾਲ ਪੜ੍ਹਾਈ ਕਰ ਰਿਹਾ ਸੀ ਅਤੇ ਹੁਣ ਉਸ ਦਾ ਆਖਰੀ ਸਮੈਸਟਰ ਹੈ ਤੇ ਉਸ ਦੀ 10 ਮਈ ਨੂੰ ਗਰੈਜੂਏਸ਼ਨ ਪੂਰੀ ਹੋਣ ਦੀ ਸੰਭਾਵਨਾ ਹੈ। ਯੂਐੱਸ ਡਿਸਟ੍ਰਿਕਟ ਕੋਰਟ ਫਾਰ ਦਿ ਵੈਸਟਰਨ ਡਿਸਟ੍ਰਿਕਟ ਆਫ਼ ਵਿਸਕੌਨਸਿਨ ’ਚ ਦਾਖ਼ਲ ਦਸਤਾਵੇਜ਼ਾਂ ’ਚ ਮੰਗਲਵਾਰ ਨੂੰ ਕਿਹਾ ਗਿਆ ਕਿ ਇੱਸਰਦਾਸਾਨੀ ਨੇ ਮੰਨਿਆ ਕਿ ਪਿਛਲੇ ਸਾਲ ਦੋਸਤਾਂ ਨਾਲ ਦੇਰ ਰਾਤ ਘਰ ਪਰਤਦੇ ਸਮੇਂ ਉਨ੍ਹਾਂ ਦੀ ਦੂਜੇ ਗੁੱਟ ਨਾਲ ਬਹਿਸ ਹੋ ਗਈ ਸੀ ਅਤੇ ਉਸ ਨੂੰ 22 ਨਵੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਅਦਾਲਤੀ ਦਸਤਾਵੇਜ਼ਾਂ ’ਚ ਕਿਹਾ ਗਿਆ ਹੈ ਕਿ ਉਸ ਨੂੰ ਮਾੜੇ ਵਿਹਾਰ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਮਾਮਲੇ ਦੀ ਸਮੀਖਿਆ ਮਗਰੋਂ ਡਿਸਟ੍ਰਿਕਟ ਅਟਾਰਨੀ ਨੇ ਦੋਸ਼ਾਂ ਨੂੰ ਅੱਗੇ ਵਧਾਉਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਕਾਰਨ ਇਸਰਦਾਸਾਨੀ ਨੂੰ ਅਦਾਲਤ ’ਚ ਪੇਸ਼ ਨਹੀਂ ਹੋਣਾ ਪਿਆ ਅਤੇ ਉਸ ਦਾ ਮੰਨਣਾ ਸੀ ਕਿ ਮਾਮਲਾ ਪੂਰੀ ਤਰ੍ਹਾਂ ਹੱਲ ਹੋ ਗਿਆ ਅਤੇ ਉਸ ਦਾ ਕੋਈ ਸੰਭਾਵੀ ਇਮੀਗਰੇਸ਼ਨ ’ਤੇ ਅਸਰ ਨਹੀਂ ਪਵੇਗਾ। -ਪੀਟੀਆਈ
ਦੇਸ਼ ਨਿਕਾਲੇ ਖ਼ਿਲਾਫ਼ ਪਟੀਸ਼ਨ ਦਾਖ਼ਲ
ਨਿਊਯਾਰਕ: ਭਾਰਤੀ ਵਿਦਿਆਰਥੀ ਚਿਨਮਯ ਦਿਓਰੇ ਅਤੇ ਤਿੰਨ ਹੋਰਾਂ ’ਤੇ ਦੇਸ਼ ਨਿਕਾਲੇ ਦੀ ਤਲਵਾਰ ਲਟਕਣ ਮਗਰੋਂ ਉਨ੍ਹਾਂ ਅਦਾਲਤ ਦਾ ਰੁਖ਼ ਕਰਦਿਆਂ ਹੋਮਲੈਂਡ ਸੁਰੱਖਿਆ ਅਤੇ ਇਮੀਗਰੇਸ਼ਨ ਵਿਭਾਗ ਦੇ ਅਧਿਕਾਰੀਆਂ ਖ਼ਿਲਾਫ਼ ਪਟੀਸ਼ਨ ਦਾਖ਼ਲ ਕੀਤੀ ਹੈ। ਵਿਦਿਆਰਥੀਆਂ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੇ ਸਟੂਡੈਂਟ ਐਂਡ ਐਕਸਚੇਂਜ ਵਿਜ਼ਿਟਰ ਇਨਫਰਮੇਸ਼ਨ ਸਿਸਟਮ ਨੂੰ ਗ਼ੈਰਕਾਨੂੰਨੀ ਢੰਗ ਨਾਲ ਬਰਖ਼ਾਸਤ ਕਰ ਦਿੱਤਾ ਗਿਆ ਹੈ। ਆਪਣੀ ਪਟੀਸ਼ਨ ’ਚ ਵਿਦਿਆਰਥੀਆਂ ਨੇ ਕਿਹਾ ਹੈ ਕਿ ਉਹ ਕਿਸੇ ਵੀ ਅਪਰਾਧ ’ਚ ਸ਼ਾਮਲ ਨਹੀਂ ਰਹੇ ਹਨ ਅਤੇ ਨਾ ਹੀ ਉਨ੍ਹਾਂ ਕਿਸੇ ਤਰ੍ਹਾਂ ਦੇ ਇਮੀਗਰੇਸ਼ਨ ਕਾਨੂੰਨ ਦੀ ਉਲੰਘਣਾ ਕੀਤੀ ਹੈ। ਅਜਿਹੀਆਂ ਕਈ ਹੋਰ ਪਟੀਸ਼ਨਾਂ ਨਿਊ ਹੈਂਪਸ਼ਾਇਰ, ਇੰਡੀਆਨਾ ਅਤੇ ਕੈਲੀਫੋਰਨੀਆ ’ਚ ਵੀ ਦਾਖ਼ਲ ਕੀਤੀਆਂ ਗਈਆਂ ਹਨ। -ਪੀਟੀਆਈ