ਭਾਰਤੀ ਫੌਜ ਦੀ ਬਹਾਦਰੀ ’ਤੇ ਪੂਰੇ ਦੇਸ਼ ਨੂੰ ਮਾਣ: ਬੀਬੀ ਰਾਮੂਵਾਲੀਆ
ਦਰਸ਼ਨ ਸਿੰਘ ਸੋਢੀ
ਐੱਸ.ਏ.ਐੱਸ. ਨਗਰ (ਮੁਹਾਲੀ), 8 ਮਈ
ਭਾਜਪਾ ਦੀ ਕੇਂਦਰੀ ਕਮੇਟੀ ਦੀ ਮੈਂਬਰ ਅਮਨਜੋਤ ਕੌਰ ਰਾਮੂਵਾਲੀਆ ਨੇ ਭਾਰਤ-ਪਾਕਿਸਤਾਨ ਤਣਾਅ ਦੇ ਮੁੱਦੇ ’ਤੇ ਟਿੱਪਣੀ ਕਰਦਿਆਂ ਕਿਹਾ ਕਿ ‘ਅਪਰੇਸ਼ਨ ਸਿੰਧੂਰ’ ਤਹਿਤ ਭਾਰਤੀ ਫੌਜ ਦੀ ਕਾਰਵਾਈ ਬੇਹੱਦ ਸ਼ਲਾਘਾਯੋਗ ਹੈ ਅਤੇ ਪੂਰੇ ਦੇਸ਼ ਨੂੰ ਭਾਰਤੀ ਸੈਨਾ ਦੀ ਬਹਾਦਰੀ ’ਤੇ ਬਹੁਤ ਮਾਣ ਹੈ। ਅੱਜ ਇੱਥੇ ਬੀਬੀ ਰਾਮੂਵਾਲੀਆ ਨੇ ਕਿਹਾ ਕਿ ਭਾਰਤੀ ਫੌਜ ਨੇ 6-7 ਮਈ ਦੀ ਦਰਮਿਆਨੀ ਰਾਤ ਨੂੰ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ (ਪੀਓਕੇ) ਵਿੱਚ ਸਥਿਤ 9 ਅੱਤਵਾਦੀ ਟਿਕਾਣਿਆਂ ਨੂੰ ਇੱਕ ਸਫਲ ਹਵਾਈ ਹਮਲੇ ਰਾਹੀਂ ਨੇਸਤੇ-ਨਾਬੂਤ ਕਰ ਦਿੱਤਾ।
ਭਾਜਪਾ ਆਗੂ ਨੇ ਕਿਹਾ ਕਿ ਭਾਰਤੀ ਫੌਜ ਦੀ ਇਸ ਦਲੇਰਾਨਾ ਕਾਰਵਾਈ ’ਤੇ ਪੂਰਾ ਦੇਸ਼ ਫ਼ਖ਼ਰ ਕਰ ਰਿਹਾ ਹੈ ਅਤੇ ਸਿਆਸੀ ਵਿਰੋਧੀ ਪਾਰਟੀ ਦੇ ਆਗੂ ਵੀ ਕੇਂਦਰ ਸਰਕਾਰ ਅਤੇ ਫੌਜ ਦੀ ਸਿਫ਼ਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤੀ ਫੌਜ ਨੇ ਜਿਸ ਸਿਆਣਪ, ਸਟੀਕ ਰਣਨੀਤੀ ਅਤੇ ਹਿੰਮਤ ਨਾਲ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਹੈ, ਉਹ ਹਰੇਕ ਭਾਰਤੀ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਸੂਬਾ ਪਾਕਿਸਤਾਨ ਦੀ ਸਰਹੱਦ ਨਾਲ ਲੱਗਦਾ ਹੈ, ਇਸ ਲਈ ਸਾਨੂੰ ਵਧੇਰੇ ਸੁਚੇਤ ਅਤੇ ਜਾਗਰੂਕ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਪਰੇਸ਼ਨ ਸਿੰਧੂਰ ਤੋਂ ਡਰਿਆ ਹੋਇਆ ਦੁਸ਼ਮਣ ਦੇਸ਼ ਕਿਸੇ ਵੀ ਤਰ੍ਹਾਂ ਦੀ ਨਾਪਾਕ ਸਾਜ਼ਿਸ਼ ਰਚ ਸਕਦਾ ਹੈ।