ਭਾਜਪਾ ਸਰਕਾਰ ਨੇ ‘ਮਾਫੀਆ’ ਹਵਾਲੇ ਕੀਤੀ ਸਿੱਖਿਆ: ਸਿਸੋਦੀਆ
ਨਵੀਂ ਦਿੱਲੀ, 5 ਅਪਰੈਲ
ਆਮ ਆਦਮੀ ਪਾਰਟੀ ਨੇ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਦਿੱਲੀ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਸਰਕਾਰ ਨੇ ਨਿੱਜੀ ਸਕੂਲਾਂ ਦੇ ਪ੍ਰਬੰਧਕਾਂ ਨੂੰ ਫ਼ੀਸ ਵਧਾਉਣ ਦੀ ਆਗਿਆ ਦੇ ਦਿੱਤੀ ਹੈ। ‘ਆਪ’ ਦੇ ਸੀਨੀਅਰ ਆਗੂ ਅਤੇ ਸਾਬਕਾ ਸਿੱਖਿਆ ਮਤਰੀ ਮਨੀਸ਼ ਸਿਸੋਦੀਆ ਨੇ ਦੋਸ਼ ਲਗਾਇਆ ਹੈ ਕਿ ਭਾਜਪਾ ਸਰਕਾਰ ਨੇ ਸਿੱਖਿਆ ਢਾਂਚੇ ਨੂੰ ‘ਸਿੱਖਿਆ ਮਾਫੀਆ’ ਹਵਾਲੇ ਕਰ ਦਿੱਤਾ ਹੈ। ਸਿਸੋਦੀਆ ਨੇ ਕਿਹਾ ਕਿ ਜਦੋਂ ਤੋਂ ਦਿੱਲੀ ਵਿੱਚ ਭਾਜਪਾ ਦੀ ਸਰਕਾਰ ਆਈ ਹੈ, ਲੋਕ ਪ੍ਰੇਸ਼ਾਨ ਹਨ। ਹਸਪਤਾਲਾਂ ਵਿੱਚ ਦਵਾਈਆਂ ਨਹੀਂ ਮਿਲਦੀਆਂ, ਬਿਜਲੀ ਦੇ ਲੰਬੇ-ਲੰਬੇ ਕੱਟ ਲੱਗ ਰਹੇ ਹਨ ਅਤੇ ਹੁਣ ਨਿੱਜੀ ਸਕੂਲਾਂ ਦੀ ਫੀਸ ਵਧਾ ਕੇ ਲੋਕਾਂ ਨੂੰ ਲੁੱਟਣ ਦਾ ਨਵਾਂ ਢੰਗ ਬਣਾ ਲਿਆ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਿ ਕਈ ਨਿੱਜੀ ਸਕੂਲਾਂ ਨੇ ਫ਼ੀਸ ਵਿੱਚ 20 ਤੋਂ 82 ਫ਼ੀਸਦ ਤੱਕਵਾਧਾ ਕਰ ਦਿੱਤਾ ਹੈ। ਉਨ੍ਹਾਂ ਸਰਕਾਰ ’ਤੇ ਲੋਕਾਂ ਨੂੰ ਲੁੱਟਣ ਦਾ ਦੋਸ਼ ਲਾਇਆ। ਸੋਸ਼ਲ ਮੀਡੀਆ ਮੰਚ ਐਕਸ ’ਤੇ ਪੋਸਟ ਪਾ ਕੇ ‘ਆਪ’ ਦੀ ਸੀਨੀਅਰ ਆਗੂ ਆਤਿਸ਼ੀ ਨੇ ਇਸ ਦੋਸ਼ਾਂ ਨੂੰ ਦੁਹਰਾਉਂਦਿਆਂ ਇਸ ਸਬੰਧੀ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ 2015 ਵਿੱਚ ਸੱਤਾ ਵਿੱਚ ਆਉਣ ਮਗਰੋਂ ਨਿੱਜੀ ਸਕੂਲਾਂ ਨੂੰ ਫ਼ੀਸ ਵਧਾਉਣ ਨੂੰ ਨੱਥ ਪਾਈ ਸੀ। ਉਨ੍ਹਾਂ ਕਿਹਾ ਕਿ ਹੁਣ ਭਾਜਪਾ ਸਰਕਾਰ ਦੇ ਆਉਂਦਿਆਂ ਹੀ ਇਨ੍ਹਾਂ ਨਿੱਜੀ ਸਕੂਲਾਂ ਦੇ ਪ੍ਰਬੰਧਕਾਂ ਨੂੰ ਲੁੱਟਣ ਦੀ ਮੁੜ ਖੁੱਲ੍ਹੀ ਛੂਟ ਮਿਲ ਗਈ ਹੈ। ਉਨ੍ਹਾਂ ਸਵਾਲ ਕੀਤਾ ਕਿ ਇੱਕ ਦਹਾਕੇ ਤੋਂ ਫੀਸ ਨਾ ਵਧਾਉਣ ਵਾਲੇ ਨਿੱਜੀ ਸਕੂਲਾਂ ਦੇ ਪ੍ਰਬੰਧਕਾਂ ਨੂੰ ਹੁਣ ਮੌਜਾਂ ਲੱਗ ਗਈਆਂ ਹੈ। ਉਹ ਆਪਣੇ ਸਕੂਲਾਂ ਦੀਆਂ ਫੀ਼ਸਾਂ ਵਧਾਉਣ ਲਗ ਪਏ ਹਨ। ਉਨ੍ਹਾਂ ਕਿਹਾ ਕਿ ਕੀ ਭਾਜਪਾ ਸਰਕਾਰ ਇਨ੍ਹਾਂ ਨਾਲ ਮਿਲੀ ਹੋਈ ਹੈ। ਇਸ ਤੋਂ ਪਹਿਲਾ ਬੀਤੇ ਦਿਨ ‘ਆਪ’ ਸੁਪਰੀਮੋ ਅਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਕਸ ’ਤੇ ਦਵਾਰਕਾ ਦੇ ਨਿੱਜੀ ਸਕੂਲ ਵਿੱਚ ਫੀਸ ਵਾਧੇ ਬਾਰੇ ਇੱਕ ਅਖ਼ਬਾਰ ਦੀ ਕਾਪੀ ਸਾਂਝੀ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਦਸ ਸਾਲ ਵਿੱਚ ਉਨ੍ਹਾਂ ਰਾਜਧਾਨੀ ਦੇ ਨਿੱਜੀ ਸਕੂਲ ਪ੍ਰਬੰਧਕਾਂ ਨੂੰ ਮਨਮਰਜ਼ੀ ਨਹੀਂ ਕਰਨ ਦਿੱਤੀ। ਨਾ ਹੀ ਉਨ੍ਹਾਂ ਫ਼ੀਸ ਵਧਾਉਣ ਦੀ ਇਜਾਜ਼ਤ ਦਿੱਤੀ। ਉਨ੍ਹਾਂ ਆਪਣੇ ਸਮੇਂ ਸਿੱਖਿਆ ਮਾਫੀਆ ਨੂੰ ਖ਼ਤਮ ਕਰ ਦਿੱਤਾ ਸੀ ਪਰ ਹੁਣ ਉਹੀ ਹਾਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਸਰਕਾਰ ਦੌਰਾਨ ਮਹੀਨੇ ਵਿੱਚ ਸਿੱਖਿਆ ਮਾਫੀਆ ਮੁੜ ਪਣਪ ਗਿਆ ਹੈ। ਉਨ੍ਹਾਂ ਲੋਕਾਂ ਨੂੰ ਭਾਜਪਾ ਸਰਕਾਰ ਖ਼ਿਲਾਫ਼ ਇੱਕਜੁਟ ਹੋਣ ਦਾ ਸੱਦਾ ਦਿੱਤਾ। -ਪੀਟੀਆਈ