ਭਾਜਪਾ ’ਤੇ ਸਾਜ਼ਿਸ਼ ਤਹਿਤ ਹੰਗਾਮਾ ਕਰਨ ਦੇ ਦੋਸ਼
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 6 ਫਰਵਰੀ
ਕੌਮੀ ਰਾਜਧਾਨੀ ਵਿੱਚ ਦਿੱਲੀ ਨਗਰ ਨਿਗਮ ਦੇ ਮੇਅਰ ਦੀ ਚੋਣ ਦੌਰਾਨ ਹੋਏ ਹੰਗਾਮੇ ਤੋਂ ਬਾਅਦ ਅੱਜ ਐਮਸੀਡੀ ਹਾਊਸ ਨੂੰ ਤੀਜੀ ਵਾਰ ਮੇਅਰ ਦੀ ਚੋਣ ਕੀਤੇ ਬਿਨਾਂ ਮੁਲਤਵੀ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਸਦਨ ਦੀ ਕਾਰਵਾਈ ਦੋ ਵਾਰ ਮੁਲਤਵੀ ਹੋ ਚੁੱਕੀ ਹੈ। ਇਸ ਸਬੰਧੀ ਅੱਜ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਕਿਹਾ ਕਿ ਮੇਅਰ ਦੀ ਚੋਣ ਦੌਰਾਨ ਭਾਜਪਾ ਕੌਂਸਲਰਾਂ ਵੱਲੋਂ ਵਾਰ-ਵਾਰ ਕੀਤੇ ਗਏ ਹੰਗਾਮੇ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਨੇ ਸੁਪਰੀਮ ਕੋਰਟ ਵਿੱਚ ਜਾਣ ਦਾ ਫੈਸਲਾ ਕੀਤਾ ਹੈ। ਮੇਅਰ ਦੀ ਚੋਣ ਦੌਰਾਨ ਭਾਜਪਾ ਕੌਂਸਲਰਾਂ ਵੱਲੋਂ ਕੀਤਾ ਗਿਆ ਹੰਗਾਮਾ ਦਰਸਾਉਂਦਾ ਹੈ ਕਿ ਭਾਜਪਾ ਨਾ ਤਾਂ ਦੇਸ਼ ਦੇ ਕਾਨੂੰਨ ਦੀ ਪਾਲਣਾ ਕਰਦੀ ਹੈ ਅਤੇ ਨਾ ਹੀ ਸੰਵਿਧਾਨ ਦੀ। ਉਹ ਸਿਰਫ ਗੁੰਡਾਗਰਦੀ ਨਾਲ ਸਦਨ ਨੂੰ ਚਲਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਐੱਮਸੀਡੀ ਚੋਣਾਂ ਦੇ 2 ਮਹੀਨੇ ਬਾਅਦ ਵੀ ਭਾਜਪਾ ਆਪਣੀ ਗੁੰਡਾਗਰਦੀ ਕਾਰਨ ਦਿੱਲੀ ਨੂੰ ਮੇਅਰ ਨਹੀਂ ਮਿਲਣ ਦੇ ਰਹੀ। ਉਨ੍ਹਾਂ ਕਿਹਾ ਕਿ ਲੋਕਾਂ ਨੇ ਐੱਮਸੀਡੀ ਚੋਣਾਂ ‘ਚ ‘ਆਪ’ ਨੂੰ ਪੂਰਨ ਬਹੁਮਤ ਦਿੱਤਾ ਤੇ ਭਾਜਪਾ ਨੂੰ ਉਖਾੜ ਦਿੱਤਾ, ਫਿਰ ਵੀ ਮੇਅਰ ਨਹੀਂ ਬਣਨ ਦੇ ਰਹੇ| ਉਨ੍ਹਾਂ ਕਿਹਾ ਕਿ ਭਾਜਪਾ ਜਾਣਦੀ ਹੈ ਕਿ ਜੇਕਰ ‘ਆਪ’ ਦਾ ਮੇਅਰ ਬਣਿਆ ਤਾਂ ਭਾਜਪਾ ਦੀ 17 ਸਾਲਾਂ ਦੀ ਲੁੱਟ ਸਭ ਦੇ ਸਾਹਮਣੇ ਆ ਜਾਵੇਗੀ। ਉਨ੍ਹਾਂ ਕਿਹਾ ਕਿ ਐਮਸੀਡੀ ਵਿੱਚ 17 ਸਾਲਾਂ ਦੀਆਂ ਕਰਤੂਤਾਂ ਨੂੰ ਛੁਪਾਉਣ ਲਈ ਮੇਅਰ ਦੀ ਚੋਣ ਮੁਲਤਵੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਤੇ ਡੀਐਮਸੀ ਐਕਟ ਦੀ ਉਲੰਘਣਾ ਕਰਦਿਆਂ ਪ੍ਰੀਜ਼ਾਈਡਿੰਗ ਅਫ਼ਸਰ ਨੇ ਨਾਮਜ਼ਦ ਕੌਂਸਲਰਾਂ ਨੂੰ ਮੇਅਰ ਦੀ ਚੋਣ ਵਿੱਚ ਵੋਟ ਪਾਉਣ ਦਾ ਅਧਿਕਾਰ ਦੇ ਦਿੱਤਾ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਆਤਿਸ਼ੀ ਨੇ ਕਿਹਾ ਕਿ ‘ਆਪ’ ‘ਤੇ ਝੂਠੇ ਦੋਸ਼ ਲਗਾ ਕੇ ਭਾਜਪਾ ਨੇ ਇੱਕ ਵਾਰ ਫਿਰ ਮੇਅਰ ਚੋਣਾਂ ਨੂੰ ਮੁਲਤਵੀ ਕਰਨ ਦੀ ਸਾਜ਼ਿਸ਼ ਰਚੀ ਹੈ। ਭਾਜਪਾ ਨੂੰ ਬਹਾਨੇ ਛੱਡ ਕੇ ਮੇਅਰ ਦੀ ਚੋਣ ਹੋਣ ਦੇਣੀ ਚਾਹੀਦੀ ਹੈ ਅਤੇ ਫਤਵਾ ਦਾ ਸਤਿਕਾਰ ਕਰਨਾ ਚਾਹੀਦਾ ਹੈ। ਐਮਸੀਡੀ ਇੰਚਾਰਜ ਦੁਰਗੇਸ਼ ਪਾਠਕ ਨੇ ਕਿਹਾ ਕਿ ਭਾਜਪਾ ਹਾਰ ਨੂੰ ਬਰਦਾਸ਼ਤ ਨਹੀਂ ਕਰ ਸਕਦੀ, ਇਸ ਲਈ ਉਹ ਕਿਸੇ ਨਾ ਕਿਸੇ ਤਰ੍ਹਾਂ ਮੇਅਰ ਦੀ ਚੋਣ ਮੁਲਤਵੀ ਕਰਵਾਉਣ ਦੀ ਕੋਸ਼ਿਸ਼ ਕਰਦੀ ਹੈ। ਦੋਨਾਂ ਆਗੂਆਂ ਨੇ ਦੋਸ਼ ਲਾਏ ਕਿ ਭਾਜਪਾ ਕੱਲ੍ਹ ਕਹਿ ਰਹੀ ਸੀ ਕਿ ਆਮ ਆਦਮੀ ਪਾਰਟੀ ਦੇ 20 ਕੌਂਸਲਰ ਭਾਜਪਾ ਵਿੱਚ ਸ਼ਾਮਲ ਹੋਣਗੇ। ਜਦੋਂ ਅਜਿਹਾ ਨਹੀਂ ਹੋਇਆ ਤਾਂ ਉਹ ਸਵੇਰੇ ਨਵੀਂ ਕਹਾਣੀ ਲੈ ਕੇ ਆਏ ਕਿ ‘ਆਪ’ ਖਰੀਦੋ-ਫਰੋਖ਼ਤ ਕਰ ਰਹੀ ਹੈ।
‘ਆਪ’ ਕੌਂਸਲਰਾਂ ਵੱਲੋਂ ਪ੍ਰੀਜ਼ਾਈਡਿੰਗ ਅਫ਼ਸਰ ਦੀਆਂ ਹਦਾਇਤਾਂ ਦੀ ਉਲੰਘਣਾ: ਭਾਜਪਾ
ਦਿੱਲੀ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਵਰਿੰਦਰ ਸਚਦੇਵਾ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਅੱਜ ਫਿਰ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਕੌਂਸਲਰਾਂ ਨੇ ਪ੍ਰੀਜ਼ਾਈਡਿੰਗ ਅਫਸਰ ਦੀਆਂ ਹਦਾਇਤਾਂ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਦੀਆਂ ਹਦਾਇਤਾਂ ਦੇ ਬਾਵਜੂਦ ਸਜ਼ਾ ਭੁਗਤਣ ਵਾਲੇ ਦੋ ਨਾਮਜ਼ਦ ਵਿਧਾਇਕਾਂ ਨੇ ਸਦਨ ਨਹੀਂ ਛੱਡਿਆ ਤੇ ਆਮ ਆਦਮੀ ਪਾਰਟੀ ਨੇ ਮੁੜ ਨਾਮਜ਼ਦ ਕੌਂਸਲਰਾਂ ਦੇ ਵੋਟ ਅਧਿਕਾਰ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ। ਸ੍ਰੀ ਸਚਦੇਵਾ ਨੇ ਕਿਹਾ ਹੈ ਕਿ ਇਹ ਜਨਤਕ ਤੌਰ ‘ਤੇ ਜਾਣਿਆ ਜਾਂਦਾ ਹੈ ਕਿ 2016 ਦੇ ਦਿੱਲੀ ਹਾਈ ਕੋਰਟ ਦੇ ਹੁਕਮ ਵਿੱਚ ਸਪੱਸ਼ਟ ਕਿਹਾ ਗਿਆ ਹੈ ਕਿ ਨਾਮਜ਼ਦ ਕੌਂਸਲਰ ਵੀ ਸਦਨ ਦੇ ਮੈਂਬਰ ਹੋਣਗੇ ਤੇ ਨਿਗਮ ਦੀ ਸਰਵਉੱਚ ਸਥਾਈ ਕਮੇਟੀ ਤੱਕ ਦੀ ਚੋਣ ਲੜ ਸਕਦੇ ਹਨ। ਅਜਿਹੇ ‘ਚ ਸਵਾਲ ਇਹ ਉੱਠਦਾ ਹੈ ਕਿ ਜਦੋਂ ਅਦਾਲਤ ਨੇ ਉਨ੍ਹਾਂ ਨੂੰ ਸਥਾਈ ਕਮੇਟੀ ਤੱਕ ਚੋਣ ਲੜਨ ਦਾ ਅਧਿਕਾਰ ਦਿੱਤਾ ਹੋਇਆ ਹੈ ਤਾਂ ਫਿਰ ਉਹ ਵੋਟ ਕਿਉਂ ਨਹੀਂ ਪਾ ਸਕਦੇ। ਸ੍ਰੀ ਸਚਦੇਵਾ ਨੇ ਕਿਹਾ ਹੈ ਕਿ ਇਸ ਤੋਂ ਇਲਾਵਾ ਸਾਡੇ ਧਿਆਨ ਵਿੱਚ ਆਇਆ ਹੈ ਕਿ ਹਾਲ ਹੀ ਵਿੱਚ ਦਿੱਲੀ ਨਗਰ ਨਿਗਮ ਦੀ ਮੰਗ ‘ਤੇ ਖੁਦ ਦੇਸ਼ ਦੇ ਇੱਕ ਉੱਚ ਕਾਨੂੰਨ ਅਧਿਕਾਰੀ ਨੇ ਨਾਮਜ਼ਦ ਕੌਂਸਲਰਾਂ ਨੂੰ ਵੋਟ ਪਾਉਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਨੂੰ ਮੇਅਰ, ਡਿਪਟੀ ਮੇਅਰ ਆਦਿ ਦੀ ਚੋਣ ‘ਚ ਵੋਟ ਦੇ ਅਧਿਕਾਰ ਹਨ। ਸ਼ਾਇਦ ਇਸ ਕਾਨੂੰਨੀ ਸਲਾਹ ਨੂੰ ਸਮਝਦਿਆਂ ਦਿੱਲੀ ਨਗਰ ਨਿਗਮ ਦੀ ਮੀਟਿੰਗ ਦੇ ਪ੍ਰੀਜ਼ਾਈਡਿੰਗ ਅਫਸਰ ਨੇ ਫੈਸਲਾ ਕੀਤਾ ਕਿ ਨਾਮਜ਼ਦ ਕਾਰਪੋਰੇਟਰ ਵੋਟ ਪਾ ਸਕਦੇ ਹਨ। ਸ੍ਰੀ ਸਚਦੇਵਾ ਨੇ ਕਿਹਾ ਹੈ ਕਿ ਇਹ ਸਮਝ ਤੋਂ ਬਾਹਰ ਹੈ ਕਿ ਆਮ ਆਦਮੀ ਪਾਰਟੀ ਨਾ ਤਾਂ ਕਾਨੂੰਨੀ ਸਲਾਹ ਸੁਣੇਗੀ ਅਤੇ ਨਾ ਹੀ ਪ੍ਰੀਜ਼ਾਈਡਿੰਗ ਅਫ਼ਸਰ ਦੀ ਗੱਲ ਸੁਣੇਗੀ ਤਾਂ ਫਿਰ ਦਿੱਲੀ ਨੂੰ ਮੇਅਰ ਕਿਵੇਂ ਮਿਲੇਗਾ। ਇਸ ਦੌਰਾਨ ਉਨ੍ਹਾਂ ਆਮ ਆਦਮੀ ਪਾਰਟੀ ਦੇ ਲੀਡਰਾਂ ’ਤੇ ਭਾਜਪਾ ਕਾਰਪੋਰੇਟਰਾਂ ਨੂੰ ਭਰਮਾਉਣ ਦਾ ਦੋਸ਼ ਵੀ ਲਾਇਆ।