ਬੱਸ ਦੀ ਲਪੇਟ ’ਚ ਆਉਣ ਕਾਰਨ ਮਜ਼ਦੂਰ ਦੀ ਮੌਤ
ਬਹਾਦਰਜੀਤ ਸਿੰਘ
ਬਲਾਚੌਰ, 6 ਮਈ
ਬਲਾਚੌਰ-ਰੂਪਨਗਰ ਕੌਮੀ ਮਾਰਗ ’ਤੇ ਸਥਿਤ ਟੋਲ ਪਲਾਜ਼ਾ ਬੱਛੂਆਂ ਨੇੜੇ ਪੰਜਾਬ ਰੋਡਵੇਜ਼ ਦੀ ਬੱਸ ਦੇ ਥੱਲੇ ਆ ਜਾਣ ਕਾਰਨ ਪਰਵਾਸੀ ਮਜ਼ਦੂਰ ਦੀ ਮੌਤ ਹੋ ਗਈ। ਇਸ ਸਬੰਧੀ ਐੱਸਐੱਸਐੱਫ ਟੀਮ ਦੇ ਇੰਚਾਰਜ ਏ.ਐੱਸ.ਆਈ ਕੁਲਦੀਪ ਕੁਮਾਰ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਦੇ ਸਾਰ ਹੀ ਉਹ ਤੁਰੰਤ ਆਪਣੀ ਟੀਮ ਸਮੇਤ ਮੌਕੇ ’ਤੇ ਪਹੁੰਚੇ ਅਤੇ ਪਤਾ ਲੱਗਿਆ ਪੰਜਾਬ ਰੋਡਵੇਜ਼ ਚੰਡੀਗੜ੍ਹ ਦੀ ਬੱਸ ਨੂੰ ਸਤਵੀਰ ਸਿੰਘ ਵਾਸੀ ਸੰਗਰੂਰ ਚਲਾ ਰਿਹਾ ਸੀ ਤੇ ਉਹ ਬੱਸ ਨੂੰ ਚੰਡੀਗੜ੍ਹ ਤੋਂ ਅੰਮ੍ਰਿਤਸਰ ਲੈ ਕੇ ਜਾ ਰਿਹਾ ਸੀ। ਜਦੋਂ ਇਹ ਬੱਸ ਜੀਓਵਾਲ ਬੱਛੂਆਂ ਟੌਲ ਪਲਾਜ਼ਾ ਕੋਲ ਪਹੁੰਚੀ ਤਾਂ ਬਿਸਤ ਦੁਆਬ ਨਹਿਰ ਵਾਲੇ ਪਾਸੇ ਤੋਂ ਅਚਾਨਕ ਬੱਸ ਦੀ ਟੱਕਰ ਸੜਕ ਪਾਰ ਕਰ ਰਹੇ ਇੱਕ ਪਰਵਾਸੀ ਮਜ਼ਦੂਰ ਨਾਲ ਹੋ ਗਈ ਅਤੇ ਗੰਭੀਰ ਸੱਟਾਂ ਲੱਗਣ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਦਸੇ ਉਪਰੰਤ ਬੱਸ ਦਾ ਡਰਾਈਵਰ ਬੱਸ ਨੂੰ ਉੱਥੇ ਹੀ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਐੱਸਐੱਸਐੱਫ ਟੀਮ ਨੇ ਮ੍ਰਿਤਕ ਪਰਵਾਸੀ ਦੀ ਲਾਸ਼ ਨੂੰ ਨੈਸ਼ਨਲ ਹਾਈਵੇ ਅਥਾਰਟੀ ਦੀ ਐਂਬੂਲੈਂਸ ਰਾਹੀਂ 72 ਘੰਟਿਆਂ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰੱਖਵਾ ਦਿੱਤਾ ਹੈ ਤੇ ਹਾਦਸੇ ਦੀ ਸੂਚਨਾ ਥਾਣਾ ਕਾਠਗੜ੍ਹ ਅਤੇ ਕੰਟਰੋਲ ਰੂਮ ਨੂੰ ਦੇ ਦਿੱਤੀ ਗਈ ਹੈ।