ਬੈਂਕ ਮੁਲਾਜ਼ਮ ਖ਼ਿਲਾਫ਼ ਧੋਖਾਧੜੀ ਦੇ ਦੋਸ਼ ਹੇਠ ਕੇਸ ਦਰਜ
05:18 AM Feb 18, 2025 IST
ਨਿੱਜੀ ਪੱਤਰ ਪ੍ਰੇਰਕ
ਫ਼ਿਰੋਜ਼ਪੁਰ, 17 ਫ਼ਰਵਰੀ
ਗੁਰੂਹਰਸਹਾਏ ਵਿਚ ਸਥਿਤ ਕੇਨਰਾ ਬੈਂਕ ਦੀ ਬਰਾਂਚ ਦੇ ਇੱਕ ਮੁਲਾਜ਼ਮ ਲੱਕੀ ਗਰਗ ਨੇ ਆਪਣੀ ਅਤੇ ਆਪਣੇ ਸਾਥੀ ਕਰਮਚਾਰੀਆਂ ਦੀ ਬੈਂਕ ਆਈਡੀ ਦੀ ਦੁਰਵਰਤੋਂ ਕਰਕੇ ਕਈ ਖਾਤਾ ਧਾਰਕਾਂ ਦੇ 26,14,669 ਰੁਪਏ ਖੁਰਦ-ਬੁਰਦ ਕਰ ਦਿੱਤੇ। ਬੈਂਕ ਮੈਨੇਜਰ ਕਨ੍ਹੱਈਆ ਲਾਲ ਦੀ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਗੁਰੂਹਰਸਹਾਏ ਪੁਲੀਸ ਵੱਲੋਂ ਮੁਲਜ਼ਮ ਲੱਕੀ ਗਰਗ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਗਿਆ ਹੈ। ਹਾਲਾਂਕਿ ਇਹ ਮਾਮਲਾ ਕੁਝ ਮਹੀਨੇ ਪੁਰਾਣਾ ਦੱਸਿਆ ਜਾ ਰਿਹਾ ਹੈ ਪਰ ਅਜੇ ਤੱਕ ਪੁਲੀਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ। ਖ਼ੁਲਾਸਾ ਹੋਣ ਤੋਂ ਬਾਅਦ ਲੱਕੀ ਗਰਗ ਫ਼ਰਾਰ ਦੱਸਿਆ ਜਾ ਰਿਹਾ ਹੈ। ਇਸ ਦੌਰਾਨ ਵੱਖ-ਵੱਖ ਖਾਤਾ ਧਾਰਕਾਂ ਦੇ ਮੋਬਾਈਲ ਨੰਬਰ ਬਦਲੀ ਕਰਕੇ ਪਹਿਲਾਂ ਨੈੱਟ ਬੈਂਕਿੰਗ ਚਾਲੂ ਕੀਤੀ ਗਈ ਤੇ ਮਗਰੋਂ ਕਈ ਖਾਤਾ ਧਾਰਕਾਂ ਦੇ ਖਾਤਿਆਂ ’ਚੋਂ ਮੋਟੀਆਂ ਰਕਮਾਂ ਕੁਝ ਹੋਰ ਬੈਂਕ ਖਾਤਿਆਂ ਵਿਚ ਟਰਾਂਸਫ਼ਰ ਕਰ ਦਿੱਤੀਆਂ ਗਈਆਂ।
Advertisement
Advertisement