ਬੁੱਧ ਰਾਮ ਨੇ ਪ੍ਰਿੰਸੀਪਲਾਂ ਦੀਆਂ ਖਾਲੀ ਅਸਾਮੀਆਂ ਦਾ ਮਾਮਲਾ ਵਿਧਾਨ ਸਭਾ ’ਚ ਚੁੱਕਿਆ
ਜੋਗਿੰਦਰ ਸਿੰਘ ਮਾਨ
ਮਾਨਸਾ, 28 ਮਾਰਚ
ਆਮ ਆਦਮੀ ਪਾਰਟੀ ਦੇ ਬੁਢਲਾਡਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਇਲਾਕੇ ਦੇ ਵੱਖ-ਵੱਖ ਸਕੂਲਾਂ ਵਿੱਚ ਖਾਲੀ ਪਈਆਂ ਅਸਾਮੀਆਂ ਦਾ ਮਾਮਲਾ ਅੱਜ ਵਿਧਾਨ ਸਭਾ ਵਿੱਚ ਉਠਾਇਆ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਖਾਲੀ ਪਈਆਂ ਪ੍ਰਿੰਸੀਪਲਾਂ ਦੀਆਂ ਅਸਾਮੀਆਂ ਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਸਿਵਲ ਰਿਟ ਪਟੀਸ਼ਨ 10646 ਆਫ਼ 2020 ਅਤੇ 10086 ਆਫ 2020 ਦਾ ਹਵਾਲਾ ਦਿੰਦਿਆਂ ਕਿਹਾ ਕਿ ਹਾਈ ਕੋਰਟ ਵੱਲੋਂ ਫੈਸਲਾ ਆਉਣ ਤੋਂ ਬਾਅਦ ਹੀ ਇਨ੍ਹਾਂ ਅਸਾਮੀਆਂ ਨੂੰ ਭਰਿਆ ਜਾ ਸਕਦਾ ਹੈ।
ਵਿਧਾਇਕ ਬੁੱਧ ਰਾਮ ਵੱਲੋਂ ਇੱਕ ਹੋਰ ਪ੍ਰਸ਼ਨ ਦੌਰਾਨ ਸਰਕਾਰੀ ਹਾਈ ਸਕੂਲ ਕਣਕਵਾਲ ਚਹਿਲਾਂ ਵਿੱਚ ਕਲਰਕ ਦੀ ਅਸਾਮੀ ਨਾ ਹੋਣ ਬਾਰੇ, ਜਦੋਂ ਪੁੱਛਿਆ ਗਿਆ ਤਾਂ ਸਿੱਖਿਆ ਮੰਤਰੀ ਨੇ ਕਿਹਾ ਕਿ ਭਵਿੱਖ ਵਿੱਚ ਪੰਜਾਬ ਸਰਕਾਰ ਵਿਭਾਗ ਵਿੱਚ ਨਵੀਂਆਂ ਪੋਸਟਾਂ ਮਨਜ਼ੂਰ ਕਰਨ ਜਾ ਰਹੀ ਹੈ, ਜਿਸ ਦੌਰਾਨ ਕਣਕਵਾਲ ਚਹਿਲਾਂ ਸਕੂਲ ਨੂੰ ਵੀ ਕਲਰਕ ਦੀ ਪੋਸਟ ਮਨਜ਼ੂਰ ਕਰ ਦਿੱਤੀ ਜਾਵੇਗੀ।
ਵਿਧਾਇਕ ਬੁੱਧ ਰਾਮ ਵੱਲੋਂ ਬੁਢਲਾਡਾ ਵਿਧਾਨ ਸਭਾ ਦੇ ਪਿੰਡਾਂ ਵਿੱਚ ਲੋਕਾਂ ਨੂੰ ਬੱਸ ਰੂਟਾਂ ’ਤੇ ਬੱਸ ਸਰਵਿਸ ਨਾ ਚੱਲਣ ਦਾ ਮੁੱਦਾ ਵੀ ਉਠਾਇਆ ਗਿਆ। ਉਨ੍ਹਾਂ ਕਿਹਾ ਕਿ ਪੀਆਰਟੀਸੀ ਬੁਢਲਾਡਾ ਡਿੱਪੂ ਕੋਲ 20 ਬੱਸਾਂ ਕੰਡਮ ਹੋ ਜਾਣ ਕਾਰਨ ਅਨੇਕਾਂ ਰੂਟਾਂ ਉਤੇ ਬੱਸਾਂ ਨਹੀਂ ਜਾ ਸਕਦੀਆਂ ਹਨ ਅਤੇ ਉਨ੍ਹਾਂ ਟਰਾਂਸਪੋਰਟ ਮੰਤਰੀ ਨੂੰ ਪੁੱਛਿਆ ਕਿ ਡਿੱਪੂ ਨੂੰ ਇਹ 20 ਬੱਸਾਂ ਹੋਰ ਕਦੋਂ ਦਿੱਤੀਆਂ ਜਾਣਗੀਆਂ।
ਇਸੇ ਜਵਾਬ ’ਚ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਬੁਢਲਾਡਾ ਡਿੱਪੂ ਨੂੰ 3 ਨਵੀਂਆਂ ਬੱਸਾਂ ਦੇ ਦਿੱਤੀਆਂ ਗਈਆਂ ਹਨ ਅਤੇ ਦੋ ਬੱਸਾਂ ਹੋਰਨਾਂ ਡਿੱਪੂਆਂ ਵਿਚੋਂ ਭੇਜ ਰਹੇ ਹਨ। ਉਨ੍ਹਾਂ ਕਿਹਾ ਕਿ ਜਲਦੀ ਹੀ ਲਗਪਗ 450 ਆਮ ਬੱਸਾਂ ਅਤੇ 100 ਬੱਸਾਂ ਕਿਲੋਮੀਟਰ ਸਕੀਮ ਵਾਲੀਆਂ ਪਾਉਣ ਲਈ ਪ੍ਰਕਿਰਿਆ ਅਰੰਭ ਕੀਤੀ ਹੋਈ ਹੈ, ਜਿਸ ਤਹਿਤ ਬੁਢਲਾਡਾ ਡਿੱਪੂ ਨੂੰ ਪਹਿਲ ਦੇ ਆਧਾਰ ’ਤੇ ਲੋੜ ਅਨੁਸਾਰ ਬੱਸਾਂ ਦਿੱਤੀਆਂ ਜਾਣਗੀਆਂ। ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਲਈ ਮਿੰਨੀ ਬੱਸ ਪਰਮਿਟ ਖੋਲੇ ਹੋਏ ਹਨ, ਜਿਸ ਕਿਸੇ ਨੌਜਵਾਨ ਨੇ ਬੱਸ ਰੂਟ ਲੈਣਾ ਹੋਵੇ, ਉਹ ਆਪਣੀ ਅਰਜ਼ੀ ਦੇ ਦੇਵੇ। ਉਨ੍ਹਾਂ ਕਿਹਾ ਕਿ ਤਰਜੀਹ ਦੇ ਆਧਾਰ ’ਤੇ ਉਨ੍ਹਾਂ ਨੂੰ ਵੀ ਬੱਸ ਪਰਮਿਟ ਜਾਰੀ ਕਰ ਦਿੱਤੇ ਜਾਣਗੇ।