ਬੀਬੀਏ ਦੀ ਵਿਦਿਆਰਥਣ ਨੇ ਜਮਾਤ ’ਚ ਫਾਹਾ ਲਿਆ
ਟਿ੍ਬਿਊਨ ਨਿਊਜ਼ ਸਰਵਿਸ
ਲੁਧਿਆਣਾ, 9 ਅਪਰੈਲ
ਮਾਡਲ ਟਾਊਨ ਇਲਾਕੇ ਦੇ ਗੁਰੂ ਨਾਨਕ ਗਰਲਜ਼ ਕਾਲਜ ਵਿੱਚ ਪੜ੍ਹਦੀ ਬੀਬੀਏ ਦੀ ਵਿਦਿਆਰਥਣ ਨੇ ਅੱਜ ਸਵੇਰੇ ਕਾਲਜ ਦੇ ਕਲਾਸ ਰੂਮ ਵਿੱਚ ਫਾਹਾ ਲੈ ਲਿਆ। ਥਾਣਾ ਮਾਡਲ ਟਾਊਨ ਦੀ ਪੁਲੀਸ ਨੇ ਜਾਂਚ ਸ਼ੁਰੂ ਦਿੱਤੀ ਹੈ। ਮ੍ਰਿਤਕਾ ਦੀ ਪਛਾਣ ਜਸਪ੍ਰੀਤ ਕੌਰ (19) ਵਜੋਂ ਹੋਈ ਹੈ, ਜੋ ਮੰਗਲੀ ਪਿੰਡ ਦੀ ਰਹਿਣ ਵਾਲੀ ਹੈ। ਖ਼ੁਦਕੁਸ਼ੀ ਦਾ ਕੋਈ ਕਾਰਨ ਸਾਹਮਣੇ ਨਹੀਂ ਆਇਆ। ਫਿਲਹਾਲ ਪੁਲੀਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।
ਦਲਜੀਤ ਸਿੰਘ ਦੀ ਧੀ ਜਸਪ੍ਰੀਤ ਕੌਰ ਬੀਬੀਏ ਪਹਿਲੇ ਸਾਲ ਦੀ ਵਿਦਿਆਰਥਣ ਸੀ। ਹਰ ਰੋਜ਼ ਵਾਂਗ ਉਹ ਅੱਜ ਸਵੇਰੇ ਕਾਲਜ ਆਈ ਅਤੇ ਕੁਝ ਟੈਸਟ ਵੀ ਦਿੱਤੇ। ਉਹ ਟੈਸਟ ਦੇਣ ਤੋਂ ਬਾਅਦ ਚਲੀ ਗਈ। ਕੁਝ ਸਮੇਂ ਬਾਅਦ ਉਸ ਦੇ ਦੋਸਤਾਂ ਨੂੰ ਫੋਟੋ ਮਿਲੀ ਜਿਸ ਵਿੱਚ ਉਸ ਦਾ ਦੁਪੱਟਾ ਪੱਖੇ ਨਾਲ ਲਟਕਿਆ ਹੋਇਆ ਸੀ ਅਤੇ ਉਸ ਨੇ ਉਨ੍ਹਾਂ ਨੂੰ ਸੁਨੇਹਾ ਦਿੱਤਾ ਕਿ ਉਸ ਕੋਲ ਹੋਰ ਕੋਈ ਰਾਹ ਨਹੀਂ ਹੈ। ਇਸੇ ਲਈ ਉਹ ਖੁਦਕੁਸ਼ੀ ਕਰ ਰਹੀ ਹੈ। ਜਿਵੇਂ ਹੀ ਉਨ੍ਹਾਂ ਨੇ ਜਸਪ੍ਰੀਤ ਦੀ ਫੋਟੋ ਦੇਖੀ, ਸਾਰੇ ਦੋਸਤ ਕਾਲਜ ਵੱਲ ਭੱਜੇ ਅਤੇ ਕਾਲਜ ਪ੍ਰਬੰਧਕਾਂ ਨੂੰ ਇਸ ਬਾਰੇ ਸੂਚਿਤ ਕੀਤਾ।
ਮਗਰੋਂ ਅਧਿਆਪਕਾਂ ਨੇ ਉਸ ਭਾਲ ਸ਼ੁਰੂ ਕੀਤੀ। ਇਸ ਦੌਰਾਨ ਤੀਜੀ ਮੰਜ਼ਿਲ ’ਤੇ ਕਲਾਸਰੂਮ ਵਿੱਚ ਜਸਪ੍ਰੀਤ ਦੀ ਲਾਸ਼ ਲਟਕਦੀ ਮਿਲੀ। ਦਲਜੀਤ ਸਿੰਘ ਨੇ ਦੱਸਿਆ ਕਿ ਸਵੇਰੇ ਉਨ੍ਹਾਂ ਦੀ ਧੀ ਆਮ ਵਾਂਗ ਕਾਲਜ ਲਈ ਰਵਾਨਾ ਹੋਈ ਸੀ। ਉਧਰ, ਮਾਡਲ ਟਾਊਨ ਪੁਲੀਸ ਸਟੇਸ਼ਨ ਦੇ ਐੱਸਐੱਚਓ ਐੱਸਆਈ ਹਮਰਾਜ ਸਿੰਘ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਚੱਲ ਰਹੀ ਹੈ। ਬਿਆਨ ਦਰਜ ਕਰਨ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਵਿਦਿਆਰਥਣ ਦੀ ਖੁਦਕੁਸ਼ੀ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ।