ਬਿਨਾ ਆਸਰੇ ਤੁਰਨ ਯੋਗ ਹੋਈ ਪੰਜ ਸਾਲਾਂ ਦੀ ਅਮਨਦੀਪ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 28 ਮਾਰਚ
ਪੰਜ ਕੁ ਸਾਲ ਦੀ ਅਮਨਦੀਪ ਕੌਰ ਦੀ ਇਕ ਹਾਦਸੇ ਵਿੱਚ ਲੱਤ ਕੱਟੀ ਗਈ ਸੀ ਪਰ ਉਸ ਦੀ ਇੱਛਾ ਬਗੈਰ ਸਹਾਇਆ ਦੇ ਤੁਰਨ ਦੀ ਸੀ ਅਤੇ ਉਸ ਦਾ ਇਹ ਸੁਫਨਾ ਅੱਜ ਸਾਕਾਰ ਹੋ ਗਿਆ। ਨੇੜਲੇ ਮਹੰਤ ਲਛਮਣ ਦਾਸ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਕਲਾਂ ਵਿੱਚ ਲੱਗੇ ਦੋ ਰੋਜ਼ਾ ਨਕਲੀ ਅੰਗ ਲਾਉਣ ਦੇ ਮੁਫ਼ਤ ਕੈਂਪ ਵਿੱਚ ਉਸ ਦੇ ਬਣਾਵਟੀ ਲੱਤ ਲਾਈ ਗਈ ਜਿਸ ਕਰਕੇ ਉਸ ਦਾ ਇਹ ਸੁਪਨਾ ਪੂਰਾ ਹੋਇਆ।
ਐੱਮਐੱਲਡੀ ਸਕੂਲ ਵਿਖੇ ਪ੍ਰਿੰਸੀਪਲ ਬਲਦੇਵ ਬਾਵਾ ਦੀ ਦੇਖ-ਰੇਖ ਹੇਠ ਆਪਣਾ ਪੰਜਾਬ ਫਾਊਂਡੇਸ਼ਨ ਦੇ ਫਾਊਂਡਰ ਅਤੇ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਅਤੇ ਰੋਟਰੀ ਕਲੱਬ ਚੰਡੀਗੜ੍ਹ ਸੈਂਟਰਲ ਦੇ ਪ੍ਰਧਾਨ ਸੁਰਿੰਦਰ ਪ੍ਰਸ਼ਾਦ ਓਝਾ ਦੀ ਅਗਵਾਈ ਹੇਠ ਇਹ ਕੈਂਪ ਲੱਗਿਆ। ਦੋਵੇਂ ਦਿਨਾਂ ਦੌਰਾਨ ਕੈਂਪ ਵਿੱਚ ਪੰਜਾਬ ਭਰ ਵਿੱਚੋਂ 96 ਮਰੀਜ਼ਾਂ ਦੇ ਸਫ਼ਲਤਾ ਪੂਰਵਕ ਬਿਲਕੁਲ ਮੁਫ਼ਤ ਨਕਲੀ ਲੱਤਾਂ ਅਤੇ ਬਾਂਹਾ ਲਗਾਈਆਂ ਗਈਆਂ। ਜੈਪੁਰ ਫੁੱਟ ਰਾਜਸਥਾਨ ਦੀ ਟੀਮ ਨੇ ਬਹੁਤ ਹੀ ਵਧੀਆ ਢੰਗ ਨਾਲ ਮਰੀਜ਼ਾਂ ਦੀ ਜਾਂਚ ਕਰਕੇ ਲੋੜੀਂਦੀਆਂ ਸੇਵਾਵਾਂ ਪ੍ਰਦਾਨ ਕੀਤੀਆਂ। ਆਲੇ-ਦੁਆਲੇ ਦੇ ਪਿੰਡਾਂ ਦੇ ਪਤਵੰਤੇ, ਪੰਚਾਂ, ਸਰਪੰਚਾਂ ਅਤੇ ਪੰਚਾਇਤਾਂ ਨੇ ਇਸ ਨੇਕ ਉਪਰਾਲੇ ਦੀ ਸ਼ਲਾਘਾ ਕੀਤੀ। ਕੈਂਪ ਵਿੱਚ ਜ਼ਿਆਦਾਤਰ ਮਰੀਜ਼ਾਂ ਨੇ ਪਹਿਲੀ ਵਾਰ ਨਕਲੀ ਅੰਗ ਲਗਾਏ ਅਤੇ ਪਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਖੁਸ਼ੀ ਮਹਿਸੂਸ ਕੀਤੀ। ਪੰਜ ਕੁ ਸਾਲ ਦੀ ਬੱਚੀ ਅਮਨਦੀਪ ਕੌਰ ਮਲੋਦ ਦੀ ਇੱਕ ਹਾਦਸੇ ਦੌਰਾਨ ਲੱਤ ਕੱਟੀ ਗਈ ਸੀ। ਜਦੋਂ ਡਾਕਟਰ ਅਤੇ ਟੀਮ ਉਸ ਦੇ ਨਕਲੀ ਲੱਤ ਲਾਉਣ ਦੀ ਪ੍ਰਕਿਰਿਆ ਪੂਰੀ ਕਰ ਰਹੇ ਸਨ ਤਾਂ ਉਸ ਨੂੰ ਆਪਣੇ ਪੈਰਾਂ ’ਤੇ ਤੁਰਨ ਤੇ ਭੱਜਣ ਦੀ ਏਨੀ ਪ੍ਰਬਲ ਇੱਛਾ ਸੀ ਕਿ ਉਹ ਦੌੜ ਕੇ ਆਪਣੇ ਮਾਪਿਆਂ ਵੱਲ ਗਈ। ਵੱਡੀ ਗਿਣਤੀ ਮਰੀਜ਼ ਅਜਿਹੇ ਸਨ ਜੋ ਆਏ ਤਾਂ ਕਿਸੇ ਨਾ ਕਿਸੇ ਸਹਾਰੇ ਨਾਲ ਪਰ ਕੈਂਪ ਤੋਂ ਜਾਣ ਸਮੇਂ ਬਨਾਉਟੀ ਅੰਗਾਂ ਨਾਲ ਆਪਣੇ ਪੈਰਾਂ 'ਤੇ ਤੁਰ ਕੇ ਗਏ। ਐਮਐਲਡੀ ਸਕੂਲ ਦੇ ਸਮੂਹ ਅਧਿਆਪਕਾਂ ਅਤੇ ਵਰਕਰਾਂ ਨੇ ਆਏ ਮਰੀਜ਼ਾਂ ਅਤੇ ਡਾਕਟਰਾਂ ਦੀਆਂ ਟੀਮਾਂ ਲਈ ਲੋੜੀਂਦੇ ਪ੍ਰਬੰਧ, ਮਰੀਜ਼ਾਂ ਦੀ ਸੇਵਾ ਪੂਰੀ ਸੇਵਾ ਭਾਵਨਾ ਨਾਲ ਕੀਤੀ। ਇਨ੍ਹਾਂ ਲੋਕਾਂ ਨੇ ਕੈਂਪ ਦੀ ਸਫ਼ਲਤਾ ਲਈ ਪ੍ਰਿੰਸੀਪਲ ਬਲਦੇਵ ਬਾਵਾ ਅਤੇ ਟੀਮ ਦਾ ਧੰਨਵਾਦ ਕਰਦਿਆਂ ਉਪਰਾਲੇ ਦੀ ਸ਼ਲਾਘਾ ਕੀਤੀ। ਜਗਰਾਉਂ ਤੋਂ ਵਿਸ਼ੇਸ਼ ਤੌਰ 'ਤੇ ਗੋਲਡਨ ਭਾਈਚਾਰਾ ਗਰੁੱਪ ਦੇ ਮੈਂਬਰ ਅਵਤਾਰ ਸਿੰਘ, ਹਰਪ੍ਰੀਤ ਸਿੰਘ, ਗੁਲਸ਼ਨ ਵਰਮਾ, ਧਰਮਪਾਲ ਮਾਣਾ, ਗੁਰਮੇਲ ਸਿੰਘ, ਅਵਤਾਰ ਸਿੰਘ ਤਾਰੀ ਵੀ ਇਸ ਮੌਕੇ ਪਹੁੰਚੇ ਹੋਏ ਸਨ।