ਬਾਂਗੜਾਂ ਸਕੂਲ ’ਚ ਡਿਗਰੀ ਵੰਡ ਸਮਾਰੋਹ ਕਰਵਾਇਆ
ਦੇਵੀਗੜ੍ਹ, 4 ਅਪਰੈਲ
ਨਵਾਬ ਫਾਊਂਡੇਸ਼ਨ ਸਕੂਲ ਬਾਂਗੜਾਂ ਵਿਖੇ ਨਰਸਰੀ ਜਮਾਤ ਤੋਂ ਨੌਵੀਂ ਜਮਾਤ ਦੇ ਵਿਦਿਆਰਥੀਆਂ ਦੇ ਸਾਲਾਨਾ ਨਤੀਜੇ ਨਾਲ ਸਬੰਧਿਤ ਕਨਵੋਕੇਸ਼ਨ ਕੀਤੀ ਗਈ। ਇਸ ਮੌਕੇ ਨਰਸਰੀ ਤੋਂ ਯੂਕੇਜੀ ਜਮਾਤਾਂ ਦੇ ਵਿਦਿਆਰਥੀਆਂ ਨੂੰ ਏ-1 ਗਰੇਡ ਅਤੇ ਪਹਿਲੀ ਜਮਾਤ ਤੋਂ ਲੈ ਕੇ ਉੱਚ ਕਲਾਸਾਂ ਦੇ ਵਿਦਿਆਰਥੀਆਂ ਨੂੰ ਟਰਾਫੀ ਦੇ ਕੇ ਸਨਮਾਨਿਆ ਅਤੇ ਸਾਰੀਆਂ ਜਮਾਤਾਂ ਵਿੱਚ ਬੈਸਟ ਡਰੈੱਸ ਦੇ ਮੈਡਲ ਵੀ ਦਿੱਤੇ ਗਏ। ਨਤੀਜੇ ਦੀ ਸ਼ੁਰੂਆਤ ਕਰਨ ਤੋਂ ਬਾਅਦ ਮੈਨੇਜਮੈਂਟ ਅਤੇ ਪ੍ਰਿੰਸੀਪਲ ਆਏ ਵਿਦਿਆਰਥੀਆਂ ਦੇ ਮਾਪਿਆਂ ਨੂੰ ਜੀ ਆਇਆਂ ਕਹਿ ਕੇ ਸਵਾਗਤ ਕੀਤਾ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਜਸਵਿੰਦਰ ਗਿਰ ਅਤੇ ਜਸਵਿੰਦਰ ਕੌਰ, ਪ੍ਰਿੰਸੀਪਲ ਸੁਨੀਤਾ ਰਾਜਪਾਲ ਅਤੇ ਵਾਈਸ ਪ੍ਰਿੰਸੀਪਲ ਅਮਨਦੀਪ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਨਾਲ ਨੇੜਤਾ ਬਣਾ ਕੇ ਰੱਖਣੀ ਚਾਹੀਦੀ ਹੈ। ਅੰਤ ਵਿੱਚ ਮਾਤਾ-ਪਿਤਾ ਦਾ ਧੰਨਵਾਦ ਕਰਦੇ ਹੋਏ ਉਨਾਂ ਦੇ ਬੱਚਿਆਂ ਦਾ ਸਿੱਖਿਆ ਦੇ ਖੇਤਰ ਵਿੱਚ ਵੱਧ ਰਹੇ ਨਵੇਂ ਕਦਮ ਬਾਰੇ ਵਧਾਈ ਦਿੱਤੀ। ਇਸ ਮੌਕੇ ਐੱਮਡੀ ਜਸਵਿੰਦਰ ਗਿਰ, ਐੱਮਡੀ ਜਸਵਿੰਦਰ ਕੌਰ, ਪ੍ਰਿੰਸੀਪਲ ਸੁਨੀਤਾ ਰਾਜਪਾਲ ਅਤੇ ਵਾਈਸ ਪ੍ਰਿੰਸੀਪਲ ਅਮਨਦੀਪ ਕੌਰ ਸਣੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।