ਬਸਤੀ ਦਾਨਿਸ਼ਮੰਦਾ ’ਚ ਕੂੜੇ ਨੂੰ ਅੱਗ ਲੱਗਣ ਮਗਰੋਂ ਲੋਕ ਸਹਿਮੇ
ਹਤਿੰਦਰ ਮਹਿਤਾ
ਜਲੰਧਰ, 10 ਮਈ
ਸ਼ਨਿੱਚਰਵਾਰ ਸਵੇਰੇ ਬਸਤੀ ਦਾਨਿਸ਼ਮੰਦਾ ਵਿੱਚ ਅਫਰਾ-ਤਫਰੀ ਮਚ ਗਈ ਜਦੋਂ ਸਥਾਨਕ ਲੋਕਾਂ ਨੇ ਗਲਤੀ ਨਾਲ ਇਹ ਸਮਝ ਲਿਆ ਕਿ ਇਹ ਡਰੋਨ ਹਮਲੇ ਕਾਰਨ ਹੋਈ ਹੈ। ਇਸ ਹਫੜਾ-ਦਫੜੀ ਕਾਰਨ ਮੌਕੇ ’ਤੇ ਵਸਨੀਕਾਂ ਦਾ ਵੱਡਾ ਇਕੱਠ ਹੋ ਗਿਆ। ਜਿਸ ਕਾਰਨ ਪੁਲੀਸ ਵੱਲੋਂ ਤੁਰੰਤ ਕਾਰਵਾਈ ਕੀਤੀ ਗਈ। ਸੋਸ਼ਲ ਮੀਡੀਆ ’ਤੇ ਵੀਡੀਓ ਪਾ ਕੇ ਰਿਹਾਇਸ਼ੀ ਇਲਾਕੇ ਦੇ ਨੇੜੇ ਡਰੋਨ ਹਮਲੇ ਦਾ ਝੂਠਾ ਦਾਅਵਾ ਕੀਤਾ ਗਿਆ ਸੀ। ਹਾਲਾਂਕਿ, ਪੁਲੀਸ ਨੂੰ ਜਾਂਚ ਕਰਨ ’ਤੇ ਕਿਸੇ ਵੀ ਹਵਾਈ ਵਸਤੂ ਜਾਂ ਵਿਸਫੋਟਕ ਯੰਤਰ ਦੇ ਕੋਈ ਸੰਕੇਤ ਨਹੀਂ ਮਿਲੇ। ਪ੍ਰਸ਼ਾਸਨ ਨੇ ਪੁਸ਼ਟੀ ਕੀਤੀ ਕਿ ਅੱਗ ਖਾਲੀ ਪਲਾਟ ’ਤੇ ਸੁੱਟੇ ਗਏ ਕੂੜੇ ਦੇ ਢੇਰ ਤੋਂ ਸ਼ੁਰੂ ਹੋਈ ਸੀ। ਏਸੀਪੀ ਨੌਰਥ, ਆਤਿਸ਼ ਭਾਟੀਆ, ਜਿਨ੍ਹਾਂ ਨੇ ਮੌਕੇ ’ਤੇ ਪੁਲੀਸ ਟੀਮ ਦੀ ਅਗਵਾਈ ਕੀਤੀ, ਨੇ ਸਪੱਸ਼ਟ ਕੀਤਾ ਕਿ ਡਰੋਨ ਹਮਲੇ ਦਾ ਕੋਈ ਸਬੂਤ ਨਹੀਂ ਹੈ। ਉਨ੍ਹਾਂ ਕਿਹਾ ਕਿ ਖ਼ਬਰ ਪੂਰੀ ਤਰ੍ਹਾਂ ਝੂਠੀ ਸੀ। ਇਹ ਸਿਰਫ਼ ਕੂੜੇ ਵਿੱਚ ਅੱਗ ਲੱਗੀ ਸੀ। ਉਨਾਂ ਕਿਹਾ ਕਿ ਜਨਤਾ ਨੂੰ ਅਪੀਲ ਕਰਦੇ ਹਾਂ ਕਿ ਉਹ ਗੈਰ-ਪ੍ਰਮਾਣਿਤ ਜਾਣਕਾਰੀ ਨਾ ਫੈਲਾਉਣ ਜੋ ਬੇਲੋੜੀ ਦਹਿਸ਼ਤ ਪੈਦਾ ਕਰ ਸਕਦੀ ਹੈ।
ਪੁਲੀਸ ਨੇ ਨਿਵਾਸੀਆਂ ਨੂੰ ਅਫਵਾਹਾਂ ਫੈਲਾਉਣ ਜਾਂ ਗੈਰ-ਪ੍ਰਮਾਣਿਤ ਸਮੱਗਰੀ ਔਨਲਾਈਨ ਪੋਸਟ ਕਰਨ ਵਿਰੁੱਧ ਚਿਤਾਵਨੀ ਵੀ ਜਾਰੀ ਕੀਤੀ ਹੈ।