ਫਰਜ਼ੀ ਕਾਲ ਮਗਰੋਂ ਸੀਵਰੇਜ ਦਾ ਕੰਮ ਬੰਦ ਕਰਵਾਉਣ ’ਤੇ ਮੁਹੱਲਾ ਵਾਸੀਆਂ ’ਚ ਰੋਸ
ਬੀਤੇ ਕੁਝ ਸਮੇਂ ਦੌਰਾਨ ਆਦਮਪੁਰ ਦੇ ਵਾਰਡ ਨੰਬਰ ਇੱਕ ਮੁਹੱਲਾ ਬੇਗਮਪੁਰਾ ਵਿੱਚ ਸੀਵਰੇਜ ਦੇ ਕੰਮਾਂ ਸਬੰਧੀ ਮੁਹੱਲੇ ਦੇ ਕੁਝ ਵਿਅਕਤੀਆਂ ਵੱਲੋਂ ਸੀਵਰੇਜ ਦੇ ਵਿਰੋਧ ਕੀਤਾ ਜਾ ਰਿਹਾ ਹੈ। ਅੱਜ ਦੁਪਹਿਰ ਕਰੀਬ 2 ਵਜੇ ਭਾਰੀ ਹੰਗਾਮਾ ਹੋ ਗਿਆ ਜਦੋਂ ਕੁਝ ਦਿਨਾਂ ਤੋਂ ਬੰਦ ਪਏ ਸੀਵਰੇਜ ਦੇ ਕੰਮ ਦੀ ਸ਼ੁਰੂ ਕਰਨ ਉਪਰੰਤ ਐੱਸਡੀਐੱਮ ਆਦਮਪੁਰ ਦਫ਼ਤਰ ਵਿੱਚੋਂ ਆਈ ਇਕ ਫਰਜ਼ੀ ਕਾਲ ’ਤੇ ਅਧਿਕਾਰੀਆਂ ਨੇ ਚਲਦਾ ਕੰਮ ਬੰਦ ਕਰਵਾ ਦਿੱਤਾ। ਇਸ ਕਾਲ ਨੂੰ ਲੈ ਕੇ ਕਰਕੇ ਮੁਹੱਲਾ ਬੇਗਮਪੁਰਾ ਵਾਸੀਆਂ ਪਾਏ ਰੋਸ ਨੂੰ ਵੇਖਦਿਆਂ ਕੌਂਸਲਰ ਸੁਸ਼ਮਾ ਨੂੰ ਫੋਨ ਕੀਤਾ ਤਾਂ ਕੌਂਸਲਰ ਸਮੇਤ ਕੌਂਸਲਰ ਪਤੀ ਰਾਜੇਸ਼ ਕੁਮਾਰ ਰਾਜੂ, ਨਗਰ ਕੌਂਸਲ ਦੇ ਪ੍ਰਧਾਨ ਦਰਸ਼ਨ ਸਿੰਘ ਕਰਵਲ ਮੌਕੇ ’ਤੇ ਗਏ ਅਤੇ ਕੰਮ ਬੰਦ ਕਰਵਾਉਣ ਸਬੰਧੀ ਐੱਸਡੀਓ ਪਦਮਦੀਪ ਸੀਵਰੇਜ ਬੋਰਡ ਜਲੰਧਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇੱਕ ਫੋਨ ਆਇਆ ਸੀ ਕਿ ਉਹ ਐੱਸਡੀਐੱਮ ਆਦਮਪੁਰ ਦੇ ਦਫ਼ਤਰ ਤੋਂ ਗੱਲ ਕਰ ਰਿਹਾ ਹੈ ਅਤੇ ਸੀਵਰੇਜ ਦਾ ਕੰਮ ਬੰਦ ਕਰ ਦਿੱਤਾ ਜਾਵੇ।
ਮੁਹੱਲਾ ਬੇਗਮਪੁਰੇ ਵਾਸੀਆਂ ਨੇ ਜਦੋਂ ਐੱਸਡੀਐੱਮ ਆਦਮਪੁਰ ਵਿਵੇਕ ਮੋਦੀ ਦੇ ਦਫ਼ਤਰ ਪਹੁੰਚ ਕੇ ਗੱਲਬਾਤ ਕੀਤੀ ਤਾਂ ਸਪੱਸ਼ਟ ਕਰਦਿਆਂ ਉਨ੍ਹਾਂ ਮੁਹੱਲਾ ਵਾਸੀਆਂ ਨੂੰ ਦੱਸਿਆ ਕਿ ਉਨ੍ਹਾਂ ਜਾਂ ਉਨ੍ਹਾਂ ਦੇ ਕਿਸੇ ਦਫਤਰ ਦੇ ਅਧਿਕਾਰੀ ਵੱਲੋਂ ਸੀਵਰੇਜ ਦਾ ਕੰਮ ਕਰਵਾਉਣ ਲਈ ਕੋਈ ਫੋਨ ਨਹੀਂ ਕੀਤਾ ਗਿਆ। ਇਸ ਮਾਮਲੇ ਦੀ ਪੂਰੀ ਤਰ੍ਹਾਂ ਪੜਤਾਲ ਕਰਦਿਆਂ ਕੌਂਸਲਰ ਪਤੀ ਰਾਜੇਸ਼ ਰਾਜੂ ਨੇ ਦੱਸਿਆ ਕਿ ਪੜਤਾਲ ਕਰਨ ’ਤੇ ਪਤਾ ਲੱਗਾ ਕਿ ਫਰਜ਼ੀ ਫੋਨ ਕਰਨ ਵਾਲਾ ਵਿਅਕਤੀ ਆਦਮਪੁਰ ਦਾ ਵਾਸੀ ਹੈ ਅਤੇ ਕਿਸੇ ਹੋਰ ਅਦਾਰੇ ਵਿੱਚ ਨੌਕਰੀ ਕਰਦਾ ਹੈ। ਕੌਂਸਲਰ ਸਮੇਤ ਮੁਹੱਲਾ ਵਾਸੀਆਂ ਵੱਲੋਂ ਐੱਸਡੀਐੱਮ ਆਦਮਪੁਰ ਨੂੰ ਮੁਲਜ਼ਮ ਖ਼ਿਲਾਫ਼ ਕਾਰਵਾਈ ਕਰਨ ਦੀ ਅਪੀਲ ਕੀਤੀ।