ਪੰਜਾਬ ਵਿੱਚ ਮਨੁੱਖੀ ਅਧਿਕਾਰਾਂ ਨੂੰ ਮੁੜ ਜਥੇਬੰਦ ਕਰਨ ਦੀ ਲੋੜ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 31 ਮਾਰਚ
‘ਪਿੰਡ ਬਚਾਓ, ਪੰਜਾਬ ਬਚਾਓ’ ਮੋਰਚਾ ਵੱਲੋਂ ਅੱਜ ਚੰਡੀਗੜ੍ਹ ਦੇ ਸੈਕਟਰ-28 ਵਿੱਚ ਸਥਿਤ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵਿਖੇ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਬੁੱਧੀਜੀਵੀ, ਸਮਾਜ ਸੇਵੀ, ਲੇਖਕਾਂ ਨੇ ਸ਼ਮੂਲੀਅਤ ਕੀਤੀ। ਜਿਨ੍ਹਾਂ ਨੇ ਇਕ-ਸੁਰ ਹੋ ਕੇ ਪੰਜਾਬ ਪੁਲੀਸ ਪ੍ਰਸ਼ਾਸਨ ਵੱਲੋਂ ਬੁਲਡੋਜ਼ਰ ਤਸ਼ੱਦਦ ਅਤੇ ਝੂਠੇ ਮੁਕਾਬਲਿਆਂ ਦੀਆਂ ਵੱਧਦੀਆਂ ਘਟਨਾਵਾਂ ਦੇ ਮੱਦੇਨਜ਼ਰ ਮਨੁੱਖੀ ਹੱਕਾਂ ਵਿੱਚ ਖੜ੍ਹਨ ਵਾਲੀ ਜਥੇਬੰਦੀਆਂ ਨੂੰ ਮਜ਼ਬੂਤ ਕਰਨ ਦਾ ਫ਼ੈਸਲਾ ਕੀਤਾ ਹੈ। ਬੁਲਾਰਿਆਂ ਨੇ ਕਿਹਾ ਕਿ ਪੰਜਾਬ ਵਿੱਚ ‘ਆਪ’ ਦੀ ਸਰਕਾਰ ਨੇ ਆਪਣੇ ਖੁਰਦੇ ਅਕਸ ਨੂੰ ਬਹਾਲ ਕਰਨ ਲਈ ਪੁਲੀਸ ਨੂੰ ਸਿਆਸੀ ਹਥਿਆਰ ਵਜੋਂ ਵਰਤਣਾ ਸ਼ੁਰੂ ਕਰ ਦਿੱਤਾ ਹੈ। ਇਸੇ ਨੀਤੀ ਤਹਿਤ ਸਰਕਾਰ ਨੂੰ ਮਜ਼ਬੂਤ ਪੇਸ਼ ਕਰਨ ਲਈ ਯੂਪੀ ਸਰਕਾਰਾਂ ਦੀ ਤਰਜ ’ਤੇ ਬੁਲਡੋਜ਼ਰ ਕਾਰਵਾਈ ਸ਼ੁਰੂ ਕਰ ਦਿੱਤੀ। ਸੀਨੀਅਰ ਪੱਤਰਕਾਰ ਹਮੀਰ ਸਿੰਘ ਨੇ ਕਿਹਾ ਕਿ ਸਰਕਾਰੀ ਸੰਸਥਾਵਾਂ, ਸਿਵਲ ਪ੍ਰਸ਼ਾਸਨ, ਨਿਆਂਪ੍ਰਣਾਲੀ ਸੰਵਿਧਾਨ ਦੇ ਅਨੁਸਾਰ ਕੰਮ ਨਹੀਂ ਕਰ ਰਹੀਆਂ ਹਨ। ਕੇਂਦਰੀ ਸਿੰਘ ਸਭਾ ਦੇ ਆਗੂ ਜਸਪਾਲ ਸਿੰਘ ਸਿੱਧੂ ਨੇ ਕਿਹਾ ਕਿ ਸੱਤਾ ਉੱਤੇ ਕਾਬਜ਼ ਸਿਆਸੀ ਧਿਰ ਤੇ ਵਿਰੋਧੀ ਧਿਰਾਂ ਸਾਂਝੇ ਤੌਰ ’ਤੇ ਇਕ ਹਾਕਮ ਜਮਾਤ ਵਜੋਂ ਕਾਰਜਸ਼ੀਲ ਹਨ ਜੋ ਆਪਸ ਵਿੱਚ ਨੁਕਤਾਚੀਨੀ ਦਾ ਮਾਹੌਲ ਖੜ੍ਹਾ ਕਰਕੇ ਆਪਣਾ ‘ਵੋਟ ਬੈਂਕ’ ਕਾਇਮ ਕਰਦੀਆਂ ਹਨ। ਇਹ ਕੋਈ ਵੱਡੀ ਲੋਕ ਪੱਖੀ ਤਬਦੀਲੀ ਜਾਂ ਸੁਧਾਰ ਨਹੀਂ ਹੋਣ ਦਿੰਦੇ। ਹਾਈਕੋਰਟ ਦੇ ਸਾਬਕਾ ਜੱਜ ਜਸਟਿਸ ਰਣਜੀਤ ਸਿੰਘ ਨੇ ਕਿਹਾ ਕਿ ਪੁਲੀਸ ਵੱਲੋਂ ਨਸ਼ਰ ਕੀਤੇ ਬਹੁਤੇ ਮੁਕਾਬਲਿਆਂ ਦੀ ਇਬਾਰਤ ਇਕੋਂ ਹੀ ਹੁੰਦੀ ਹੈ। ‘ਪਿੰਡ ਬਚਾਓ ਪੰਜਾਬ ਬਚਾਓ’ ਦੇ ਆਗੂ ਕਰਨੈਲ ਸਿੰਘ ਜਖੇਪਲ, ਦਰਸ਼ਨ ਸਿੰਘ ਧਨੇਠਾ ਨੇ ਕਿਹਾ ਕਿ ਜੇ ਪੁਲੀਸ ਪ੍ਰਸ਼ਾਸਨ ਸਰਕਾਰ ਦੀਆਂ ਅਜਿਹੀਆਂ ਦਹਿਸ਼ਤੀ ਗਤੀਵਿਧੀਆਂ ਨੂੰ ਠੱਲ ਪਾਉਣ ਲਈ ਚੇਤਨ ਲੋਕ ਅੱਗੇ ਨਹੀਂ ਆਉਂਦੇ ਤਾਂ ਦੇਸ਼ ਦੇ ਲੋਕਤੰਤਰ ਜਾ ਬਚਣਾ ਮੁਸ਼ਕਲ ਹੋ ਜਾਵੇਗਾ। ਇਸ ਮੌਕੇ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਪੰਜਾਬ ਵਿੱਚ ਮਨੁੱਖੀ ਅਧਿਕਾਰਾਂ ਲਈ ਜਦੋਂ-ਜਹਿਦ ਕਰਨ ਵਾਲੀਆਂ ਜਥੇਬੰਦੀਆਂ ਨੂੰ ਤੁਰੰਤ ਜਥੇਬੰਦ ਕਰਨ ਲਈ ਮਤਾ ਪੇਸ਼ ਕੀਤਾ, ਜਿਸ ਨੂੰ ਸਾਰਿਆ ਨੇ ਪ੍ਰਵਾਨ ਕੀਤਾ ਹੈ।