ਪੰਜਾਬ ’ਚ ਦੋ ਸਾਲਾਂ ਦੌਰਾਨ 13 ਕਰੋੜ ਔਰਤਾਂ ਨੇ ਕੀਤਾ ਮੁਫ਼ਤ ਬੱਸ ਸਫ਼ਰ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 3 ਮਈ
ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਪੀਆਰਟੀਸੀ, ਪੰਜਾਬ ਰੋਡਵੇਜ਼ ਤੇ ਪਨਬਸ ਵਿੱਚ ਔਰਤਾਂ ਨੂੰ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਦਿੱਤੀ ਜਾ ਰਹੀ ਹੈ। ਇਸ ਸਕੀਮ ਤਹਿਤ ਸਾਲ 2023-24 ਅਤੇ 2024-25 ਦੌਰਾਨ ਪੰਜਾਬ ਦੀਆਂ 13 ਕਰੋੜ ਔਰਤਾਂ ਨੇ ਮੁਫ਼ਤ ਬੱਸ ਸਫਰ ਕੀਤਾ ਹੈ। ਇਹ ਗੱਲ ਪੰਜਾਬ ਦੀ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਆਖੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਇਸ ਪਹਿਲਕਦਮੀ ਸਦਕਾ ਔਰਤਾਂ ਘਰੋਂ ਬਾਹਰ ਨਿਕਲ ਰਹੀਆਂ ਹਨ ਅਤੇ ਸਿੱਖਿਆ, ਰੁਜ਼ਗਾਰ, ਸਿਹਤ ਤੇ ਹੋਰ ਜ਼ਰੂਰੀ ਸੇਵਾਵਾਂ ਤੱਕ ਆਸਾਨੀ ਨਾਲ ਪਹੁੰਚ ਕਰ ਰਹੀਆਂ ਹਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਔਰਤਾਂ ਦੀ ਸੁਰੱਖਿਆ ਨੂੰ ਪਹਿਲ ਦਿੰਦਿਆਂ ਹਾਲ ਹੀ ਵਿੱਚ ‘ਪ੍ਰੋਜੈਕਟ ਹਿਫਾਜ਼ਤ’ ਲਾਂਚ ਕੀਤਾ ਹੈ, ਜਿਸ ਦਾ ਮਕਸਦ ਔਰਤਾਂ ਲਈ ਸੁਰੱਖਿਅਤ ਵਾਤਾਵਰਨ ਮੁਹੱਈਆ ਕਰਵਾਉਣਾ ਹੈ। ਇਸ ਦੇ ਨਾਲ-ਨਾਲ ਕੰਮਕਾਜ ਕਰਨ ਵਾਲੀਆਂ ਔਰਤਾਂ ਨੂੰ ਰਿਹਾਇਸ਼ ਦੀ ਵਧੀਆ ਸੁਵਿਧਾ ਦੇਣ ਲਈ ਪੰਜਾਬ ਭਰ ਵਿੱਚ ਵਰਕਿੰਗ ਵਿਮੈਨ ਹੋਸਟਲ ਬਣਾਏ ਜਾਣ ਦੀ ਯੋਜਨਾ ਵੀ ਤਿਆਰ ਕੀਤੀ ਗਈ ਹੈ, ਜਿਸ ਨਾਲ ਉਹ ਆਪਣੀ ਨੌਕਰੀ ਅਤੇ ਜੀਵਨ ਨੂੰ ਬਿਨਾਂ ਕਿਸੇ ਚਿੰਤਾ ਦੇ ਬੇਫਿਕਰ ਹੋ ਕੇ ਬਤੀਤ ਕਰ ਸਕਣ।