ਪੁਸਤਕ ‘ਬੇਗੁਨਾਹਾਂ ਦੇ ਦੌਰ ਵਿੱਚ’ ਰਿਲੀਜ਼
ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 4 ਮਈ
ਕੈਨੇਡਾ ਵੱਸਦੇ ਪੰਜਾਬੀ ਨਾਟਕਕਾਰ ਹੀਰਾ ਸਿੰਘ ਰੰਧਾਵਾ ਦੀ ਨਾਟ ਪੁਸਤਕ ‘ਬੇਗੁਨਾਹਾਂ ਦੇ ਦੌਰ ਵਿੱਚ’ ਵਿਰਸਾ ਵਿਹਾਰ ’ਚ ਰਿਲੀਜ਼ ਕੀਤੀ ਗਈ। ਵਿਰਸਾ ਵਿਹਾਰ ਸੁਸਾਇਟੀ ਵੱਲੋਂ ਕੀਤੇ ਗਏ ਸਮਾਗਮ ਵਿੱਚ ਰੰਧਾਵਾ ਨੇ ਕਿਹਾ ਕਿ ਜਰਮਨ ਨਾਟਕਕਾਰ ਸੀਗਫ੍ਰੀਡ ਲੈਂਜ ਦੇ ਨਾਟਕ ‘ਟਾਇਮ ਆਫ ਦਾ ਇਨੋਸੈਂਟ’ ਦਾ ਇਹ ਪੰਜਾਬੀ ਰੂਪ ਹੈ, ਜਿਸ ਵਿਚ ਤਾਨਾਸ਼ਾਹੀ ਖਿਲਾਫ ਜੂਝਦੇ ਸੂਝਵਾਨ ਨੌਜਵਾਨਾਂ ਉੱਤੇ ਸੱਤਾ ਦੇ ਤਸ਼ੱਦਦ ਦੀ ਕਹਾਣੀ ਨੂੰ ਰੂਪਮਾਨ ਕੀਤਾ ਗਿਆ ਹੈ। ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਨੇ ਇਸ ਪੁਸਤਕ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਨਾਟਕ ਵਿਦਿਆਰਥੀਆਂ ਨੇ ਦਿੱਲੀ ਨੈਸ਼ਨਲ ਸਕੂਲ ਆਫ ਡਰਾਮਾ ਦੀ ਸਟੇਜ ਉੱਤੇ ਖੇਡਿਆ ਸੀ ਅਤੇ ਹੁਣ ਇਸ ਨੂੰ ਪੰਜਾਬ ਦੀਆਂ ਸਟੇਜਾਂ ਉੱਤੇ ਖੇਡਿਆ ਜਾਵੇਗਾ, ਕਿਉਂਕਿ ਇਹ ਅੱਜ ਦੇ ਹਾਲਾਤ ਮੁਤਾਬਿਕ ਢੁਕਵਾਂ ਤੇ ਸਾਰਥਕ ਹੈ। ਅਦਾਕਾਰ ਹਰਦੀਪ ਗਿੱਲ ਨੇ ਰੰਧਾਵਾ ਨਾਲ ਪੰਜ ਦਹਾਕਿਆਂ ਦੇ ਕਰੀਬ ਪੁਰਾਣੀ ਸਾਂਝ ਦਾ ਜ਼ਿਕਰ ਕੀਤਾ। ਅਨੀਤਾ ਦੇਵਗਨ ਨੇ ਹੀਰਾ ਸਿੰਘ ਦੀ ਇਸ ਪੁਸਤਕ ਦੀ ਆਮਦ ਤੇ ਉਨ੍ਹਾਂ ਦੇ ਕਾਰਜਾਂ ਦੀ ਸ਼ਲਾਘਾ ਕੀਤੀ। ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ ਦੇ ਪ੍ਰਧਾਨ ਭੁਪਿੰਦਰ ਸਿੰਘ ਸੰਧੂ, ਪੱਤਰਕਾਰ ਜਸਵੰਤ ਸਿੰਘ ਜੱਸ, ਪ੍ਰਿੰਸੀਪਲ ਦਰਸ਼ਨ ਕੌਰ ਸੋਹੀ, ਦਲਬੀਰ ਕੌਰ ਸੋਹੀ, ਅੱਖਰ ਮੈਗਜ਼ੀਨ ਦੇ ਸੰਪਾਦਕ ਹਰਮੀਤ ਆਰਟਿਸਟ, ਨਾਟਕਕਾਰ ਨਰਿੰਦਰ ਸਾਂਘੀ ਤੇ ਲੇਖਿਕਾ ਬਲਜੀਤ ਕੌਰ ਰੰਧਾਵਾ ਨੇ ਕਿਹਾ ਕਿ ਬੀਤੇ ਸਮਿਆਂ ਵਿੱਚ ਕੀਤੇ ਸਾਂਝੇ ਅਦਬੀ ਕਾਰਜਾਂ ਦੀਆਂ ਯਾਦਾਂ ਨੂੰ ਪੇਸ਼ ਕੀਤਾ।