ਪੁਲੀਸ ਨੇ ਰੇਲਵੇ ਸਟੇਸ਼ਨ ’ਤੇ ਤਲਾਸ਼ੀ ਮੁਹਿੰਮ ਚਲਾਈ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 8 ਅਪਰੈਲ
ਪੁਲੀਸ ਵੱਲੋਂ ਰੇਲਵੇ ਸਟੇਸ਼ਨ ’ਤੇ ਚਲਾਏ ਗਏ ਸਰਚ ਅਪਰੇਸ਼ਨ ਦਾ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਜਾਇਜ਼ਾ ਲਿਆ। ਸਰਚ ਅਪਰੇਸ਼ਨ ਦੌਰਾਨ ਪੁਲੀਸ ਨਾਲ ਜੀਆਰਪੀ, ਏਆਰਪੀ, ਆਰਪੀਐੱਫ ਅਤੇ ਪੰਜਾਬ ਪੁਲੀਸ ਦੇ ਜਵਾਨ ਸ਼ਾਮਿਲ ਸਨ। ਪੁਲੀਸ ਨੇ ਰੇਲਵੇ ਸਟੇਸ਼ਨ ’ਤੇ ਵੱਖ ਵੱਖ ਥਾਵਾਂ ’ਤੇ ਜਾਂਚ ਕੀਤੀ। ਰੇਲਵੇ ਸਟੇਸ਼ਨ ਦੇ ਅੰਦਰ ਅਤੇ ਬਾਹਰ ਸਾਰੇ ਖੇਤਰ ਵਿੱਚ ਸਰਚ ਅਪਰੇਸ਼ਨ ਚਲਾਇਆ ਗਿਆ। ਇਸ ਦੌਰਾਨ ਸ਼ੱਕੀ ਵਿਅਕਤੀਆਂ ਦੇ ਸਾਮਾਨ ਦੀ ਤਲਾਸ਼ੀ ਲਈ ਗਈ ਅਤੇ ਉਨ੍ਹਾਂ ਕੋਲੋਂ ਪੁੱਛਗਿਛ ਕੀਤੀ ਗਈ। ਰੇਲਵੇ ਸਟੇਸ਼ਨ ਦੇ ਅੰਦਰ ਅਤੇ ਬਾਹਰ ਸਟਾਲਾਂ ’ਤੇ ਸਨਿਫਰ ਡੋਗ ਦੀ ਮਦਦ ਨਾਲ ਚੈਕਿੰਗ ਕੀਤੀ ਗਈ। ਪਾਰਕਿੰਗ ਖੇਤਰ ਵਿੱਚ ਲੱਗੇ ਵਾਹਨਾਂ ਦੀ ਮਾਲਕੀ ਦੀ ਜਾਂਚ ਕੀਤੀ ਗਈ।
ਇਸ ਸਬੰਧੀ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਪੁਲੀਸ ਵੱਲੋਂ ਸ਼ਹਿਰ ਵਿੱਚ ਅਮਨ ਸ਼ਾਂਤੀ ਬਣਾਏ ਰੱਖਣ ਅਤੇ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਲਈ ਸ਼ਹਿਰ ਵਿੱਚ ਵੱਖ ਵੱਖ ਥਾਵਾਂ ’ਤੇ ਸਰਚ ਅਪਰੇਸ਼ਨ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੁਲੀਸ ਵਾਸਤੇ ਲੋਕਾਂ ਦੀ ਸੁਰੱਖਿਆ ਅਹਿਮ ਹੈ ਅਤੇ ਪੁਲੀਸ ਇਸ ਲਈ ਹਮੇਸ਼ਾ ਤਤਪਰ ਹੈ। ਉਨ੍ਹਾਂ ਦੱਸਿਆ ਕਿ ਸਰਚ ਆਪਰੇਸ਼ਨ ਦੌਰਾਨ ਪੰਜਾਬ ਪੁਲੀਸ ਨਾਲ ਰੇਲਵੇ ਪੁਲੀਸ, ਜੀਆਰਪੀ ਆਦਿ ਸਾਰਿਆਂ ਦਾ ਸਹਿਯੋਗ ਲਿਆ ਗਿਆ ਹੈ ਅਤੇ ਰੇਲਵੇ ਸਟੇਸ਼ਨ ਦੇ ਅੰਦਰ ਤੇ ਬਾਹਰ ਹਰ ਇੱਕ ਥਾਂ ’ਤੇ ਸਰਚ ਕੀਤੀ ਗਈ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪੁਲੀਸ ਨੂੰ ਸਹਿਯੋਗ ਦੇਣ ਅਤੇ ਕਿਸੇ ਵੀ ਤਰ੍ਹਾਂ ਦੀ ਸ਼ੱਕੀ ਗਤੀਵਿਧੀ ਅਤੇ ਵਿਅਕਤੀ ਸਬੰਧੀ ਸੂਚਨਾ ਪੁਲੀਸ ਨਾਲ ਸਾਂਝੀ ਕੀਤੀ ਜਾਵੇ। ਇਸ ਸਰਚ ਅਪਰੇਸ਼ਨ ਦੌਰਾਨ ਪੁਲੀਸ ਦੇ ਡੀਸੀਪੀ ਆਲਮ ਵਿਜੇ ਸਿੰਘ, ਏਡੀਸੀਪੀ, ਥਾਣਾ ਸਿਵਲ ਲਾਈਨ ਦੇ ਮੁੱਖ ਅਧਿਕਾਰੀ ਅਤੇ ਹੋਰ ਪੁਲੀਸ ਅਧਿਕਾਰੀ ਸ਼ਾਮਿਲ ਸਨ।