ਪੁਲਾੜ ਨਵੇਂ ਮੈਦਾਨ-ਏ-ਜੰਗ ਵਜੋਂ ਉਭਰ ਰਿਹੈ: ਜਨਰਲ
ਨਵੀਂ ਦਿੱਲੀ, 7 ਅਪਰੈਲ
ਚੀਫ ਆਫ ਡਿਫੈਂਸ ਸਟਾਫ (ਸੀਡੀਐੱਸ) ਜਨਰਲ ਅਨਿਲ ਚੌਹਾਨ ਨੇ ਅੱਜ ਕਿਹਾ ਕਿ ਮਨੁੱਖਤਾ ਅਜਿਹੇ ਯੁੱਗ ਦੀਆਂ ਬਰੂਹਾਂ ’ਤੇ ਖੜ੍ਹੀ ਹੈ ਜਿੱਥੇ ਪੁਲਾੜ ਖੇਤਰ ਜੰਗ ਦੇ ਇੱਕ ਨਵੇਂ ਮੈਦਾਨ ਵਜੋਂ ਉਭਰ ਰਿਹਾ ਹੈ। ਉਨ੍ਹਾਂ ਪੁਲਾੜ ’ਚ ਗਤੀਵਿਧੀਆਂ ਵਧਾਉਣ ਦੀ ਵੀ ਵਕਾਲਤ ਕੀਤੀ ਜਿਨ੍ਹਾਂ ’ਚ ਸਿਧਾਂਤ, ਖੋਜ ਤੇ ਸਮਰਪਿਤ ਜੰਗੀ ਸਕੂਲ ਵਿਕਸਤ ਕਰਨ ਜਿਹੇ ਤੱਤ ਸ਼ਾਮਲ ਹੋਣ।
ਚੌਹਾਨ ਨੇ ਇੱਥੇ ਭਾਰਤੀ ਰੱਖਿਆ ਪੁਲਾੜ ਸਿੰਪੋਜ਼ੀਅਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਅਹਿਮ ਹੈ ਕਿ ਨੇੜ ਭਵਿੱਖ ’ਚ ਸੈਨਾਵਾਂ ਕੋਲ ਆਪਣੇ ਖੁਦ ਦੇ ਪੁਲਾੜ ਜੰਗੀ ਸਕੂਲ ਵੀ ਹੋਣ। ਉਨ੍ਹਾਂ ਜੰਗ ’ਚ ਸਮੁੰਦਰੀ ਤੇ ਪੁਲਾੜ ਗਤੀਵਿਧੀਆਂ ਦੀ ਭੂਮਿਕਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਤੀਤ ’ਚ ਸਮੁੰਦਰੀ ਤਾਕਤ ਕਾਰਨ ਹੀ ਪੁਰਤਗਾਲੀ, ਸਪੈਨਿਸ਼, ਅੰਗਰੇਜ਼ ਤੇ ਡੱਚ ਦੁਨੀਆ ’ਤੇ ਭਾਰੂ ਰਹੇ ਹੋਣਗੇ। ਉਨ੍ਹਾਂ ਕਿਹਾ, ‘ਇਸੇ ਤਰ੍ਹਾਂ ਪੁਲਾੜ ਗਤੀਵਿਧੀਆਂ ਨੇ ਅਮਰੀਕਾ ਤੇ ਯੂਰਪੀ ਮੁਲਕਾਂ ਨੂੰ ਹਵਾਈ ਖੇਤਰ ’ਚ ਝੰਡਾ ਬੁਲੰਦ ਕਰਨ ’ਚ ਮਦਦ ਕੀਤੀ। ਇਨ੍ਹਾਂ ਦੋਵਾਂ ਖੇਤਰਾਂ ਦਾ ਦਾ ਜੰਗ ’ਤੇ ਸਥਾਈ ਪ੍ਰਭਾਵ ਪਿਆ ਹੈ। ਫੌਜੀ ਸ਼ਕਤੀ ਅਸਲ ਵਿੱਚ ਇਨ੍ਹਾਂ ਵਿਸ਼ੇਸ਼ ਗਤੀਵਿਧੀਆਂ ਦੇ ਵਿਕਾਸ ਤੇ ਇਸ ਲਈ ਸਮਰੱਥਾਵਾਂ ਦੇ ਨਿਰਮਾਣ ਦੁਆਲੇ ਕੇਂਦਰਿਤ ਰਹੀ ਹੈ।’ ਜਨਰਲ ਚੌਹਾਨ ਨੇ ਕਿਹਾ, ‘ਅੱਜ ਅਸੀਂ ਇੱਕ ਅਜਿਹੇ ਯੁਗ ਦੀਆਂ ਬਰੂਹਾਂ ’ਤੇ ਖੜ੍ਹੇ ਹਾਂ ਜਿੱਥੇ ਪੁਲਾੜ ਖੇਤਰ ਜੰਗ ਦੇ ਇੱਕ ਨਵੇਂ ਮੈਦਾਨ ਵਜੋਂ ਉਭਰ ਰਿਹਾ ਹੈ ਅਤੇ ਇਹ ਜੰਗ ’ਤੇ ਹਾਵੀ ਹੋਣ ਜਾ ਰਿਹਾ ਹੈ। ਜੰਗ ਦੇ ਸਾਰੇ ਤਿੰਨ ਮੁੱਢਲੇ ਤੱਤ (ਜ਼ਮੀਨ, ਸਮੁੰਦਰ ਤੇ ਹਵਾ) ਪੁਲਾੜ ’ਤੇ ਨਿਰਭਰ ਹੋਣਗੇ।’ ਉਨ੍ਹਾਂ ਕਿਹਾ, ‘ਇਸ ਲਈ ਜਦੋਂ ਅਸੀਂ ਕਹਿੰਦੇ ਹਾਂ ਕਿ ਪੁਲਾੜ ਦਾ ਇਨ੍ਹਾਂ ਤਿੰਨਾਂ ਤੱਤਾਂ ’ਤੇ ਪ੍ਰਭਾਵ ਪੈਣ ਵਾਲਾ ਹੈ ਤਾਂ ਇਹ ਅਹਿਮ ਹੈ ਕਿ ਅਸੀਂ ਪੁਲਾੜ ਨੂੰ ਸਮਝੀਏ। ਇਹ ਭਵਿੱਖ ’ਚ ਜੰਗ ਦੇ ਬੁਨਿਆਦੀ ਢਾਂਚੇ ਦਾ ਨਿਰਮਾਣ ਕਰਨ ਜਾ ਰਿਹਾ ਹੈ।’ -ਪੀਟੀਆਈ